ਪਰਾਲੀ ਪ੍ਰਦੂਸ਼ਣ: ਲੰਬੀ ਹਲਕੇ ’ਚ ਪੰਜ ਕਿਸਾਨਾਂ ਖ਼ਿਲਾਫ਼ ਕੇਸ ਦਰਜ
ਇਕਬਾਲ ਸਿੰਘ ਸ਼ਾਂਤ
ਲੰਬੀ, 13 ਨਵੰਬਰ
ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਜਾਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਖ਼ਿਲਾਫ਼ ਕਾਨੂੰਨੀ ਸਖ਼ਤ ਵਧ ਗਈ ਹੈ। ਲੰਬੀ ਹਲਕੇ ਵਿੱਚ ਪੰਜ ਕਿਸਾਨਾਂ ਖਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 223 ਅਤੇ 280 ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੜਿੰਗ ਖੇੜਾ ਵਿਚ ਪਰਾਲੀ ਪ੍ਰਬੰਧਨ ਟੀਮ ਦੇ ਨੋਡਲ ਅਫ਼ਸਰ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਵਿੱਚ ਘਿਰਿਆ ਕਿਸਾਨ ਹੈਪੀ ਸਿੰਘ ਵੀ ਸ਼ਾਮਲ ਹੈ। ਥਾਣਾ ਕਿੱਲਿਆਂਵਾਲੀ (ਆਰਜ਼ੀ) ਵੱਲੋਂ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ ਦਰਜ ਮੁਕੱਦਮਿਆਂ ਵਿੱਚ ਹੈਪੀ ਸਿੰਘ ਵਾਸੀ ਵੜਿੰਗ ਖੇੜਾ, ਭੀਟੀਵਾਲਾ ਦੇ ਕਿਸਾਨ ਜਰਨੈਲ ਸਿੰਘ ਅਤੇ ਚਰਨਜੀਤ ਸਿੰਘ, ਕੰਦੂਖੇੜਾ ਦੇ ਗੁਰਚਰਨ ਸਿੰਘ ਅਤੇ ਗੰਡਾ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਕਿੱਲਿਆਂਵਾਲੀ ਦੇ ਮੁਨਸ਼ੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਵੜਿੰਗ ਖੇੜਾ ਦੇ ਕਿਸਾਨ ਹੈਪੀ ਸਿੰਘ ਵੱਲੋਂ ਪਰਾਲੀ ਪ੍ਰਬੰਧਨ ਟੀਮ ਦੇ ਨੋਡਲ ਅਫ਼ਸਰ ਗੁਰਮੀਤ ਸਿੰਘ ਨਾਲ ਮਾਰ-ਕੁੱਟ ਦੇ ਮਾਮਲੇ ਲਿਖਤੀ ਖਾਮੀ ਮਹਿਸੂਸ ਕਰਨ ’ਤੇ ਰਾਜ਼ੀਨਾਮਾ ਹੋ ਗਿਆ ਹੈ। ਮੁਨਸ਼ੀ ਨੇ ਕਿਹਾ ਕਿ ਪਰਾਲੀ ਸਾੜਨ ਦੇ ਦਰਜ ਪੰਜ ਮੁਕੱਦਮਿਆਂ’ ਵਿੱਚ ਨਾਮਜ਼ਦ ਪੰਜ ਕਿਸਾਨਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਸਾਨਾਂ ਖਿਲਾਫ਼ ਦਰਜ ਕੇਸਾਂ ਦੀ ਨਿਖੇਧੀ ਕਰਦਿਆਂ ਕਿ ਅੱਠ ਫ਼ੀਸਦੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ ਜਦਕਿ 51 ਫ਼ੀਸਦ ਪ੍ਰਦੂਸ਼ਣ ਫੈਲਾਉਣ ਵਾਲੇ ਫੈਕਟਰੀ ਸਨਅਤਕਾਰਾਂ ਨੂੰ ਪਾਕ-ਸਾਫ਼ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਪਰਾਲੀ ਸਾੜਨ ਦੇ ਦਰਜ ਮੁਕੱਦਮਿਆਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।