ਪਰਾਲੀ ਪ੍ਰਦੂਸ਼ਣ: ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਅਦਾਲਤੀ ਕਾਰਵਾਈ
ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਨਵੰਬਰ
ਸੂਬੇ ’ਚ ਕਿਸਾਨਾਂ ਖ਼ਿਲਾਫ਼ ਧੜਾਧੜ ਪਰਚੇ ਦਰਜ ਹੋਣ ਬਾਅਦ ਵੀ ਪਰਾਲੀ ਸਾੜਨ ਦਾ ਵਰਤਾਰਾ ਨਹੀਂ ਰੁਕ ਰਿਹਾ। ਇਥੇ ਜ਼ਿਲ੍ਹੇ ’ਚ ਹੁਣ ਤੱਕ 150 ਤੋਂ ਵੱਧ ਕਿਸਾਨਾਂ ਖ਼ਿਲਾਫ਼ ਕਰੀਬ 250 ਐੱਫ਼ਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਥੇ ਅਦਾਲਤ ’ਚ ਇੱਕ ਗਜ਼ਟਿਡ ਅਧਿਕਾਰੀ ਸਮੇਤ 6 ਖ਼ਿਲਾਫ਼ ਦੋਸ਼ ਪੱਤਰ ਦਿੱਤਾ ਗਿਆ ਹੈ। ਦੋਸ਼ੀ ਸਾਬਤ ਹੋਣ ’ਤੇ ਅਧਿਕਾਰੀਆਂ ਨੂੰ ਇਕ ਕਰੋੜ ਜੁਰਮਾਨਾ, ਪੰਜ ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਵਿਸੇਸ਼ ਸਾਰੰਗਲ ਨੇ ਕਿਹਾ ਕਿ ਕੋਈ ਵੀ ਕਿਸਾਨ ਖੇਤ ’ਚ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਜੁਰਮਾਨਾ ਅਤੇ ਸਜ਼ਾ ਦੇਣ ਦੇ ਨਾਲ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਅਤੇ ਐੱਸਐੱਚਓਜ਼ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਸਾਰੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਨੂੰ ਅਗਲੇ 10 ਦਿਨ ਛੁੱਟੀ ਨਾ ਦੇਣ ਤੇ ਸਰਕਾਰੀ ਛੁੱਟੀ ਹੋਣ ਬਾਵਜੂਦ ਖੇਤਾਂ ਉੱਤੇ ਨਿਗਰਾਨੀ ਕਰਨ ਦੀ ਹਦਾਇਤ ਕੀਤੀ ਹੈ। ਜਾਣਕਾਰੀ ਅਨੁਸਾਰ ਸੀਜੇਐਮ ਬਾਘਾਪੁਰਾਣਾ ਦੀ ਅਦਾਲਤ ’ਚ ਬੀਡੀਪੀਓ ਰੁਪਿੰਦਰਜੀਤ ਕੌਰ, ਨੋਡਲ ਅਫ਼ਸਰ ਬਲਵਿੰਦਰ ਸਿੰਘ, ਜਗਜੀਤ ਸਿੰਘ ਚਾਹਲ, ਜਗਜੀਤ ਸਿੰਘ ਅਤੇ ਜਸਪਾਲ ਸਿੰਘ (ਚਾਰੋ ਗ੍ਰਾਮ ਰੁਜ਼ਗਾਰ ਸਹਾਇਕ) ਰਾਜਵਿੰਦਰ ਸਿੰਘ ਇੰਸਪੈਕਟਰ ਸਹਿਕਾਰੀ ਸਭਾਵਾਂ ਕਮ ਕਲੱਸਟਰ ਅਫਸਰ ਖ਼ਿਲਾਫ਼ ਨੈਸ਼ਨਲ ਕੈਪੀਟਲ ਐਂਡ ਐਡਜੋਆਇਨਿੰਗ ਏਰੀਆਜ਼ ਐਕਟ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀ ਧਾਰਾ 14(1) ਤਹਿਤ ਕਾਨੂੰਨੀ ਕਾਰਵਾਈ ਲਈ ਦੋਸ਼ ਪੱਤਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਨੋਡਲ ਅਫਸਰ ਪਰਗਟਜੀਤ ਸਿੰਘ ਪਿੰਡ ਕਿਸ਼ਨਪੁਰਾ ਕਲਾਂ ਖ਼ਿਲਾਫ਼ ਅਦਾਲਤ ’ਚ ਦੋਸ਼ ਪੱਤਰ ਅਤੇ ਦੋ ਐੱਸਡੀਐੱਮਜ਼,ਬੀਡੀਪੀਓ, ਥਾਣਾ ਮੁਖੀਆਂ ਅਤੇ ਨੋਡਲ ਅਫ਼ਸਰਾਂ ਨੂੰ ਜਵਾਬ ਤਲਬੀ ਨੋਟਿਸ ਜਾਰੀ ਕੀਤੇ ਗਏ ਹਨ।