ਧਰਨੇ ਦੀ ਤਿਆਰੀ ਲਈ ਨੁੱਕੜ ਮੀਟਿੰਗਾਂ
ਪੱਤਰ ਪ੍ਰੇਰਕ
ਰਤੀਆ, 6 ਜਨਵਰੀ
ਇੱਥੇ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਵਲੋਂ 7 ਜਨਵਰੀ ਨੂੰ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮਜ਼ਦੂਰਾਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਪਿੰਡ ਖੁੰਡਨ, ਮਾਣਕਪੁਰ, ਨਕਟਾ, ਬਾਰੀਬਾਦੀ, ਨਾਗਪੁਰ, ਅਲੀਕਾ, ਕਲੋਠਾ, ਲਾਲਵਾਸ, ਲਾਲੀ ਵਿੱਚ ਹੋਈ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਤਜਿੰਦਰ ਸਿੰਘ ਰਤੀਆ ਨੇ ਕਿਹਾ ਕਿ ਮਜ਼ਦੂਰ ਸਭਾ ਦੇ ਵਰਕਰਾਂ ਵੱਲੋਂ 7 ਜਨਵਰੀ ਨੂੰ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਮਨਰੇਗਾ ਐਕਟ ਨੂੰ ਲਾਗੂ ਕਰਨਾ ਹੈ। ਸਾਰੇ ਪਿੰਡਾਂ ਨੂੰ 200 ਦਿਨ ਦੀ ਦਿਹਾੜੀ ਦਿੱਤੀ ਜਾਵੇ, ਵੱਧ ਰਹੀ ਮਹਿੰਗਾਈ ਨੂੰ ਰੋਕਿਆ ਜਾਵੇ, ਨਸ਼ਾਖੋਰੀ ਬੰਦ ਕੀਤੀ ਜਾਵੇ, ਸਿੱਖਿਆ, ਸਿਹਤ, ਸਾਫ਼ ਪਾਣੀ ਅਤੇ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਵਿੱਚ ਵੰਡੀਆਂ ਜਾਣ, ਕਿਰਤ ਕਾਨੂੰਨ ਬਹਾਲ ਕੀਤੇ ਜਾਣ। ਇਸ ਮੌਕੇ ਧਨਵੰਤ ਸਿੰਘ, ਭਜਨ ਸਿੰਘ, ਬਲਵਿੰਦਰ ਕ੍ਰਾਂਤੀ, ਗੁਰਚਰਨ ਸਿੰਘ, ਵਰਿੰਦਰ ਸਿੰਘ, ਬਲਦੇਵ ਸਿੰਘ ਹਾਜ਼ਰ ਸਨ।