ਆਵਾਰਾ ਕੁੱਤਿਆਂ ਵੱਲੋਂ ਕਿਸਾਨ ’ਤੇ ਹਮਲਾ
ਨਿੱਜੀ ਪੱਤਰ ਪ੍ਰੇਰਕ
ਘਨੌਰ, 24 ਜੂਨ
ਨੇੜਲੇ ਪਿੰਡ ਅਲੀ ਮਾਜਰਾ ਦੇ ਇਕ ਕਿਸਾਨ ‘ਤੇ ਹੱਡਾ ਰੋੜੀ ਦੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਦੀ ਰਾਹਗੀਰਾਂ ਨੇ ਜਾਨ ਬਚਾਈ। ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ ਵਾਂਗ ਵੱਡੇ ਤੜਕੇ ਸਬਜ਼ੀ ਮੰਡੀ ਰਾਜਪੁਰਾ ਵਿੱਚ ਭਿੰਡੀਆਂ ਵੇਚਣ ਲਈ ਆਇਆ ਸੀ। ਉਸ ਨੇ ਆਪਣੀ ਸਬਜ਼ੀ ਆਪਣੇ ਚਚੇਰੇ ਭਰਾ ਕੋਲ ਵੇਚਣ ਲਈ ਰੱਖ ਦਿੱਤੀ ਅਤੇ ਆਪ ਖੇਤੀ ਦੇ ਹੋਰ ਕੰਮ ਕਰਨ ਲਈ ਵਾਪਸ ਪਿੰਡ ਅਲੀ ਮਾਜਰਾ ਵਿੱਚ ਪਰਤ ਰਿਹਾ ਸੀ, ਜਦੋਂ ਉਹ ਰਾਜਪੁਰਾ-ਅੰਬਾਲਾ ਰੋਡ ਨਜ਼ਦੀਕ ਪੱਚੀ ਦਰਾ (ਗੰਦਾ ਨਾਲ਼ਾ) ਕੋਲ ਪਹੁੰਚਿਆ ਤਾਂ ਉੱਥੇ ਬਣੀ ਹੱਡਾ ਰੋੜੀ ਵਿੱਚ ਬੈਠੇ ਇਕ ਦਰਜਨ ਤੋਂ ਵੱਧ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਜਾਨ ਬਚਾਉਣ ਲਈ ਆਪਣਾ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਭਜਾਉਣਾ ਚਾਹਿਆ ਪਰ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਹੇਠਾਂ ਸੁੱਟ ਲਿਆ। ਉਧਰੋਂ ਰਸਤੇ ਵਿਚ ਆ ਰਹੇ ਰਾਹਗੀਰਾਂ ਨੇ ਕੁੱਤਿਆਂ ਨੂੰ ਇੱਟਾਂ ਰੋੜਿਆਂ ਨਾਲ ਦੂਰ ਭਜਾਇਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਕਿਸਾਨ ਨੇ ਦੱਸਿਆ ਕਿ ਜੇਕਰ ਰਾਹਗੀਰ ਨਾ ਹੁੰਦੇ ਤਾਂ ਇਨ੍ਹਾਂ ਆਵਾਰਾ ਕੁੱਤਿਆਂ ਨੇ ਉਸ ਨੂੰ ਨੋਚ ਲੈਣਾ ਸੀ। ਉਸ ਨੇ ਦੱਸਿਆ ਕਿ ਮੋਟਰਸਾਈਕਲ ਤੋਂ ਡਿੱਗਣ ਕਾਰਨ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਚੱਲ ਰਿਹਾ ਹੈ ਪਰ ਹੁਣ ਉਹ ਠੀਕ ਹੈ। ਕਿਸਾਨ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੱਡਾ ਰੋੜੀ ਦੇ ਇਨ੍ਹਾਂ ਆਵਾਰਾ ਕੁੱਤਿਆਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।