ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਨ ’ਤੇ ਤਣਾਅ
ਬੀਰਬਲ ਰਿਸ਼ੀ
ਸ਼ੇਰਪੁਰ, 26 ਜੁਲਾਈ
ਪਿੰਡ ਵਜ਼ੀਦਪੁਰ ਬਧੇਸਾ ਦੇ ਕਿਸਾਨ ਨਛੱਤਰ ਸਿੰਘ ਦੀ ਹੋਈ ਮੌਤ ਸਬੰਧੀ ਅੱਜ ਪਰਿਵਾਰ ਵੱਲੋਂ ਇਨਸਾਫ਼ ਪ੍ਰਾਪਤੀ ਤੱਕ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਤੇ ਸਸਕਾਰ ਕਰਨ ਤੋਂ ਇਨਕਾਰ ਕਰਨ ਮਗਰੋਂ ਸਥਿਤੀ ਤਣਾਪੂਰਵਕ ਬਣ ਗਈ ਪਰ ਬਾਅਦ ਦੁਪਹਿਰ ਤੱਕ ਮਸਲੇ ਨੂੰ ਸੁਲਝਾਉਣ ’ਤੇ ਲੱਗੇ ਪੁਲੀਸ ਅਧਿਕਾਰੀਆਂ ਦੇ ਪੱਲੇ ਨਿਰਾਸ਼ਾ ਹੀ ਲੱਈ। ਉਧਰ, ਮਰਹੂਮ ਦੇ ਪੁੱਤਰ ਹਰਦੀਪ ਸਿੰਘ ਨੇ ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਛੰਨਾ ਅਤੇ ਹੋਰ ਆਗੂਆਂ ਦੀ ਹਾਜ਼ਰੀ ’ਚ ਇਹ ਐਲਾਨ ਕੀਤਾ ਕਿ ਜੇ ਪੁਲੀਸ ਨੇ ਉਨ੍ਹਾਂ ਦੇ ਪਰਿਵਾਰ ਨਾਲ ਠੱਗੀ ਮਾਰਨ ਵਾਲੇ ਐੱਨਆਰਆਈਜ਼ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਨਾ ਕੀਤੀ ਤਾਂ ਕਿਸਾਨ ਜਥੇਬੰਦੀ ਦੇ ਸਹਿਯੋਗ ਨਾਲ 27 ਜੁਲਾਈ ਨੂੰ ਲਾਸ਼ ਕਸਬੇ ਦੇ ਚੌਕ ਵਿੱਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਰਦੀਪ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਜਗਦੀਪ ਸਿੰਘ ਨੂੰ ਕੈਨੇਡਾ ਭੇਜਣ ਲਈ ਇੱਕ ਐੱਨਆਰਆਈ ਰਿਸ਼ਤੇਦਾਰ ਨਾਲ ਗੱਲਬਾਤ ਹੋਈ ਜਨਿ੍ਹਾਂ ਉਸਨੂੰ ਕੈਨੇਡਾ ਭੇਜਣ ਲਈ 19 ਲੱਖ ਦੀ ਮੰਗ ਕੀਤੀ ਜਿਸ ਮਗਰੋਂ ਪੰਜ-ਪੰਜ ਲੱਖ ਦੋ ਵਾਰ ਦਿੱਤੇ ਅਤੇ ਬਾਕੀ 9 ਲੱਖ ਕੰਮ ਹੋਣ ਤੋਂ ਬਾਅਦ ਦੇਣ ਦੀ ਗੱਲ ਨਿੱਬੜੀ। ਜਗਦੀਪ ਸਿੰਘ ਨੂੰ ਕੈਨੇਡਾ ਨਾ ਭੇਜੇ ਜਾਣ ’ਤੇ ਜਦੋਂ ਉਨ੍ਹਾਂ ਦੇ ਮਰਹੂਮ ਪਿਤਾ ਨਛੱਤਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਬੰਧਤ ਐਨਆਰਆਈਜ਼ ਤੋਂ ਆਪਣੇ ਰੁਪਏ ਵਾਪਸ ਮੰਗੇ ਤਾਂ ਉਹ ਸਾਫ਼ ਮੁੱਕਰ ਗਏ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਿਤਾ ਇਸ ਸਦਮੇ ਨੂੰ ਬਰਦਾਸ਼ਤ ਨਾ ਕਰ ਸਕਿਆ ਜਿਸਨੂੰ ਦਿਲ ਦਾ ਦੌਰਾ ਪਿਆ ਤੇ ਕਈ ਦਨਿ ਬਿਮਾਰ ਰਹਿਣ ਮਗਰੋਂ ਉਸਦੀ ਮੌਤ ਹੋ ਗਈ। ਪਰਿਵਾਰ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਸਬੰਧਤ ਐੱਨਆਰਆਈਜ਼ ਖ਼ਿਲਾਫ਼ ਕਾਰਵਾਈ ਲਈ ਬੇਨਤੀ ਕੀਤੀ ਪਰ ਕਈ ਦਨਿ ਬੀਤ ਜਾਣ ’ਤੇ ਵੀ ਸਬੰਧਤ ਇਨਕੁਆਰੀ ਅਫ਼ਸਰ ਨੇ ਕਾਰਵਾਈ ਪੜਤਾਲ ਤੋਂ ਅੱਗੇ ਨਹੀਂ ਵਧਾਈ। ਐੱਸਐੱਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਸਲੇ ਸਬੰਧੀ ਮੀਟਿੰਗ ’ਚ ਹਨ। ਸਬੰਧਤ ਇਨਕੁਆਰੀ ਅਫ਼ਸਰ ਨੇ ਕਿਹਾ ਕਿ ਪੜਤਾਲ ਚੱਲ ਰਹੀ ਹੈ।