ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣੀ ‘ਸਤ੍ਰੀ 2’
ਮੁੰਬਈ:
ਅਦਾਕਾਰਾ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਫ਼ਿਲਮ ‘ਸਤ੍ਰੀ 2’ ਨੇ ਇਤਿਹਾਸ ਰਚ ਦਿੱਤਾ ਹੈ। ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਸ਼ਾਹਰੁਖ ਖਾਨ ਦੀ ‘ਜਵਾਨ’ ਨੂੰ ਪਛਾੜ ਦਿੱਤਾ ਹੈ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਐਕਸ ’ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਫ਼ਿਲਮ ‘ਸਤ੍ਰੀ 2’ ਨੇ ‘ਜਵਾਨ’ ਦਾ ਲਾਈਫਟਾਈਮ ਬਿਜ਼ਨਸ ਪਾਰ ਕਰ ਲਿਆ ਹੈ। ਹੁਣ ਅਗਲਾ ਪੜਾਅ 600 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣਾ ਹੈ। ਉਸ ਨੇ ਦੱਸਿਆ ਕਿ ਫ਼ਿਲਮ ਨੇ ਪੰਜਵੇਂ ਹਫ਼ਤੇ ਸ਼ੁੱਕਰਵਾਰ ਨੂੰ 3.60 ਕਰੋੜ, ਸ਼ਨਿਚਰਵਾਰ ਨੂੰ 5.55, ਐਤਵਾਰ ਨੂੰ 6.85, ਸੋਮਵਾਰ ਨੂੰ 3.17, ਮੰਗਲਵਾਰ ਨੂੰ 2.65 ਕਰੋੜ ਭਾਵ ਕੁੱਲ 586 ਕਰੋੜ ਰੁਪਏ ਕਮਾਏ। ਫ਼ਿਲਮ ਰਿਲੀਜ਼ ਹੋਣ ਮਗਰੋਂ ਆਪਣੇ ਪੰਜਵੇਂ ਹਫ਼ਤੇ ਵਿੱਚ ਵੀ ਦਰਸ਼ਕਾਂ ਨੂੰ ਖਿੱਚ ਰਹੀ ਹੈ। ਫ਼ਿਲਮ ਨੇ ਇਕੱਲੇ ਦੂਜੇ ਹਫਤੇ ਵਿੱਚ 453.60 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ। ਮੂਲ ਰੂਪ ਵਿੱਚ 2018 ਵਿੱਚ ਰਿਲੀਜ਼ ਹੋਈ ਪਹਿਲੀ ਕਿਸ਼ਤ ‘ਸਤ੍ਰੀ’ ਪਹਿਲਾਂ ਤੋਂ ਹੀ ਵੱਡੀ ਹਿੱਟ ਫ਼ਿਲਮ ਸੀ, ਜਿਸ ਨੇ ਆਪਣੀ ਅਗਲੀ ਕਿਸ਼ਤ ਲਈ ਵੱਡੀਆਂ ਉਮੀਦਾਂ ਜਗਾ ਦਿੱਤੀਆਂ ਸਨ। ਫ਼ਿਲਮ ‘ਸਤ੍ਰੀ 2’ ਉਨ੍ਹਾਂ ਉਮੀਦਾਂ ਨੂੰ ਪਾਰ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਨੇ ਦੇਸ਼ ਭਰ ਦੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਕਬਜ਼ਾ ਕਰ ਲਿਆ ਹੈ। ਅਮਰ ਕੌਸ਼ਿਕ ਵੱਲੋਂ ਬਣਾਈ ਇਸ ਫ਼ਿਲਮ ਵਿੱਚ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ ਅਤੇ ਅਪਾਰਸ਼ਕਤੀ ਖੁਰਾਣਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। -ਏਐੱਨਆਈ