ਆਵਾਰਾ ਕੁੱਤਿਆਂ ਨੇ ਛੇ ਸਾਲਾ ਬੱਚੇ ਨੂੰ ਨੋਚ ਕੇ ਮਾਰਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਜਨਵਰੀ
ਅੱਜ ਇੱਥੇ ਲੋਪੋਕੇ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਟਪਿਆਲਾ ਵਿੱਚ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਨੋਚ ਕੇ ਮਾਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਸ਼ਹਿਬਾਜ਼ (6) ਵਜੋਂ ਹੋਈ। ਸ਼ਹਿਬਾਜ਼ ਆਪਣੀ ਭੈਣ ਦੇ ਨਾਲ ਦਾਦਾ-ਦਾਦੀ ਕੋਲ ਰਹਿੰਦਾ ਸੀ ਕਿਉਂਕਿ ਉਸ ਦੇ ਪਿਤਾ ਸਰਬਜੀਤ ਸਿੰਘ ਵਿਦੇਸ਼ ਵਿੱਚ ਰਹਿੰਦੇ ਸਨ, ਜਦੋਂਕਿ ਉਸ ਦੀ ਮਾਂ ਕਥਿਤ ਤੌਰ ’ਤੇ ਆਪਣੇ ਮਾਪਿਆਂ ਨਾਲ ਰਹਿੰਦੀ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਹਿਬਾਜ਼ ਪਹਿਲੀ ਦਾ ਵਿਦਿਆਰਥੀ ਸੀ। ਅੱਜ ਉਸ ਦੇ ਦਾਦਾ ਉਸ ਨੂੰ ਸਕੂਲੋਂ ਲੈ ਕੇ ਆਏ ਸਨ। ਆਪਣਾ ਬੈਗ ਰੱਖ ਕੇ ਉਹ ਖੇਡਣ ਲਈ ਬਾਹਰ ਚਲਾ ਗਿਆ। ਉਹ ਕੱਟੀ ਪਤੰਗ ਦੇ ਪਿੱਛੇ ਭੱਜਿਆ। ਦੌੜਦਾ ਹੋਇਆ ਉਹ ਹੱਡਾ ਰੋੜੀ ਨੇੜੇ ਪਹੁੰਚ ਗਿਆ, ਜਿੱਥੇ ਕੁੱਤਿਆਂ ਦੇ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀਆਂ ਚੀਕਾਂ ਸੁਣ ਕੇ ਕੁਝ ਰਾਹਗੀਰ ਉਸ ਨੂੰ ਬਚਾਉਣ ਲਈ ਭੱਜੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਵਾਰਾ ਕੁੱਤੇ ਉਸ ਨੂੰ ਛੱਡ ਨਹੀਂ ਰਹੇ ਸਨ, ਜਦੋਂ ਤੱਕ ਉਸ ਨੂੰ ਕੁੱਤਿਆਂ ਕੋਲੋਂ ਛੁਡਵਾਇਆ ਗਿਆ, ਉਸ ਦੇ ਸਿਰ ਅਤੇ ਗਰਦਨ ’ਤੇ ਗੰਭੀਰ ਸੱਟਾਂ ਲੱਗ ਗਈਆਂ। ਰਾਹਗੀਰਾਂ ਨੇ ਘਟਨਾ ਦੀ ਸੂਚਨਾ ਉਸ ਦੇ ਦਾਦਾ-ਦਾਦੀ ਨੂੰ ਦਿੱਤੀ, ਜਿਨ੍ਹਾਂ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।