ਨਿਯਮਾਂ ਦੀ ਅਣਦੇਖੀ ਕਰਨ ਵਾਲੇ ਵੈਂਡਰਾਂ ਖ਼ਿਲਾਫ਼ ਸਖ਼ਤੀ
ਮੁਕੇਸ਼ ਕੁਮਾਰ
ਚੰਡੀਗੜ੍ਹ, 27 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਨੇ ਵੈਂਡਰ ਐਕਟ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਣਅਧਿਕਾਰਤ ਵੈਂਡਿੰਗ ਗਤੀਵਿਧੀਆਂ ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਨਗਰ ਨਿਗਮ ਦੇ ਰਜਿਸਟਰਡ ਵੈਂਡਰਾਂ ਨੂੰ ਸਵੇਰੇ 6 ਤੋਂ ਰਾਤ 10 ਵਜੇ ਤੱਕ ਕੰਮ ਕਰਨ ਦੀ ਆਗਿਆ ਹੈ। ਨਿਗਮ ਦੇ ਇਨਫੋਰਸਮੈਂਟ ਵਿੰਗ ਦੁਆਰਾ ਇੱਕ ਤਾਜ਼ਾ ਮੁਹਿੰਮ ਦੌਰਾਨ, ਟੀਮ ਨੇ ਪਾਇਆ ਕਿ ਕੁਝ ਵੈਂਡਰ ਇਸ ਸਮੇਂ ਤੋਂ ਬਾਅਦ ਵੀ ਕੰਮ ਕਰ ਰਹੇ ਸਨ। ਇਸ ਦੇ ਜਵਾਬ ਵਿੱਚ ਬੀਤੀ ਦੇਰ ਰਾਤ ਨਗਰ ਨਿਗਮ ਦੀ ਐਨਫੋਰਸਮੈਂਟ ਵਿੰਗ ਟੀਮ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ-22 ਵਿੱਚ ਅਧਿਕਾਰਤ ਸਮੇਂ ਤੋਂ ਬਾਹਰ ਕੰਮ ਕਰਨ ਵਾਲੇ ਵੈਂਡਰਾਂ ਨੂੰ ਹਟਾਉਣ ਲਈ ਸਾਂਝੀ ਮੁਹਿੰਮ ਚਲਾਈ ਗਈ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਕਬਜ਼ਿਆਂ ਨੂੰ ਰੋਕਣ ਲਈ ਇਹ ਸਾਂਝੇ ਅਪਰੇਸ਼ਨ ਪੂਰੇ ਸ਼ਹਿਰ ਵਿੱਚ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਵਿੱਚ ਜਨਤਕ ਸੁਰੱਖਿਆ ਅਤੇ ਸਹੂਲਤ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਨਗਰ ਨਿਗਮ ਦੇ ਰਜਿਸਟਰਡ ਸਾਰੇ ਵੈਂਡਰਾਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਨਗਰ ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਜਨਤਕ ਥਾਵਾਂ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੈਂਡਰਾਂ ਨੂੰ ਹਟਾਉਣ ਤੋਂ ਇਲਾਵਾ, ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਨੇ ਕਾਰੋਬਾਰ ਦੇ ਨਿਰਧਾਰਤ ਸਮੇਂ ਤੋਂ ਬਾਅਦ ਵੈਂਡਿੰਗ ਸਾਈਟਾਂ ’ਤੇ ਛੱਡੀ ਸਮੱਗਰੀ ਨੂੰ ਵੀ ਜ਼ਬਤ ਕਰ ਲਿਆ ਅਤੇ ਵੈਂਡਰਾਂ ਵੱਲੋਂ ਤਾਣੀਆਂ ਗਈਆਂ ਤਰਪਾਲਾਂ ਨੂੰ ਵੀ ਹਟਾ ਦਿੱਤਾ ਗਿਆ ਹੈ।