ਅਵਾਰਾ ਕੁੱਤਿਆਂ ਨੇ ਨੌਜਵਾਨ ਨੂੰ ਨੋਚ-ਨੋਚ ਕੇ ਖਾਧਾ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 29 ਅਪਰੈਲ
ਇਥੇ ਪਿੰਡ ਰਾਮਗੜ੍ਹ ਭੁੱਲਰ ਵਿੱਚ ਇੱਕ ਨਸ਼ੇ ’ਚ ਧੁੱਤ ਨੌਜਵਾਨ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਦਰਦਨਾਕ ਘਟਨਾ ਦਾ ਸ਼ਿਕਾਰ ਹੋਏ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਦੀਪਾ ਵਾਸੀ ਪਿੰਡ ਮਲਸੀਹਾਂ ਭਾਈ ਕੇ ਦੀ ਵਜੋਂ ਹੋਈ ਹੈ।
ਮ੍ਰਿਤਕ ਦੀ ਮਾਂ ਸਵਰਨ ਕੌਰ ਨੇ ਦੱਸਿਆ ਕਿ ਹਰਦੀਪ ਸਿੰਘ ਦਾ ਆਪਣੀ ਘਰਵਾਲੀ ਨਾਲ ਪਿਛਲੇ ਲਗਭੱਗ ਤਿੰਨ ਸਾਲਾਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ, ਹਰਦੀਪ ਦੀ ਘਰਵਾਲੀ ਆਪਣੀ ਬੇਟੀ ਅਤੇ ਬੇਟੇ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਰਾਮਗੜ੍ਹ ਭੁੱਲਰ ਵਿੱਚ ਆਪਣੇ ਮਾਪਿਆਂ ਕੋਲ ਰਹਿ ਰਹੀ ਸੀ। ਪੰਚਾਇਤੀ ਤੌਰ ’ਤੇ ਹਰਦੀਪ ਸਿੰਘ ਨੇ ਸਮੇਤ ਪਰਿਵਾਰ ਕਈ ਵਾਰ ਆਪਣੀ ਪਤਨੀ ਨੂੰ ਸਮਝਾ-ਬੁਝਾ ਕੇ ਆਪਣੇ ਪਿੰਡ ਮਲਸੀਹਾਂ ਭਾਈ ਕੇ ਜਾਣ ਲਈ ਮਨਾਉਣ ਦੇ ਯਤਨ ਕੀਤੇ, ਜੋ ਸਫ਼ਲ ਨਾ ਹੋ ਸਕੇ। ਬੀਤੇ ਦਿਨ ਸ਼ਰਾਬ ਦੇ ਨਸ਼ੇ ’ਚ ਹਰਦੀਪ ਸਿੰਘ ਆਪਣੀ ਘਰਵਾਲੀ ਨੂੰ ਮਨਾਉਣ ਲਈ ਆਪ ਸਹੁਰੇ ਘਰ ਪਿੰਡ ਰਾਮਗੜ੍ਹ ਭੁੱਲਰ ਗਿਆ, ਉਸ ਨੇ ਆਪਣੇ ਸਹੁਰੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਉਸ ਨੂੰ ਦਰਵਾਜ਼ਾ ਨਾ ਖੋਲਿਆ। ਅਖੀਰ ਉਹ ਉੱਥੇ ਹੀ ਪਿੰਡ ਦੇ ਗੁਰੂ ਘਰ ਦੇ ਸਾਹਮਣੇ ਡਿੱਗ ਪਿਆ ਤੇ ਸਾਰੀ ਰਾਤ ਉੱਥੇ ਹੀ ਪਿਆ ਰਿਹਾ, ਜਿਥੇ ਉਸ ਨੂੰ ਪਿੰਡ ਦੇ ਅਵਾਰਾ ਕੁੱਤਿਆਂ ਨੇ ਸਾਰੀ ਰਾਤ ਨੋਚ-ਨੋਚ ਖਾ ਲਿਆ। ਹਰਦੀਪ ਦੇ ਸਰੀਰ ਦੇ ਬਹੁਤੇ ਹਿੱਸੇ ਨੂੰ ਕੁੱਤਿਆਂ ਨੇ ਇਸ ਕਦਰ ਨੋਚਿਆ ਹੋਇਆ ਸੀ ਕਿ ਹੱਡੀਆਂ ਸਾਫ ਨਜ਼ਰ ਆ ਰਹੀਆਂ ਸਨ।
ਮੌਤ ਦੇ ਮੂੰਹ ਜਾ ਪਏ ਹਰਦੀਪ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਮਗੜ੍ਹ ਭੁੱਲਰ ਪਹੁੰਚ ਕੇ ਹਰਦੀਪ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮਜ਼ਦੂਰ ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਚਿੰਤਤ ਰਹਿੰਦਾ ਸੀ ਤੇ ਆਪਣੇ ਭਰਾ ਅਤੇ ਮਾਂ ਨਾਲ ਰਹਿੰਦਾ ਸੀ। ਉਸਦੀ 10 ਸਾਲ ਦੀ ਲੜਕੀ ਅਤੇ 7 ਸਾਲ ਦਾ ਲੜਕਾ ਹੈ। ਪੁਲੀਸ ਮਾਮਲੇ ਦੀ ਛਾਣਬੀਣ ’ਚ ਜੁੱਟ ਗਈ ਹੈ।