ਬੇਸਮੈਂਟਾਂ ਵਿੱਚ ਚੱਲਦੇ ਕੋਚਿੰਗ ਸੈਂਟਰਾਂ ਖ਼ਿਲਾਫ਼ ਸਖ਼ਤੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਰਾਜਿੰਦਰ ਨਗਰ ਵਿੱਚ ਵਾਪਰੇ ਦਰਦਨਾਕ ਹਾਦਸੇ ਮਗਰੋਂ ਦਿੱਲੀ ਨਗਰ ਨਿਗਮ ਦੇ ਮੇਅਰ ਡਾ. ਸ਼ੈਲੀ ਓਬਰਾਏ ਸਖ਼ਤੀ ਦਾ ਰੁਖ਼ ਅਪਣਾ ਲਿਆ ਹੈ। ਮੰਗਲਵਾਰ ਨੂੰ ਉਨ੍ਹਾਂ ਖ਼ੁਦ ਉਤਰੀ ਤੇ ਪ੍ਰੀਤ ਵਿਹਾਰ ਵਿੱਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਬੇਸਮੈਂਟ ਵਿੱਚ ਚਲਾਏ ਜਾ ਰਹੇ ਕੋਚਿੰਗ ਸੈਂਟਰਾਂ ਦਾ ਨਿਰੀਖਣ ਕੀਤਾ।
ਇਸ ਦੌਰਾਨ ਜਦੋਂ ਮੇਅਰ ਸੰਸਕ੍ਰਿਤੀ ਅਕੈਡਮੀ ਦਾ ਮੁਆਇਨਾ ਕਰਨ ਆਏ ਤਾਂ ਉਨ੍ਹਾਂ ਦੇਖਿਆ ਕਿ ਬੇਸਮੈਂਟ ਦੇ ਅੰਦਰ ਜਮਾਤ ਚੱਲ ਰਹੀ ਸੀ। ਜਦੋਂ ਉਸ ਨੇ ਕੋਚਿੰਗ ਸੈਂਟਰ ਤੋਂ ਬੇਸਮੈਂਟ ਵਿੱਚ ਜਮਾਤਾਂ ਚਲਾਉਣ ਲਈ ਇਜਾਜ਼ਤ ਦੇ ਕਾਗਜ਼ ਮੰਗੇ ਤਾਂ ਪ੍ਰਬੰਧਕ ਉਨ੍ਹਾਂ ਨੂੰ ਦਿਖਾਉਣ ਵਿੱਚ ਅਸਫ਼ਲ ਰਹੇ। ਇਸ ਤੋਂ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਐੱਮਸੀਡੀ ਅਧਿਕਾਰੀਆਂ ਨੇ ਅਕੈਡਮੀ ਨੂੰ ਸੀਲ ਕਰ ਦਿੱਤਾ।
ਆਤਿਸ਼ੀ ਵੱਲੋਂ ਮੁੱਖ ਸਕੱਤਰ ’ਤੇ ਰਿਪੋਰਟ ਪੇਸ਼ ਨਾ ਕਰਨ ਦਾ ਦੋਸ਼
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਨੇ ਦਿੱਲੀ ਦੇ ਮੁੱਖ ਸਕੱਤਰ ’ਤੇ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਸਬੰਧੀ ਹੁਕਮ ਹੋਣ ਦੇ ਬਾਵਜੂਦ 24 ਘੰਟਿਆਂ ਵਿੱਚ ਵੀ ਰਿਪੋਰਟ ਪੇਸ਼ ਨਹੀਂ ਕੀਤੀ ਗਈ। ਉਨ੍ਹਾਂ ਇਸ ਬਾਬਤ ਇਕ ਪੱਤਰ ਵੀ ਐਕਸ ਉਪਰ ਪਾਇਆ। ਉਨ੍ਹਾਂ ਕਿਹਾ ਕਿ 29 ਜੁਲਾਈ ਸ਼ਾਮ 7.40 ਵਜੇ, ਉਨ੍ਹਾਂ ਨੂੰ ਡਿਵੀਜ਼ਨਲ ਕਮਿਸ਼ਨਰ ਤੋਂ ਸਿਰਫ ਇੱਕ ਘਟਨਾ ਦੀ ਰਿਪੋਰਟ ਪ੍ਰਾਪਤ ਹੋਈ ਤੇ ਦੱਸਿਆ ਗਿਆ ਕਿ ਜਾਂਚ ਵਿੱਚ 7 ਦਿਨ ਹੋਰ ਲੱਗਣਗੇ। ਆਤਿਸ਼ੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਜੇ ਤੱਕ ਮੁੱਖ ਸਕੱਤਰ ਤੋਂ ਘਟਨਾ ਬਾਰੇ ਕੋਈ ਅਧਿਕਾਰਤ ਰਿਪੋਰਟ ਜਾਂ ਸੂਚਨਾ ਨਹੀਂ ਮਿਲੀ ਸੀ। ਉਨ੍ਹਾਂ ਮੁੱਖ ਸਕੱਤਰ ਨੂੰ ਘਟਨਾ ਦੀ ਮੈਜਿਸਟ੍ਰੇਟ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ।