For the best experience, open
https://m.punjabitribuneonline.com
on your mobile browser.
Advertisement

ਭਾਰਤ-ਫਰਾਂਸ ਸਬੰਧਾਂ ਦੀ ਮਜ਼ਬੂਤੀ

06:15 AM Aug 08, 2023 IST
ਭਾਰਤ ਫਰਾਂਸ ਸਬੰਧਾਂ ਦੀ ਮਜ਼ਬੂਤੀ
Advertisement

ਕੇ ਪੀ ਨਾਇਰ

ਭਾਰਤ ਦੇ ਵਿਦੇਸ਼ੀ ਰਿਸ਼ਤਿਆਂ ਵਿਚੋਂ ਜਿਹੜਾ ਵਕਤ ਦੇ ਨਾਲ ‘ਮਜ਼ਬੂਤ ਤੋਂ ਵੀ ਵੱਧ ਮਜ਼ਬੂਤ’ ਹੋ ਰਿਹਾ ਹੈ, ਉਹ ਹੈ ਭਾਰਤ ਦਾ ਫਰਾਂਸ ਨਾਲ ਰਿਸ਼ਤਾ। ਇਸ ਨੂੰ ਤਿੰਨ ਚੀਜ਼ਾਂ ਨੇ ਸੰਭਵ ਬਣਾਇਆ ਹੈ। ਅਣਕਿਹਾ ਇਤਿਹਾਸ, ਨਰਮ ਤਾਕਤ ਦੀ ਮਜ਼ਬੂਤੀ ਪਰ ਇਸ ਸਭ ਕਾਸੇ ਤੋਂ ਕਿਤੇ ਵੱਧ, ਕਿਸੇ ਰਿਸ਼ਤੇ ਦੇ ਚੌਤਰਫ਼ਾ ਵਿਕਾਸ ਲਈ ਸਹੀ ਲੋਕਾਂ ਨੂੰ ਸਹੀ ਥਾਂ ਉਤੇ ਲਾਉਣਾ, ਭਾਵੇਂ ਅਜਿਹਾ ਇਤਫ਼ਾਕਵੱਸ ਹੀ ਹੋਵੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਬੰਧੀ ਦੋਵੇਂ ਮੁਲਕਾਂ ਦੀਆਂ ਇਕ ਤੋਂ ਬਾਅਦ ਦੂਜੀਆਂ ਸਰਕਾਰਾਂ ਵਿਚਕਾਰ ਵਿਚਾਰਾਂ ਦੀ ਇਕਸਾਰਤਾ, ਉਨ੍ਹਾਂ ਦੇ ਆਗੂਆਂ ਦਰਮਿਆਨ ਬਿਹਤਰ ਤਾਲਮੇਲ ਅਤੇ ਆਲਮੀ ਮਾਮਲਿਆਂ ਵਿਚ ਸਾਂਝੇ ਹਿੱਤਾਂ ਸਦਕਾ ਮਦਦ ਮਿਲੀ ਪਰ ਇਹ ਗੱਲ ਤਾਂ ਭਾਰਤ ਦੇ ਹੋਰ ਕਈ ਦੋਸਤ ਮੁਲਕਾਂ ਬਾਰੇ ਵੀ ਆਖੀ ਜਾ ਸਕਦੀ ਹੈ। ਸਿਰਫ਼ ਇਕੱਲੇ ਇਨ੍ਹਾਂ ਪੱਖਾਂ ਨੇ ਹੀ ਹੋਰ ਮੁਲਕਾਂ ਨਾਲ ਸਾਡੀ ਦੋਸਤੀ ਨੂੰ ਹੋਰ ਵੱਧ ਤੋਂ ਵੱਧ ਮਜ਼ਬੂਤ ਨਹੀਂ ਬਣਾਇਆ। ਦਰਅਸਲ, ਇਹੋ ਇਕੱਲੇ ਹੋਰਨਾਂ ਰਿਸ਼ਤਿਆਂ ਦੇ ਇਕ ਖ਼ਾਸ ਮੁਕਾਮ ਉਤੇ ਜਾ ਕੇ ਖੜੋਤ ਦਾ ਸ਼ਿਕਾਰ ਹੋ ਜਾਣ ਦਾ ਕਾਰਨ ਹਨ: ਉਹ ਸ਼ਾਨਦਾਰ ਤਾਂ ਹਨ ਪਰ ਉਨ੍ਹਾਂ ਵਿਚ ਉਹੋ ਜਿਹਾ ਜਾਦੂ ਅਤੇ ਖ਼ਾਸ ਖਿੱਚ ਨਹੀਂ ਜਿਹੋ ਜਿਹੀ ਖ਼ੁਸ਼ਮਿਜ਼ਾਜੀ ਫਰਾਂਸ-ਭਾਰਤ ਰਿਸ਼ਤਿਆਂ ਵਿਚ ਹੈ।
ਸਭ ਤੋਂ ਪਹਿਲਾਂ ਸੰਸਲੇਸ਼ਣ (ਮਿਲਾਪ) ਦਾ ਅਣਕਿਹਾ ਇਤਿਹਾਸ ਜਿਸ ਨੇ ਉਨ੍ਹਾਂ ਫਰਾਂਸੀਸੀ ਨਾਗਰਿਕਾਂ ਦਾ ਨਿਵੇਕਲਾ ਭਾਈਚਾਰਾ ਪੈਦਾ ਕੀਤਾ ਹੈ ਜਿਹੜੇ ਭਾਰਤੀ (ਭਾਰਤੀਆਂ ਵਰਗੇ) ਤਾਂ ਦਿਖਾਈ ਦਿੰਦੇ ਹਨ ਪਰ ਕਿਸੇ ਭਾਰਤੀ ਭਾਸ਼ਾ ਦਾ ਇਕ ਸ਼ਬਦ ਵੀ ਨਹੀਂ ਬੋਲਦੇ ਅਤੇ ਫਰਾਂਸੀਸੀ ਲੋਕਾਂ ਵਰਗੀ ਹੀ ਜ਼ਿੰਦਗੀ ਜਿਊਂਦੇ ਹਨ। ਉਹ ਭਾਰਤੀਆਂ-ਅਮਰੀਕੀਆਂ ਵਰਗੇ ਨਹੀਂ, ਨਾ ਹੀ ਬਰਤਾਨਵੀ-ਭਾਰਤੀਆਂ ਜਾਂ ਕੈਰਬਿੀਅਨ ਜਾਂ ਪ੍ਰਸ਼ਾਂਤ ਖ਼ਿੱਤੇ ਦੇ ਟਾਪੂਆਂ ਵਿਚਲੇ ਭਾਰਤੀਆਂ ਦੇ ਵੰਸ਼ਜਾਂ ਵਰਗੇ ਜਿਨ੍ਹਾਂ ਨੂੰ ਆਮ ਤੌਰ ’ਤੇ ਗਿਰਮਿਤੀਆ (ਜਹਾਜੀ-Girmitiyas) ਆਖਿਆ ਜਾਂਦਾ ਹੈ। ਗਿਰਮਿਤੀਆ ‘ਇਕਰਾਰਨਾਮਿਆਂ’ ਦਾ ਅਪਭਰੰਸ਼ ਸ਼ਬਦ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਬਰਤਾਨਵੀ ਹਕੂਮਤ ਵੱਲੋਂ ਵੱਖ ਵੱਖ ਮੁਲਕਾਂ ਵਿਚ ਵੱਖੋ-ਵੱਖ ਫ਼ਸਲਾਂ ਦੀ ਖੇਤੀ ਲਈ ਲਿਜਾਇਆ ਗਿਆ ਸੀ। ਗਿਰਮਿਤੀਆ ਲੋਕ ਅੱਜ ਵੀ ਦਿਲੋਂ ਭਾਰਤੀ ਹਨ।
ਦੂਜੇ ਪਾਸੇ ਮਾਰੀਸ਼ਸ਼ ਦੇ ਨੇੜੇ ਰੀਯੂਨੀਅਨ ਆਈਲੈਂਡ ਵਿਚ 2.80 ਲੱਖ ਭਾਰਤੀ ਮੂਲ ਦੇ ਲੋਕ ਹਨ ਜਿਹੜੇ ਫਰਾਂਸੀਸੀ ਨਾਗਰਿਕ ਹਨ ਅਤੇ ਉਹ ਫਰਾਂਸੀਸੀਆਂ ਜਿੰਨੇ ਹੀ ਫਰਾਂਸੀਸੀ ਹਨ। ਐਂਟੀਗੂਆ ਨੇੜੇ ਗੁਆਡਲੂਪ ਅਤੇ ਬਰਬੂਡਾ ਵਿਚ 60 ਹਜ਼ਾਰ ਭਾਰਤੀ ਹਨ ਜਦੋਂਕਿ ਮਾਰਟੀਨਿਕ ਅਤੇ ਸੇਂਟ ਮਾਰਟਿਨ ਵਿਚ ਥੋੜ੍ਹੀ ਪਰ ਅਹਿਮ ਗਿਣਤੀ ਵਿਚ ਫਰਾਂਸੀਸੀ-ਭਾਰਤੀ ਹਨ। ਇਹ ਕੈਰੀਬਿਅਨ ਟਾਪੂ ਹਨ। ਇਹ ਸਾਰੇ ਫਰਾਂਸ ਦੇ ਸਮੁੰਦਰ-ਪਾਰਲੇ ਇਲਾਕੇ ਹਨ। ਇਨ੍ਹਾਂ ਵਿਚੋਂ ਬਹੁਤੇ ਭਾਰਤੀ ਮੂਲ ਦੇ ਫਰਾਂਸੀਸੀ ਲੋਕਾਂ ਨੇ ਬੈਸਟਿਲ ਡੇਅ ਪਰੇਡ ਨੂੰ ਬੜੇ ਮਾਣ ਨਾਲ ਦੇਖਿਆ ਪਰ ਉਨ੍ਹਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਥੇ ਹਾਜ਼ਰੀ ਇਤਫ਼ਾਕੀਆ ਘਟਨਾ ਸੀ। ਦੂਜੇ ਪਾਸੇ ਹਾਲ ਹੀ ਵਿਚ ਫਰਾਂਸ ਆਏ 10 ਹਜ਼ਾਰ ਜਾਂ ਉਸ ਤੋਂ ਵੱਧ ਲੋਕਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਸੀ ਜਿਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਅਤੇ ਪੇਸ਼ੇਵਰ ਹਨ ਜਿਹੜੇ ਵੀਰਵਾਰ ਨੂੰ ਪੈਰਿਸ ਸਥਿਤ ਸੇਗੁਇਨ ਆਈਲੈਂਡ ਵਿਖੇ ਨਰਿੰਦਰ ਮੋਦੀ ਦੇ ਭਾਰਤੀ ਲੋਕਾਂ ਨੂੰ ਸੰਬੋਧਨ ਨੂੰ ਸੁਣਨ ਪੁੱਜੇ ਸਨ।
ਮੋਦੀ ਨੇ ਫਰਾਂਸ ਦੀ ਮੁੱਖ ਧਰਤੀ ਦੇ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਭਾਰਤੀ ਜਿਥੇ ਵੀ ਜਾਂਦੇ ਹਾਂ, ਯਕੀਨਨ ਉਥੇ ਮਿੰਨੀ ਭਾਰਤ ਬਣਾ ਲੈਂਦੇ ਹਾਂ।” ਫਰਾਂਸ ਵਿਚ ਕਰੀਬ 109000 ਪਰਵਾਸੀ ਭਾਰਤੀ ਹਨ ਜਿਹੜੇ ਸਾਰੇ ਦੇਸ਼ ਵਿਚ ਫੈਲੇ ਹੋਏ ਹਨ। ਉਨ੍ਹਾਂ ਦੀ ਇਹ ਉਪਰੋਕਤ ਟਿੱਪਣੀ ਸਿਰਫ਼ ਨਵੇਂ ਆਏ ਭਾਰਤੀਆਂ ਬਾਰੇ ਹੀ ਸੱਚ ਹੈ। ਬਾਕੀ ਭਾਰਤੀ ਤਾਂ ਫਰਾਂਸ ਦੀ ਮਗ਼ਰਬੀ ਅਰਬ (ਉੱਤਰੀ ਅਫ਼ਰੀਕਾ ਦੇ ਅਰਬ) ਆਬਾਦੀ ਦੇ ਉਲਟ ਬੜਾ ਲੰਬਾ ਸਮਾਂ ਪਹਿਲਾਂ ਫਰਾਂਸੀਸੀ ਸਮਾਜ ਵਿਚ ਰਚਮਿਚ ਗਏ ਹਨ। ਇਸ ਨਾਲ ਫਰਾਂਸ ਦੇ ਲੋਕਾਂ ਅਤੇ ਸਰਕਾਰ ਲਈ ਭਾਰਤ ਵਿਚਲੀਆਂ ਫਰਾਂਸ ਦੀਆਂ ਸਾਬਕਾ ਬਸਤੀਆਂ ਪੁਡੂਚੇਰੀ, ਕਰਾਇਕਲ, ਯਾਨਮ, ਮਾਹੇ ਅਤੇ ਚੰਦਰਨਗਰ ਵੱਲ ਉਸ ਤਰੀਕੇ ਤੋਂ ਵੱਖਰੀ ਤਰ੍ਹਾਂ ਦੇਖਣਾ ਸੰਭਵ ਹੋ ਗਿਆ ਜਿਵੇਂ ਦੂਜੀਆਂ ਯੂਰੋਪੀਅਨ ਬਸਤੀਵਾਦੀ ਸ਼ਕਤੀਆਂ ਸਮੇਤ ਬਰਤਾਨੀਆ ਆਪਣੀਆਂ ਸਾਬਕਾ ਬਸਤੀਆਂ ਵੱਲ ਦੇਖਦੇ ਹਨ। ਭਾਰਤ ਵਿਚ ਫਰਾਂਸੀਸੀ ਬਸਤੀਵਾਦ ਨੂੰ ਇਤਿਹਾਸ ’ਚ ਘੱਟ ਕਰ ਕੇ ਦੇਖਿਆ ਗਿਆ ਪਰ ਇਸ ਨਾਲ ਭਾਰਤ ਅਤੇ ਫਰਾਂਸ ਨੂੰ ਬਰਾਬਰੀ ਵਾਲਾ ਆਪਸੀ ਵਰਤ-ਵਿਹਾਰ ਕਰਨ ਵਿਚ ਮਦਦ ਮਿਲੀ ਜਦੋਂਕਿ ਭਾਰਤ ਵਿਚ ਬਸਤੀਵਾਦੀ ਹਕੂਮਤ ਦੇ ਖ਼ਾਤਮੇ ਪਿੱਛੋਂ ਐਂਗਲੋ-ਸੈਕਸਨਾਂ (ਬਰਤਾਨਵੀਆਂ) ਵੱਲੋਂ ਆਪਣੇ ਵਿਹਾਰ ਵਿਚ ਅਜਿਹੀ ਤਬਦੀਲੀ ਤੱਕ ਪਹੁੰਚਣ ਨੂੰ ਕਾਫ਼ੀ ਸਮਾਂ ਲੱਗਾ।
ਦੋ, ਸਹੀ ਲੋਕਾਂ ਨੂੰ ਸਹੀ ਸਮੇਂ ਉਤੇ ਸਹੀ ਥਾਂ ਰੱਖਣਾ ਅਹਿਮ ਰਿਹਾ। ਵਿਦੇਸ਼ ਮੰਤਰਾਲੇ ਨੇ 2016 ਵਿਚ ਆਪਣੇ ਪੈਰਿਸ ਸਥਿਤ ਸਫ਼ਾਰਤਖ਼ਾਨੇ ਵਿਚ ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿਚ ਭਰਤੀ ਹੋਈ ਇਕੋ ਇਕ ਤੇ ਪਹਿਲੀ ਨੇਤਰਹੀਣ ਅਫਸਰ ਨੂੰ ਤਾਇਨਾਤ ਕੀਤਾ। ਬੇਨੋ ਜ਼ੇਫੀਨ ਛੇਤੀ ਹੀ ਪੈਰਿਸ ਵਿਚ ਬਹੁਤ ਮਸ਼ਹੂਰ ਹਸਤੀ ਬਣ ਗਈ। ਉਸ ਦੀ ਇਹ ਕਹਾਣੀ ਲੋਕ ਕਥਾਵਾਂ ਵਰਗਾ ਜਾਪਦੀ ਹੈ ਕਿ ਉਹ ਜਦੋਂ ਕੱਚੀ ਪਹਿਲੀ ਜਮਾਤ ਵਿਚ ਸੀ ਤਾਂ ਫਰਾਂਸੀਸੀ ਭਾਸ਼ਾ ਸਿੱਖਣ ਲਈ ਚੇਨਈ ਸਥਿਤ ਅਲਿਆਂਸ ਫਰਾਂਸੇਜ਼ ਵਿਖੇ ਗਈ ਸੀ। ਇਸ ਗੱਲ ਦਾ ਫਰਾਂਸੀਸੀ ਲੋਕਾਂ ਵਿਚ ਬੜਾ ਭਾਵਨਾਤਮਕ ਸੁਨੇਹਾ ਗਿਆ ਜੋ ਆਪਣੀ ਭਾਸ਼ਾ ਪ੍ਰਤੀ ਬਹੁਤ ਜਨੂਨੀ ਹਨ। ਜਦੋਂ ਉਹ ਆਈਐੱਫਐੱਸ ਵਿਚ ਭਰਤੀ ਹੋਈ ਤਾਂ ਉਸ ਨੇ ਲਾਜ਼ਮੀ ਸਿੱਖਣ ਵਾਲੀ ਵਿਦੇਸ਼ੀ ਭਾਸ਼ਾ ਵਜੋਂ ਫਰਾਂਸੀਸੀ ਭਾਸ਼ਾ ਦੀ ਚੋਣ ਕੀਤੀ। ਜਦੋਂ ਉਸ ਦੀ ਇਹ ਕਹਾਣੀ ਸਾਰੇ ਫਰਾਂਸ ਵਿਚ ਫੈਲੀ ਤਾਂ ਪੈਰਿਸ ਦੇ ਅੱਠ ਅਦਾਰਿਆਂ ਨੇ ਉਸ ਨੂੰ ਫਰਾਂਸੀਸੀ ਭਾਸ਼ਾ ਪੜ੍ਹਾਉਣ ਦੀ ਪੇਸ਼ਕਸ਼ ਕੀਤੀ ਪਰ ਉਸ ਵਕਤ ਪੈਰਿਸ ਵਿਚ ਭਾਰਤੀ ਰਾਜਦੂਤ ਮੋਹਨ ਕੁਮਾਰ ਨੇ ਜ਼ੇਫੀਨ ਲਈ ਨਿਜੀ ਟਿਊਟਰ ਵਜੋਂ ਨੇਤਰਹੀਣ ਫਰਾਂਸੀਸੀ ਅਧਿਆਪਿਕਾ ਲੱਭ ਲਈ ਜਿਸ ਨੇ ਇਸ ਯੁਵਾ ਸਫ਼ੀਰ ਨੂੰ ਗੱਲਬਾਤ ਰਾਹੀਂ ਅਤੇ ਬਰੇਲ ਲਿਪੀ ਰਾਹੀਂ ਫਰਾਂਸੀਸੀ ਭਾਸ਼ਾ ਸਿਖਾਈ। ਰਾਜਦੂਤ ਨੇ ਜ਼ੇਫੀਨ ਨੂੰ ਅੰਦਰੂਨੀ ਦਫ਼ਤਰੀ ਕੰਮ ਦੇਣ ਦੀ ਥਾਂ ਵੱਧ ਤੋਂ ਵੱਧ ਜਨਤਕ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਮੌਕਾ ਵੀ ਦਿੱਤਾ। ਛੇਤੀ ਹੀ ਇਸ ਮੈਗਾਸਿਟੀ ਵਿਚ ਭਾਰਤੀ ਸਫ਼ਾਰਤਖ਼ਾਨਾ ਆਪਣੀ ਸਮਰੱਥਾ ਤੋਂ ਕਿਤੇ ਵੱਡੀ ਕਾਰਗੁਜ਼ਾਰੀ ਦਿਖਾ ਰਿਹਾ ਸੀ ਕਿਉਂਕਿ ਉਥੇ ਅਜਿਹੀਆਂ ਕਹਾਣੀਆਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।
ਇਕ ਇਸੇ ਤਰ੍ਹਾਂ ਦੀ ਪਰ ਵੱਖਰੇ ਮੋੜ ਵਾਲੀ ਕਹਾਣੀ ਇਸ ਵੇਲੇ ਪੈਰਿਸ ਵਿਚ ਚੱਲ ਰਹੀ ਹੈ। ਪੈਰਿਸ ਵਿਚ ਭਾਰਤੀ ਮਿਸ਼ਨ ਦੇ ਉਪ ਮੁਖੀ ਕੇਐੱਮ ਪਰਫੁੱਲਚੰਦਰ ਸ਼ਰਮਾ ਆਯੁਰਵੈਦਿਕ ਡਾਕਟਰ ਹਨ ਜੋ ਇਸ ਪ੍ਰਾਚੀਨ ਇਲਾਜ ਪ੍ਰਣਾਲੀ ਦੀ ਵਿਚ ਇਲਾਜ ਤੇ ਸਰਜਰੀ ਕਰਨ ਲਈ ਯੋਗ ਹਨ। ਕੋਵਿਡ-19 ਦੌਰਾਨ ਫਰਾਂਸੀਸੀ ਲੋਕਾਂ ਵਿਚ ਆਯੁਰਵੇਦ ਤੇ ਯੋਗ ਦੀ ਮਕਬੂਲੀਅਤ ਸਿਖਰਾਂ ਉਤੇ ਪੁੱਜ ਗਈ। ਹੁਣ ‘ਮੌਂਸਿਓ ਡਾਕਟਰ’ (ਭਾਵ ਡਾਕਟਰ ਸਾਹਿਬ), ਜਿਵੇਂ ਫਰੈਂਚ ਭਾਸ਼ਾ ਬੋਲਣ ਵਾਲੇ ਸ਼ਰਮਾ ਅੱਜ ਕੱਲ੍ਹ ਫਰਾਂਸੀਸੀਆਂ ਵਿਚ ਜਾਣੇ ਜਾਂਦੇ ਹਨ, ਵੀ ਪੈਰਿਸ ਵਿਚ ਉਵੇਂ ਹੀ ਮਸ਼ਹੂਰ ਹਨ ਜਿਵੇਂ ਆਪਣੇ ਕਰਜਕਾਲ ਦੌਰਾਨ ਜ਼ੇਫੀਨ ਸੀ। ਮੌਂਸਿਓ ਡਾਕਟਰ ਦੇ ਸਦਕਾ ਹੀ ਸਫ਼ਾਰਤਖ਼ਾਨੇ ਵੱਲੋਂ ਤੰਦਰੁਸਤੀ ਤੇ ਭਲਾਈ ਪ੍ਰਤੀ ਸਮੁੱਚੀ ਪਹੁੰਚ ਨਾਲ ਬੀਤੇ ਸਾਲ ਅਕਤੂਬਰ ਮਹੀਨੇ ‘ਆਯੁਰਵੇਦ ਦਿਵਸ’ ਮਨਾਇਆ ਗਿਆ ਜਿਸ ਸੀ ਸਾਰੀ ਦੇਖ-ਰੇਖ ਸ਼ਰਮਾ ਨੇ ਕੀਤੀ। ਮੋਦੀ ਵੱਲੋਂ ਆਪਣੀ ਫੇਰੀ ਦੌਰਾਨ ਕੀਤੀਆਂ ਵੱਖ-ਵੱਖ ਮੀਟਿੰਗਾਂ ਵਿਚੋਂ ਇਕ ਯੋਗ ਅਧਿਆਪਿਕਾ ਸ਼ਾਰਲਟ ਸ਼ੋਪੈਨ ਨਾਲ ਸੀ ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਬੀਬੀ ਸ਼ਾਰਲਟ ਨੂੰ ਕਿਹਾ ਕਿ ਉਹ ‘ਫਰਾਂਸ ਵਿਚ ਯੋਗ ਨੂੰ ਉਤਸ਼ਾਹਿਤ ਕਰਨ ਲਈ ਲਾਸਾਨੀ ਕੰਮ’ ਕਰ ਰਹੀ ਹੈ।
ਅਖ਼ੀਰ, ਫਰਾਂਸ ਵਿਚ ਭਾਰਤ ਦੀ ਨਰਮ ਤਾਕਤ। ਬਿਨਾਂ ਸ਼ੱਕ ਜਦੋਂ ਮੋਦੀ ਨੇ ਯੂਰੋਪ ਦੇ ਨਵੇਂ ਸੱਭਿਆਚਾਰਕ ਟਿਕਾਣੇ ਲਾ ਸਿਨੇ ਮਿਊਜ਼ੀਕੇਲ ਵਿਖੇ ਸੰਬੋਧਨ ਕੀਤਾ ਤਾਂ ਉਨ੍ਹਾਂ ਨੂੰ ਸੁਣਨ ਲਈ ਭਾਰੀ ਭੀੜ ਜਮ੍ਹਾਂ ਹੋਈ ਸੀ। ਇਹ ਕੇਂਦਰ 2017 ਵਿਚ ਟਾਪੂ ਉਤੇ ਉਸ ਥਾਂ ਖੋਲ੍ਹਿਆ ਗਿਆ ਹੈ ਜਿਥੇ ਪਹਿਲਾਂ ਰੈਨੋ ਕੰਪਨੀ ਦੀ ਵਾਹਨ ਬਣਾਉਣ ਵਾਲੀ ਫੈਕਟਰੀ ਹੁੰਦੀ ਸੀ ਪਰ ਮੋਦੀ ਨੂੰ ਸੁਣਨ ਵਾਲੇ ਸਾਰੇ ਭਾਰਤੀ ਅਤੇ ਭਾਰਤੀ ਮੂਲ ਦੇ ਫਰਾਂਸੀਸੀ ਲੋਕ ਹੀ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਜਦੋਂ ਮੋਦੀ ਸੇਗੁਇਨ ਆਈਲੈਂਡ ਗਏ ਸਨ ਤਾਂ ਉਥੇ ਹਫ਼ਤਾ ਭਰ ਚੱਲਣ ਵਾਲੇ ਪ੍ਰੋਗਰਾਮ ‘ਨਮਸਤੇ ਫਰਾਂਸ’ ਵਿਚ ਵੱਖੋ-ਵੱਖ ਕੌਮੀਅਤਾਂ ਦੇ ਹਜ਼ਾਰਾਂ ਲੋਕ ਪੁੱਜੇ ਸਨ। ਲਾ ਸਿਨੇ ਮਿਊਜ਼ੀਕੇਲ ਵਿਖੇ ਭਾਰਤ ਦੀ ਸੱਭਿਆਚਾਰਕ ਵੰਨ-ਸਵੰਨਤਾ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਫਰਾਂਸੀਸੀ ਲੋਕਾਂ ਲਈ ਇਹ ਤੋਹਫ਼ੇ ਵਰਗੀ ਗੱਲ ਸੀ: ਉਥੇ ਹੱਥੀਂ ਬਣਾਈਆਂ ਦਸਤਕਾਰੀ ਦੀਆਂ ਵਸਤਾਂ, ਕਾਰੀਗਰਾਂ ਦਾ ਬਾਜ਼ਾਰ, ਨਾਚ ਰਾਹੀਂ ਕਹਾਣੀ ਸੁਣਾਉਣਾ, ਕੁਚੀਪੁੜੀ, ਕੱਥਕ ਅਤੇ ਉਡੀਸੀ ਨਾਚ ਦੀਆਂ ਪੇਸ਼ਕਾਰੀਆਂ, ‘ਭਗਤੀ ਉਤਸਵ’ ਜਿਸ ਵਿਚ ਬਾਂਬੇ ਜੈਸ੍ਰੀ, ਉਸਤਾਦ ਚਾਂਦ ਅਫ਼ਜ਼ਲ, ਪੰਡਿਤ ਰਵੀ ਜੋਸ਼ੀ ਅਤੇ ਮਾਧਵਨ ਨਾਮਪੂਤਿਰੀ ਵਰਗੇ ਕਈ ਲੋਕ ਸ਼ਾਮਲ ਸਨ ਅਤੇ ਨਾਲ ਹੀ ਹੋਰ ਬਹੁਤ ਕੁਝ ਪੇਸ਼ ਕੀਤਾ ਗਿਆ ਸੀ। ਉਦੋਂ ਸੱਭਿਆਚਾਰਕ ਜੁਗਲਬੰਦੀ ਹੋਈ ਜਦੋਂ ਫਰਾਂਸੀਸੀ ਸੰਗੀਤਕਾਰ ਮੈਥੀਅਰ ਡੂਪਲੇਸੀ ਨੇ ਰਾਜਸਥਾਨ ਦੇ ਮੁਖ਼ਤਿਆਰ ਅਲੀ ਨਾਲ ਮਿਲ ਕੇ ਪੇਸ਼ਕਾਰੀ ਦਿੱਤੀ। ਇਥੋਂ ਤੱਕ ਕਿ ਅਰੁਣਾਚਲ ਪ੍ਰਦੇਸ਼ ਵਰਗੇ ਦੂਰ-ਦਰਾਜ਼ ਦੇ ਸੂਬਿਆਂ ਨੂੰ ਵੀ ਪੈਰਿਸੀਆਂ ਦਾ ਮਨੋਰੰਜਨ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਿਨਾਂ ਮੋਦੀ ਤੋਂ ਪਹਿਲਾਂ ਵੱਖੋ-ਵੱਖਰੇ ਸਮਾਗਮਾਂ ਦੌਰਾਨ ਐਲ ਸੁਬਰਾਮਨੀਅਮ ਅਤੇ ਅਮਜਦ ਅਲੀ ਖ਼ਾਨ ਨੇ ਸੇਗੁਇਨ ਆਈਲੈਂਡ ਵਿਖੇ ਪੇਸ਼ਕਾਰੀਆਂ ਦਿੱਤੀਆਂ, ਜਦੋਂ ਹਾਲ ਖਚਾਖਚ ਭਰੇ ਹੋਏ ਸਨ।
ਫਰਾਂਸ ਅਤੇ ਭਾਰਤ ਦੇ ਆਪਸ ਵਿਚ ਜੁੜਨ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਦੋਵਾਂ ਮੁਲਕਾਂ ਦੇ ਹਰ ਕਿਸੇ ਲਈ ਕੁਝ ਨਾ ਕੁਝ ਜ਼ਰੂਰ ਹੈ; ਭਾਰਤ ਦੇ ਅਮਰੀਕਾ, ਕੈਨੇਡਾ, ਜਰਮਨੀ ਜਾਂ ਜਪਾਨ ਆਦਿ ਨਾਲ ਸਬੰਧਾਂ ਵਿਚ ਅਜਿਹਾ ਨਹੀਂ ਹੈ। ਮੋਦੀ ਦੀ ਫਰਾਂਸ ਫੇਰੀ ਵੱਲ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਭਾਰਤੀਆਂ ਨੂੰ ਫਰਾਂਸ ਤੋਂ ਵਿਗਿਆਨਕ ਸਹਿਯੋਗ ਮਿਲੇਗਾ, ਟਿਕਾਊ ਵਿਕਾਸ ਅਤੇ ਸੂਖਮ ਵਿੱਤ ਸਬੰਧੀ ਫ਼ਾਇਦੇ ਹੋਣਗੇ। ਦੂਜੇ ਪਾਸੇ ਫਰਾਂਸ ਆਪਣੇ ਦ੍ਰਿਸ਼ਟੀਕੋਣ ਵਿਚਲੀ ਭਾਰਤ ਦੀ ਸ਼ਾਨ, ਇਸ ਦੇ ਰਹਿਣ-ਸਹਿਣ ਅਤੇ ਜੀਵਨ ਸ਼ੈਲੀ ਤੋਂ ਅਚੰਭਿਤ ਹੁੰਦਾ ਰਹੇਗਾ।
*ਲੇਖਕ ਰਣਨੀਤਕ ਵਿਸ਼ਲੇਸ਼ਕ ਹੈ।

Advertisement

Advertisement
Author Image

joginder kumar

View all posts

Advertisement
Advertisement
×