ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ ਦੀਆਂ ਸਮੱਸਿਆਵਾਂ
ਪ੍ਰੋ. ਅਰਵਿੰਦ
ਤੱਥ ਤੇ ਤਰਕ
ਪੰਜਾਬ ਵਿਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਤੇ ਇਸ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਅਕਤੂਬਰ ਨਵੰਬਰ ਦੇ ਮਹੀਨਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣਦਾ ਹੈ। ਦਿੱਲੀ ਵਿਚ ਇਨ੍ਹੀਂ ਦਿਨੀਂ ਹਵਾ ਬਹੁਤ ਪ੍ਰਦੂਸ਼ਿਤ ਹੋ ਜਾਂਦੀ ਹੈ ਅਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦਿੱਲੀ ਦੀ ਹਵਾ ਦਾ ਮਿਆਰ ਏਨਾ ਮਾੜਾ ਹੋ ਜਾਂਦਾ ਹੈ ਕਿ ਸਕੂਲ ਬੰਦ ਕਰਨੇ ਪੈਂਦੇ ਹਨ, ਸਾਹ ਨਾਲ ਸਬੰਧਿਤ ਰੋਗਾਂ ਵਿਚ ਬਹੁਤ ਵਾਧਾ ਹੁੰਦਾ ਹੈ ਤੇ ਦਿੱਲੀ ਵਾਸੀਆਂ ਦੀ ਸਿਹਤ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਦਿੱਲੀ ਭਾਰਤ ਦੀ ਰਾਜਧਾਨੀ ਹੈ। ਇਸ ਲਈ ਇਹ ਮਸਲਾ ਕੌਮਾਂਤਰੀ ਭਾਈਚਾਰੇ ਸਾਹਮਣੇ ਭਾਰਤ ਦੀ ਨਮੋਸ਼ੀ ਦਾ ਕਾਰਨ ਵੀ ਬਣਦਾ ਹੈ। ਹਰ ਵਾਰ ਅਖ਼ਬਾਰਾਂ, ਸੋਸ਼ਲ ਮੀਡੀਆ, ਸਰਕਾਰੀ ਫਰਮਾਨਾਂ ਅਤੇ ਹੋਰ ਸੂਚਨਾਵਾਂ ਵਿਚ ਝੋਨੇ ਦੀ ਪਰਾਲੀ ਦੇ ਸਾੜਨ ਉਪਰੰਤ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਦਿੱਲੀ ਵਿਚ ਇਸ ਕਾਰਨ ਪੈਦਾ ਹੋਏ ਧੂੰਏਂ ਨੂੰ ਹੀ ਰਾਜਧਾਨੀ ਵਿਚ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਦੱਸਿਆ ਜਾਂਦਾ ਹੈ। ਕਿਸਾਨਾਂ ਨੂੰ ਲਗਾਤਾਰ ਕਿਹਾ ਜਾਂਦਾ ਹੈ ਕਿ ਪਰਾਲੀ ਨਾ ਸਾੜਨ ਅਤੇ ਇਸ ਵਿਰੁੱਧ ਕਾਨੂੰਨ ਆਦਿ ਵੀ ਬਣਾਏ ਗਏ ਹਨ। ਇਸ ਸਾਰੀ ਚਰਚਾ ਤੇ ਇਸ ਸਬੰਧੀ ਸਿਰਜੇ ਬਿਰਤਾਂਤ ਤੋਂ ਇਉਂ ਜਾਪਦਾ ਹੈ ਕਿ ਕਿਸਾਨਾਂ ਵੱਲੋਂ ਖੇਤ ਖਾਲੀ ਕਰਨ ਲਈ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਦਾ ਧੂੰਆਂ ਹੀ ਹਵਾ ਪ੍ਰਦੂਸ਼ਣ ਅਤੇ ਖ਼ਾਸਕਰ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਕਾਰਨ ਹੈ।
ਦਿੱਲੀ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਦਿਨਾਂ ਦੀਆਂ ਤਰੀਕਾਂ ਦਾ ਪਰਾਲੀ ਸਾੜਨ ਦੇ ਦਿਨਾਂ ਨਾਲ ਮੇਲ ਖਾਣਾ ਆਪਣੇ ਆਪ ਵਿਚ ਸਾਬਿਤ ਨਹੀਂ ਕਰਦਾ ਕਿ ਦਿੱਲੀ ਪ੍ਰਦੂਸ਼ਣ ਪਰਾਲੀ ਸੜਨ ਦੇ ਧੂੰਏਂ ਕਰਕੇ ਹੈ। ਵਿਗਿਆਨਕ ਤਰੀਕਾ ਸਾਨੂੰ ਦੱਸਦਾ ਹੈ ਕਿ ਦੋ ਵਰਤਾਰਿਆਂ ਦਾ ਇਕੋ ਸਮੇਂ ਵਾਪਰਨਾ ਆਪਣੇ ਆਪ ਵਿਚ ਇਕ ਨੂੂੰ ਦੂਸਰੇ ਦਾ ਕਾਰਨ ਜਾਂ ਉਨ੍ਹਾਂ ਵਿਚ ਸਿੱਧਾ ਸਬੰਧ ਸਾਬਿਤ ਨਹੀਂ ਕਰਦਾ। ਵਰਤਾਰਿਆਂ ਦੇ ਇਕੋ ਸਮੇਂ ਵਾਪਰਨ ਦੇ ਹੋਰ ਕਾਰਨ ਵੀ ਹੋ ਸਕਦੇ ਹਨ। ਦਿੱਲੀ ਦਾ ਹਵਾ ਮਿਆਰ ਇੰਡੈਕਸ (ਏਕਿਊਆਈ- AQI) ਮਾੜਾ ਹੋਣਾ ਤੇ ਉਨ੍ਹੀਂ ਦਿਨੀਂ ਪਰਾਲੀ ਨਾਲ ਸਬੰਧਿਤ ਅੱਗਾਂ ਵੱਧ ਲੱਗਣਾ ਆਪਣੇ ਆਪ ਵਿਚ ਕੋਈ ਸਬੂਤ ਨਹੀਂ ਹੈ ਕਿ ਪਰਾਲੀ ਸਾੜਨ ਦਾ ਧੂੰਆਂ ਹੀ ਦਿੱਲੀ ਵਿਚ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ। ਇਸ ਸੰਦਰਭ ਵਿਚ ਕੋਈ ਵੀ ਨਿਰਣਾ ਲੈਣ ਤੋਂ ਪਹਿਲਾਂ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਤੱਥਾਂ ਨੂੰ ਘੋਖਣ ਅਤੇ ਉਨ੍ਹਾਂ ਦੇ ਵਿਗਿਆਨ ਵਿਸ਼ਲੇਸ਼ਣ ਦੀ ਲੋੜ ਹੈ। ਸਭ ਤੋਂ ਪਹਿਲਾਂ ਅਸੀਂ ਕੁਝ ਵਿਗਿਆਨਕ ਤੱਥਾਂ ਨੂੰ ਸਮਝੀਏ। ਵੱਖ-ਵੱਖ ਤਰ੍ਹਾਂ ਦੇ ਕਣ ਹਵਾ ਵਿਚ ਰਲ ਜਾਂਦੇ ਹਨ ਜੋ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਕਣਾਂ ਕਾਰਨ ਸੂਰਜ ਦੀ ਰੌਸ਼ਨੀ ਰੁਕਦੀ ਹੈ, ਸਾਹ ਲੈਣ ਵਿਚ ਮੁਸ਼ਕਿਲ ਪੈਦਾ ਹੁੰਦੀ ਹੈ ਅਤੇ ਕਈ ਕਣ ਫੇਫੜਿਆਂ ਰਾਹੀਂ ਸਰੀਰ ਵਿਚ ਦਾਖ਼ਲ ਹੋ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ। ਵੱਡੇ ਕਣ ਤਾਂ ਧਰਤੀ ਦੇ ਗੁਰੂਤਾ ਆਕਰਸ਼ਣ ਕਰਕੇ ਕੁਝ ਸਮੇਂ ਬਾਅਦ ਧਰਤੀ ਦੀ ਸਤਹਿ ’ਤੇ ਬੈਠ ਜਾਂਦੇ ਹਨ ਪਰ ਬਾਰੀਕ ਕਣ ਹਵਾ ਵਿਚ ਲਟਕੇ ਰਹਿੰਦੇ ਹਨ ਅਤੇ ਆਮ ਤੌਰ ’ਤੇ ਜਾਂ ਤਾਂ ਬਾਰਿਸ਼ ਨਾਲ ਰਲ ਕੇ ਧੁਪਦੇ ਹਨ ਤੇ ਜਾਂ ਫਿਰ ਹਵਾ ਵਗਣ ਨਾਲ ਕਿਤੇ ਹੋਰ ਚਲੇ ਜਾਂਦੇ ਜਾਂ ਖਿੰਡ ਜਾਂਦੇ ਹਨ।
ਇਹ ਲਟਕੇ ਹੋਏ ਕਣ ਆਪਣੇ ਆਪ ਧਰਤੀ ਦੀ ਸਤਹਿ ’ਤੇ ਨਹੀਂ ਬੈਠਦੇ ਅਤੇ ਮੀਂਹ ਨਾ ਪੈਣ ਜਾਂ ਹਵਾ ਨਾ ਵਗਣ ਦੀ ਸੂਰਤ ਵਿਚ ਕਈ ਕਈ ਦਿਨ ਲਟਕੇ ਰਹਿ ਸਕਦੇ ਹਨ। ਆਮ ਤੌਰ ’ਤੇ ਹਵਾ ਪ੍ਰਦੂਸ਼ਣ ਇਕ ਕਿਊਬ ਮੀਟਰ ਹਵਾ ਵਿਚ 2.5 ਮਾਈਕਰਾਨ (ਮਿਲੀਮੀਟਰ ਦਾ ਹਜ਼ਾਰਵਾਂ ਹਿੱਸਾ) ਤੋਂ ਘੱਟ ਆਕਾਰ ਦੇ ਕਣਾਂ ਦੀ ਗਿਣਤੀ ਕਰ ਕੇ ਨਿਰਧਾਰਤ ਕੀਤਾ ਜਾਂਦਾ ਹੈ। ਜੇ ਇਨ੍ਹਾਂ ਕਣਾਂ ਦੀ ਗਿਣਤੀ ਇਕ ਕਿਊਬ ਮੀਟਰ ਵਿਚ 50 ਤੋਂ ਵੱਧ ਹੋਵੇ ਤਾਂ ਹਵਾ ਨੂੰ ਪ੍ਰਦੂਸ਼ਿਤ ਮੰਨਿਆ ਜਾਂਦਾ ਹੈ। ਗਿਣਤੀ ਬਹੁਤ ਜ਼ਿਆਦਾ ਹੋਣ ਨਾਲ ਕਈ ਵਾਰ ਸੂਰਜ ਦੀ ਰੌਸ਼ਨੀ ਵੀ ਰੁਕ ਜਾਂਦੀ ਹੈ ਅਤੇ ਸਾਹ ਲੈਣ ਵਿਚ ਸਖ਼ਤ ਦਿੱਕਤ ਆਉਂਦੀ ਹੈ। ਦਿੱਲੀ ਵਿਚ ਅਕਤੂਬਰ ਨਵੰਬਰ ਦੇ ਲਗਭਗ ਸਾਰੇ ਦਿਨਾਂ ਵਿਚ ਇਹ ਗਿਣਤੀ 100 ਤੋਂ ਵੱਧ ਹੀ ਹੁੰਦੀ ਹੈ ਤੇ ਕਈ ਦਿਨਾਂ ਵਿਚ 400 ਤਕ ਵੀ ਪਹੁੰਚ ਜਾਂਦੀ ਹੈ ਜੋ ਬਹੁਤ ਚਿੰਤਾਜਨਕ ਹੈ।
ਸਭ ਤੋਂ ਪਹਿਲਾਂ ਸਮਝਣ ਦੀ ਲੋੜ ਹੈ ਕਿ ਇਹ ਬਾਰੀਕ ਕਣ ਕਿੱਥੋਂ ਕਿੱਥੋਂ ਪੈਦਾ ਹੁੰਦੇ ਹਨ? ਵਾਹਨਾਂ ਦਾ ਧੂੰਆਂ, ਫੈਕਟਰੀਆਂ ਦਾ ਧੂੰਆਂ, ਉਸਾਰੀ ਦਾ ਮਿੱਟੀ ਘੱਟਾ, ਘਰਾਂ ਵਿਚ ਅੱਗਾਂ, ਕੂੜੇ ਦੇ ਢੇਰਾਂ ’ਤੇ ਅੱਗਾਂ, ਜਨਤਕ ਥਾਵਾਂ ’ਤੇ ਅੱਗਾਂ, ਦੀਵਾਲੀ ਦੇ ਪਟਾਕੇ ਅਤੇ ਕਿਸਾਨਾਂ ਦੁਆਰਾ ਖੇਤੀ ਦੀ ਰਹਿੰਦ-ਖੂੰਹਦ ਨੂੰ ਲਗਾਈਆਂ ਅੱਗਾਂ ਇਨ੍ਹਾਂ ਕਣਾਂ ਦੇ ਪੈਦਾ ਹੋਣ ਅਤੇ ਹਵਾ ਵਿਚ ਰਲਣ ਦੇ ਮੁੱਖ ਕਾਰਨ ਹਨ। ਸਿਆਲ ਦੇ ਮੌਸਮ ਵਿਚ ਜਦੋਂ ਸੂਰਜ ਤੋਂ ਊਰਜਾ ਦੀ ਮਾਤਰਾ ਘਟ ਜਾਂਦੀ ਹੈ ਤਾਂ ਹਵਾ ਦਾ ਤਾਪਮਾਨ ਤੇ ਗਤੀ ਵੀ ਘਟ ਜਾਂਦੀ ਹੈ। ਇਸ ਦੇ ਫਲਸਰੂਪ ਕਣਾਂ ਦੇ ਇਕੱਠੇ ਹੋ ਕੇ ਇਕ ਹੀ ਖੇਤਰ ਵਿਚ ਫਸੇ ਰਹਿਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸੇ ਲਈ ਸ਼ਹਿਰੀ ਇਲਾਕਿਆਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਬਾਰਿਸ਼ ਤੇ ਕੇਵਲ ਬਾਰਿਸ਼ ਹੀ ਇਸ ਪ੍ਰਦੂਸ਼ਣ ਤੋਂ ਛੁਟਕਾਰਾ ਦਿਵਾਉਂਦੀ ਹੈ।
ਮੰਨ ਕੇ ਚੱਲੀਏ ਕਿ ਕਿਸੇ ਇਕ ਦਿਨ ਹਵਾ ਪੱਛਮ ਤੋਂ ਪੂਰਬ ਵੱਲ ਵਗ ਰਹੀ ਹੈ ਤੇ ਪਰਾਲੀ ਵਾਲਾ ਧੂੰਆਂ ਪੰਜਾਬ ਹਰਿਆਣੇ ਵੱਲੋਂ ਦਿੱਲੀ ਵੱਲ ਜਾ ਰਿਹਾ ਹੈ। ਉਸ ਸਮੇਂ ਹਵਾ ਦਿੱਲੀ ਵਿਚੋਂ ਵੀ ਪੂਰਬ ਵੱਲ ਵਗ ਰਹੀ ਹੋਵੇਗੀ ਅਤੇ ਧੂੰਏ ਨੂੰ ਦਿੱਲੀ ਤੋਂ ਬਾਹਰ ਵੱਲ ਲਿਜਾ ਰਹੀ ਹੋਵੇਗੀ। ਇਕੋ ਸਮੇਂ ਸਾਰੇ ਪਾਸਿਆਂ ਤੋਂ ਦਿੱਲੀ ਵੱਲ ਹਵਾ ਨਹੀਂ ਵਗ ਸਕਦੀ, ਜਿੰਨੀ ਹਵਾ ਦਿੱਲੀ ਵਿਚ ਆਵੇਗੀ ਲਗਭਗ ਉਨੀ ਹੀ ਹਵਾ ਦਿੱਲੀ ਵਿਚੋਂ ਨਿਕਲੇਗੀ ਅਤੇ ਨਾਲ ਹੀ ਪ੍ਰਦੂਸ਼ਣ ਵਾਲੇ ਕਣ ਵੀ ਨਿਕਲਣਗੇ। ਜੇ ਕਿਸੇ ਹੋਰ ਦਿਨ ਪੱਛਮੀ ਉੱਤਰ ਪ੍ਰਦੇਸ਼ ਵੱਲੋਂ ਹਵਾ ਦਿੱਲੀ ਵੱਲ ਵਗ ਰਹੀ ਹੋਵੇਗੀ ਤਾਂ ਉਸ ਦਿਨ ਪੰਜਾਬ ਹਰਿਆਣਾ ਵੱਲੋਂ ਹਵਾ ਦਿੱਲੀ ਵੱਲ ਨਹੀਂ ਵਗ ਸਕਦੀ। ਜੇ ਕੁਝ ਸਮੇਂ ਲਈ ਸਥਾਨਕ ਕਾਰਨਾਂ ਕਰਕੇ ਦਿੱਲੀ ਘੱਟ ਦਬਾਅ ਵਾਲਾ ਖੇਤਰ ਬਣ ਵੀ ਜਾਵੇ ਤਾਂ ਛੇਤੀ ਹਵਾ ਦੇ ਦਿੱਲੀ ਵੱਲ ਵਗਣ ਕਾਰਨ ਇਹ ਸਥਿਤੀ ਬਦਲ ਜਾਵੇਗੀ ਤੇ ਹਵਾ ਇਕ ਪਾਸਿਉਂ ਦਿੱਲੀ ਦੇ ਅੰਦਰ ਆਵੇਗੀ ਅਤੇ ਦੂਸਰੇ ਪਾਸਿਓਂ ਬਾਹਰ ਜਾਵੇਗੀ।
ਵਿਗਿਆਨ ਦਾ ਨਿਯਮ ਹੈ ਕਿ ਮਾਦਾ ਖ਼ਤਮ ਨਹੀਂ ਕੀਤਾ ਜਾ ਸਕਦਾ, ਦਿੱਲੀ ਕੋਈ ਸਿਆਹ ਸੁਰਾਖ਼ (ਬਲੈਕ ਹੋਲ) ਨਹੀਂ ਹੈ ਕਿ ਸਾਰੇ ਪਾਸਿਓਂ ਹਵਾ ਸਿਰਫ਼ ਦਿੱਲੀ ਵੱਲ ਵਗਦੀ ਰਹੇਗੀ, ਜੇ ਇਸ ਤਰ੍ਹਾਂ ਹੋਵੇ ਤਾਂ ਫਿਰ ਹਵਾ ਦੇ ਅਣੂ ਕਿੱਥੇ ਜਾਣਗੇ? ਹਵਾ ਦੇ ਦਬਾਅ ਅਤੇ ਵਗਣ ਦੀਆਂ ਦਿਸ਼ਾਵਾਂ ਦਾ ਡੇਟਾ ਮੌਜੂਦ ਹੈ ਜੋ ਇਸੇ ਗੱਲ ਦੀ ਗਵਾਹੀ ਦਿੰਦਾ ਹੈ। ਦੂਸਰੀ ਇਹ ਗੱਲ ਵੀ ਵਾਚਣੀ ਜ਼ਰੂਰੀ ਹੈ ਕਿ ਜਿੱਥੋਂ ਹਵਾ ਜਾ ਰਹੀ ਹੈ ਉੱਥੇ ਹਵਾ ਵਿਚ ਕਣਾਂ ਦੀ ਗਿਣਤੀ ਕਿੰਨੀ ਹੈ? ਪੰਜਾਬ ਵਿਚ ਪਰਾਲੀ ਸਾੜਨ ਤੋਂ ਪੈਦਾ ਹੋਏ ਧੂੰਏਂ ਨਾਲ ਮੁਸ਼ਕਿਲਾਂ ਤਾਂ ਆਉਂਦੀਆਂ ਹਨ ਪਰ ਸਥਿਤੀ ਦਿੱਲੀ ਨਾਲੋਂ ਮਾੜੀ ਨਹੀਂ ਹੁੰਦੀ। ਜੇ ਪੰਜਾਬ ਤੋਂ ਗਈ ਹਵਾ ਦਿੱਲੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੋਵੇ ਤਾਂ ਪੰਜਾਬ ਵਿਚ ਪੀਐਮ 2.5 ਕਣਾਂ ਦੀ ਗਿਣਤੀ ਦਿੱਲੀ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ, 250 ਕਿਲੋਮੀਟਰ ਦੂਰ ਪਹੁੰਚਦਿਆਂ ਪਹੁੰਚਦਿਆਂ ਬਹੁਤ ਸਾਰੇ ਕਣ ਖਿੰਡ ਪੁੰਡ ਜਾਣਗੇ, ਪੂਰਬ ਵੱਲੋਂ ਹਵਾ ਵਗਣ ਸਮੇਂ ਇਹ ਲਾਹੌਰ ਵੀ ਪਹੁੰਚ ਸਕਦੇ ਨੇ। ਅਜਿਹੀ ਕੀ ਗੱਲ ਹੈ ਕਿ ਹਵਾ ਦੇ ਪ੍ਰਦੂਸ਼ਣ ਦੀ ਗੰਭੀਰਤਾ ਦਿੱਲੀ ਵਿਚ ਜਾ ਕੇ ਬਣਦੀ ਹੈ ਜਦੋਂਕਿ ਕਣ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ ਉਤਪੰਨ ਹੋ ਰਹੇ ਹੁੰਦੇ ਹਨ। ਪੰਜਾਬ ਦੇ ਝੋਨੇ ਦੀ ਕਾਸ਼ਤ ਅਧੀਨ ਰਕਬੇ ਵਿਚ ਪਿਛਲੇ 25 ਸਾਲ ਵਿਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਅਤੇ ਇਹ ਲਗਭਗ 6000,000 ਤੋਂ 7000,000 ਏਕੜ ਦੇ ਕਰੀਬ ਰਿਹਾ ਹੈ (ਹਰਿਆਣਾ ਤੇ ਉੱਤਰ ਪ੍ਰਦੇਸ਼ ਦਾ ਡੇਟਾ ਵੀ ਲਗਭਗ ਇਹੋ ਜਿਹਾ ਹੀ ਹੋਵੇਗਾ) ਪਰ ਦਿੱਲੀ ਦੇ ਹਵਾ ਪ੍ਰਦੂਸ਼ਣ ਦੀ ਸਥਿਤੀ ਵਿਚ ਇਨ੍ਹਾਂ ਸਾਲਾਂ ਵਿਚ ਭਾਰੀ ਨਿਘਾਰ ਆਇਆ ਹੈ। ਉਪਰੋਕਤ ਤੋਂ ਮਨ ਵਿਚ ਸ਼ੱਕ ਪੈਦਾ ਹੁੰਦਾ ਹੈ ਕਿ ਦਿੱਲੀ ਵਿਚਲੇ ਪ੍ਰਦੂਸ਼ਣ ਨੂੰ ਆਲੇ-ਦੁਆਲੇ ਦੇ ਖੇਤਰਾਂ ਵਿਚ ਖੇਤੀ ਦੀ ਰਹਿੰਦ-ਖੂੰਹਦ ਸਾੜਨ ਨਾਲ ਜੋੜਨ ਦਾ ਬਿਰਤਾਂਤ ਕਿਧਰੇ ਗ਼ਲਤ ਤਾਂ ਨਹੀਂ?
ਉਪਗ੍ਰਹਿਆਂ ਰਾਹੀਂ ਹਰ ਖੇਤਰ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਉਪਗ੍ਰਹਿ ਵੱਖ ਵੱਖ ਕੈਮਰਿਆਂ ਨਾਲ ਕਈ ਤਰ੍ਹਾਂ ਦੇ ਫਿਲਟਰ ਲਗਾ ਕੇ ਧਰਤੀ ਦੇ ਖਿੱਤਿਆਂ ਦੀਆਂ ਫੋਟੋਆਂ ਖਿੱਚਦੇ ਹਨ ਅਤੇ ਇਸ ਡੇਟਾ ਤੋਂ ਬੱਦਲਾਂ ਦੀ ਹਿਲਜੁਲ, ਹਵਾ ਵਿਚਲੀਆਂ ਧਾਰਾਵਾਂ, ਸ਼ਹਿਰੀ ਤੇ ਆਬਾਦੀ ਵਾਲੀਆਂ ਜਗਾਹਾਂ ਦੀ ਨਿਸ਼ਾਨਦੇਹੀ, ਫ਼ਸਲਾਂ ਤੇ ਜੰਗਲਾਂ ਦੀ ਦਸ਼ਾ, ਸਤਹੀ ਤਾਪਮਾਨ, ਅੱਗਾਂ ਲੱਗਣ ਦੀ ਜਗ੍ਹਾ ਤੇ ਗਿਣਤੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲ ਜਾਂਦੀ ਹੈ। ਇਸ ਵਿਚੋਂ ਬਹੁਤ ਸਾਰੀ ਜਾਣਕਾਰੀ ਖੁੱਲ੍ਹੇ ਰੂਪ ਵਿਚ ਇੰਟਰਨੈੱਟ ’ਤੇ ਉਪਲਬਧ ਹੈ ਅਤੇ ਬਾਕੀ ਜਾਣਕਾਰੀ ਖੋਜੀਆਂ ਨੂੰ ਇਸਰੋ ਰਾਹੀਂ ਮਿਲ ਜਾਂਦੀ ਹੈ। ਹਵਾ ਦੀਆਂ ਧਾਰਾਵਾਂ ਸਬੰਧੀ ਕੰਪਿਊਟਰ ਮਾਡਲ ਵੀ ਉਪਲਬਧ ਹਨ। ਅਜੋਕੇ ਸਮੇਂ ਦੇ ਤੇਜ਼ ਕੰਪਿਊਟਰਾਂ ’ਤੇ ਇਨ੍ਹਾਂ ਮਾਡਲਾਂ ਜ਼ਰੀਏ ਡੇਟਾ ਵਾਚਦਿਆਂ ਅਸੀਂ ਵੇਖ ਸਕਦੇ ਹਾਂ ਕਿ ਕਿੱਥੋਂ ਦੀ ਹਵਾ ਕਿੱਥੇ ਗਈ, ਕਿੱਥੇ ਪੈਦਾ ਹੋਇਆ ਧੂੰਆਂ ਕਿੱਥੇ ਗਿਆ। ਇਹ ਕੋਈ ਏਨਾ ਮੁਸ਼ਕਲ ਕੰਮ ਨਹੀਂ ਹੈ ਅਤੇ ਕਈ ਖੋਜ ਗਰੁੱਪ ਇਹ ਕੰਮ ਕਰ ਵੀ ਰਹੇ ਹਨ। ਭਾਰਤ ਦੇ ਆਪਣੇ ਉਪਗ੍ਰਹਿ ਦੇਸ਼ ਦੇ ਸਾਰੇ ਖੇਤਰਾਂ ਸਬੰਧੀ ਭਰਪੂਰ ਡੇਟਾ ਇਕੱਠਾ ਕਰਦੇ ਹਨ ਜਿਸ ਨੂੰ ਖੋਜ ਲਈ ਵਰਤ ਕੇ ਜਾਣਕਾਰੀ ਕੱਢੀ ਜਾਂਦੀ ਹੈ।
ਕਣਾਂ ਦੀ ਗਿਣਤੀ ਵਿਸ਼ਲੇਸ਼ਣ ਆਦਿ ਲਈ ਹਵਾ ਦਾ ਸੈਂਪਲ ਇਕੱਠਾ ਕਰ ਕੇ ਉਸ ਨੂੰ ਫਿਲਟਰਾਂ ਵਿਚੋਂ ਲੰਘਾਇਆ ਜਾਂਦਾ ਹੈ, ਹਰ ਫਿਲਟਰ ਇਕ ਖ਼ਾਸ ਆਕਾਰ ਤੋਂ ਛੋਟੇ ਕਣਾਂ ਨੂੰ ਹੀ ਆਪਣੇ ਵਿਚੋਂ ਲੰਘਣ ਦਿੰਦਾ ਹੈ। ਜੋ ਕਣ ਫਿਲਟਰ ਵਿਚੋਂ ਨਹੀਂ ਲੰਘ ਸਕਦੇ ਉਹ ਫਿਲਟਰ ਦੀ ਸਤਹ ’ਤੇ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਇਕੱਠੇ ਕੀਤੇ ਕਣਾਂ ਦਾ ਅੱਗੋਂ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸੇ ਤਰੀਕੇ ਨਾਲ ਵਿਗਿਆਨੀ ਪੀਐਮ10, ਪੀਐਮ 5, ਪੀਐਮ 2.5 ਆਦਿ ਕਣਾਂ ਨੂੰ ਵੱਖ ਕਰ ਲੈਂਦੇ ਹਨ। ਸਪਸ਼ਟ ਹੈ ਕਿ ਪੀਐਮ 5 ਤੇ ਪੀਐਮ10 ਕਣਾਂ ਦਾ ਆਕਾਰ ਪੀਐਮ 2.5 ਕਣਾਂ ਨਾਲੋਂ ਦੁੱਗਣਾ ਤੇ ਚੌਗਣਾ ਹੁੰਦਾ ਹੈ। ਪੀਐਮ 10 ਤੋਂ ਵੱਡੇ ਕਣ ਕੁਝ ਸਮੇਂ ਬਾਅਦ ਆਪੇ ਧਰਤੀ ਦੀ ਸਤਹਿ ’ਤੇ ਬੈਠ ਜਾਂਦੇ ਹਨ ਅਤੇ ਪ੍ਰਦੂਸ਼ਣ ਪੱਖੋਂ ਵਾਚੇ ਨਹੀਂ ਜਾਂਦੇ। ਸਭ ਤੋਂ ਵੱਧ ਨੁਕਸਾਨ ਪੀਐਮ 2.5 ਕਣ ਕਰਦੇ ਹਨ। ਇਸ ਲਈ ਸਭ ਤੋਂ ਵੱਧ ਪ੍ਰਚੱਲਿਤ ਹਵਾ ਮਿਆਰ ਸੂਚਕ ਇਨ੍ਹਾਂ ਦੀ ਇਕ ਕਿਊਬ ਮੀਟਰ ਹਵਾ ਵਿਚ ਗਿਣਤੀ ’ਤੇ ਆਧਾਰਿਤ ਹੈ।
ਸੁਆਲ ਇਹ ਹੈ: ਕੀ ਇਕੱਠੇ ਕੀਤੇ ਕਣਾਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸ ਪ੍ਰਕਿਰਿਆ ਵਿਚੋਂ ਉਤਪੰਨ ਹੋਏ ਸਨ? ਕੀ ਪਰਾਲੀ ਸਾੜਨ ਤੋਂ ਉਤਪੰਨ ਹੁੰਦੇ ਕਣ ਇੰਜਣਾਂ ਅਤੇ ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲੇ ਧੂੰਏਂ ਦੇ ਕਣਾਂ ਵਰਗੇ ਹੀ ਹੁੰਦੇ ਹਨ ਜਾਂ ਫਿਰ ਵੱਖਰੇ? ਕਣਾਂ ਦਾ ਵਿਸ਼ਲੇਸ਼ਣ ਕਰਦੇ ਸਮੇਂ ਉਨ੍ਹਾਂ ਦੀ ਸ਼ਕਲ ਸੂਰਤ ਨੂੰ ਸਕੈਨਿੰਗ ਇਲੈਕਟਰਾਨ ਮਾਈਕ੍ਰੋਸਕੋਪ (SEM) ਥੱਲੇ ਵਾਚਿਆ ਜਾਂਦਾ ਹੈ। ਇਨ੍ਹਾਂ ਵਿਚ ਪਾਏ ਜਾਂਦੇ ਤੱਤਾਂ ਨੂੰ ਮਿਣਨ ਲਈ ਰਸਾਇਣਿਕ ਤੇ ਸਪੈਕਟਰੋਸਕੋਪੀ ਦੇ ਤਰੀਕੇ ਵਰਤੇ ਜਾਂਦੇ ਹਨ।
ਖੇਤ ਵਿਚ ਸਾੜੀ ਪਰਾਲੀ ਦੇ ਤੱਤ ਤੇ ਇਸ ਦੇ ਸੜਨ ਦਾ ਤਾਪਮਾਨ ਇੰਜਣ ਵਿਚ ਡੀਜ਼ਲ ਦੇ ਤੱਤਾਂ ਤੇ ਬਲਣ ਦੇ ਤਾਪਮਾਨ ਤੋਂ ਅਲੱਗ ਹੈ। ਇਸੇ ਤਰ੍ਹਾਂ ਥਰਮਲ ਪਲਾਂਟ ਵਿਚ ਸੜਦੇ ਕੋਲੇ ਵਿਚਲੇ ਤੱਤ ਤੇ ਇਸ ਦੇ ਸੜਨ ਦਾ ਤਾਪਮਾਨ ਵੀ ਅਲੱਗ ਹੈ। ਉਸਾਰੀ ਵਿਚੋਂ ਨਿਕਲੇ ਕਣਾਂ ਦੇ ਤੱਤਾਂ ਵਿਚ ਕਾਰਬਨ ਨਹੀਂ ਹੁੰਦਾ। ਇਸ ਲਈ ਕਣਾਂ ਦੇ ਇਸ ਵਿਸ਼ਲੇਸ਼ਣ ਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਕਣ ਕਿਸ ਪ੍ਰਕਿਰਿਆ ਵਿਚੋਂ ਪੈਦਾ ਹੋਏ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਵਿਸ਼ਲੇਸ਼ਣ ਨਾਲ ਕਣ ਆਪਣੇ ਉਤਪੰਨ ਹੋਣ ਦੀ ਪ੍ਰਕਿਰਿਆ ਦਾ ਪੱਕਾ ਸਬੂਤ ਦਿੰਦੇ ਹਨ ਅਤੇ ਇਸ ਲਈ ਕੋਈ ਕਿਆਫ਼ੇ ਲਾਉਣ ਦੀ ਲੋੜ ਨਹੀਂ ਰਹਿ ਜਾਂਦੀ।
ਇਹ ਸਾਰਾ ਵਿਸ਼ਲੇਸ਼ਣ ਹਵਾਵਾਂ ਦੀ ਗਤੀ, ਉਪਗ੍ਰਹਿ ਤੋਂ ਪ੍ਰਾਪਤ ਡੇਟਾ, ਕਣਾਂ ਦੀ ਸ਼ਕਲ ਸੂਰਤ ਅਤੇ ਉਨ੍ਹਾਂ ਵਿਚ ਪਾਏ ਜਾਂਦੇ ਤੱਤਾਂ ’ਤੇ ਆਧਾਰਿਤ ਹੈ। ਮੁੱਢਲੇ ਤੌਰ ’ਤੇ ਇਹ ਸਾਬਿਤ ਹੁੰਦਾ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਵਿਚ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਾੜੀ ਜਾਣ ਵਾਲੀ ਪਰਾਲੀ ਦਾ ਵੱਡਾ ਹਿੱਸਾ ਨਹੀਂ ਹੈ। ਜ਼ਿਆਦਾਤਰ ਕਣ ਦਿੱਲੀ ਦੇ ਆਪਣੇ ਹੀ ਹਨ ਅਤੇ ਇਨ੍ਹਾਂ ਦਾ ਸਬੰਧ ਦਿੱਲੀ ਦੇ ਵਾਹਨਾਂ ਦੇ ਇੰਜਣਾਂ, ਦਿੱਲੀ ਵਿਚਲੇ ਉਦਯੋਗਾਂ, ਉਸਾਰੀ ਤੇ ਦਿੱਲੀ ਵਿਚ ਲੱਗਦੀਆਂ ਅੱਗਾਂ ਨਾਲ ਹੈ। ਟੇਰੀ (TERI) ਨਾਮ ਦੀ ਸੰਸਥਾ ਨੇ ਇਸ ਸਬੰਧੀ ਖੋਜ ਕਰਕੇ 2018 ਵਿਚ ਵਿਸਥਾਰਪੂਰਵਕ ਰਿਪੋਰਟ ਬਣਾਈ ਜਿਸ ਵਿਚ ਦਿੱਲੀ ਦੇ ਪ੍ਰਦੂਸ਼ਣ ਵਿਚ ਵੱਖ ਵੱਖ ਪ੍ਰਕਿਰਿਆਵਾਂ ਦੇ ਹਿੱਸੇ ਮਿਣੇ। ਟੇਰੀ ਦੀ ਖੋਜ ਦੇ ਨਤੀਜੇ ਇਸ ਪ੍ਰਕਾਰ ਹਨ: ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਵਾਹਨਾਂ ਦਾ ਧੂੰਆਂ ਹੈ ਜਿਸ ਦਾ ਪ੍ਰਦੂਸ਼ਣ ਵਿਚ ਹਿੱਸਾ 40 ਫ਼ੀਸਦੀ ਹੈ, ਘੱਟਾ ਅਤੇ ਉਦਯੋਗ ਲਗਭਗ 20-20 ਫ਼ੀਸਦੀ ਦੇ ਕਰੀਬ ਹਿੱਸੇਦਾਰ ਹਨ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਤੋਂ ਪੈਦਾ ਹੋਇਆ ਧੂੰਆਂ 4 ਤੋਂ 7 ਫ਼ੀਸਦੀ ਹੁੰਦਾ ਹੈ। ਜੇਕਰ ਕਿਸੇ ਖ਼ਾਸ ਦਿਨ ਸਾਰੇ ਹਾਲਾਤ ਪ੍ਰਤੀਕੂਲ ਹੋਣ ਤਾਂ ਬਾਹਰੋਂ ਆਏ ਧੂੰਏਂ ਦੀ ਮਾਤਰਾ ਵਧ ਵੀ ਸਕਦੀ ਹੈ, ਪਰ ਉਹ ਕਦੇ ਵੀ ਪ੍ਰਦੂਸ਼ਣ ਦਾ ਮੁੱਖ ਕਾਰਨ ਨਹੀਂ ਬਣਦਾ।
ਅਸੀਂ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੀ ਪਿਛਲੇ 25 ਸਾਲਾਂ ਵਿਚ ਨਿਘਰਦੀ ਹਾਲਤ ਵੱਲ ਝਾਤ ਮਾਰੀਏ ਤਾਂ ਸਪਸ਼ਟ ਹੈ ਕਿ ਵਾਹਨਾਂ ਦੀ ਗਿਣਤੀ ਬੇਸ਼ੁਮਾਰ ਵਧੀ ਹੈ, ਉਸਾਰੀ ਦੀ ਦਰ ਵੱਡੇ ਰੂਪ ਵਿਚ ਵਧੀ ਹੈ ਅਤੇ ਦਿੱਲੀ ਦਾ ਵੱਡੇ ਪੱਧਰ ’ਤੇ ਪਸਾਰ ਹੋਇਆ ਹੈ, ਪੱਕੀ ਸਤਹਿ ਦਾ ਰਕਬਾ ਹਰਿਆਲੀ ਦੇ ਮੁਕਾਬਲੇ ਵੱਡੇ ਰੂਪ ਵਿਚ ਵਧਿਆ ਹੈ। ਫਿਰ ਅਸੀਂ ਪ੍ਰਦੂਸ਼ਣ ਵਧਣ ਦੇ ਇਨ੍ਹਾਂ ਅਸਲ ਕਾਰਨਾਂ ਦੀ ਗੱਲ ਲਗਾਤਾਰ ਕਿਉਂ ਨਹੀਂ ਕਰਦੇ। ਝੋਨੇ ਹੇਠ ਰਕਬਾ ਤਾਂ ਵਧਿਆ ਹੀ ਨਹੀਂ। ਇਸ ਲਈ ਕੁੱਲ ਮਿਲਾ ਕੇ ਪਰਾਲੀ ’ਚੋਂ ਪੈਦਾ ਹੋਏ ਧੂੰਏਂ ਦੀ ਮਿਕਦਾਰ ਵਿਚ ਕੋਈ ਬਹੁਤ ਵੱਡਾ ਵਾਧਾ ਨਹੀਂ ਹੋਇਆ। ਅਗਲਾ ਸੁਆਲ ਇਹ ਹੈ: ਫਿਰ ਏਨਾ ਜ਼ੋਰ ਲਗਾ ਕੇ ਹਰ ਸਾਲ ਇਹ ਬਿਰਤਾਂਤ ਕਿਉਂ ਰਚਿਆ ਜਾਂਦਾ ਹੈ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਕਾਰਨ ਫ਼ਸਲਾਂ ਦੀ ਰਹਿੰਦ ਖੂੰਹਦ ਸਾੜਨਾ ਹੈ? ਇਸ ਤੋਂ ਬਾਅਦ ਸਾਰਾ ਸਾਲ ਹਵਾ ਦੇ ਪ੍ਰਦੂਸ਼ਣ ਸਬੰੰਧੀ ਘੱਟ ਹੀ ਕੋਈ ਚਰਚਾ ਸੁਣਨ ਵਿਚ ਆਉਂਦੀ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਅਸੀਂ ਇਸ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਕਿਸਾਨਾਂ ਦੇ ਗਲ ਪਾ ਕੇ ਅਸਲੀ ਦੋਸ਼ੀਆਂ ਨੂੰ ਅਵਾਮ ਦੀ ਨਜ਼ਰ ਵਿਚ ਬਰੀ ਕਰ ਦਿੰਦੇ ਹਾਂ ਅਤੇ ਪ੍ਰਦੂਸ਼ਣ ਸਾਰਾ ਸਾਲ ਉਸੇ ਤਰ੍ਹਾਂ ਜਾਰੀ ਰਹਿੰਦਾ ਹੈ? ਖੋਜ ਨੇ ਸਾਬਿਤ ਕੀਤਾ ਹੈ ਕਿ ਪੰਜਾਬ ਵਿਚ ਹਵਾ ਪ੍ਰਦੂਸ਼ਣ ਦੀ ਸਾਲਾਨਾ ਮਿਕਦਾਰ ਵਿਚ ਖੇਤੀ ਦਾ ਹਿੱਸਾ ਸਿਰਫ਼ 8 ਫ਼ੀਸਦੀ ਹੈ, 92 ਫ਼ੀਸਦੀ ਪ੍ਰਦੂਸ਼ਣ ਦੇ ਕਾਰਨ ਹੋਰ ਹਨ। 92 ਫ਼ੀਸਦੀ ਪ੍ਰਦੂਸ਼ਣ ਕਰਨ ਵਾਲੀਆਂ ਪ੍ਰਕਿਰਿਆਵਾਂ ਵੱਲ ਧਿਆਨ ਦੇਣ ਦੀ ਵਧੇਰੇ ਲੋੜ ਹੈ। ਕਿਸਾਨੀ ਨਾਲ ਸਬੰਧਿਤ ਹਵਾ ਪ੍ਰਦੂਸ਼ਣ ਸਾਲ ਵਿਚ 2 ਤੋਂ 4 ਹਫ਼ਤੇ ਹੁੰਦਾ ਹੈ ਜਦੋਂਕਿ ਬਾਕੀ ਪ੍ਰਦੂਸ਼ਣ ਸਾਰਾ ਸਾਲ ਹੁੰਦਾ ਰਹਿੰਦਾ ਹੈ। ਪੰਜਾਬ ਵਿਚ ਹਵਾ ਦੇ ਮਿਆਰ ਵਿਚ ਪਿਛਲੇ ਸਾਲਾਂ ਵਿਚ ਬੇਹੱਦ ਗਿਰਾਵਟ ਆਈ ਹੈ ਜਿਸ ਦੇ ਕਾਰਨਾਂ ਨੂੰ ਸਮਝਣ ਦੀ ਲੋੜ ਹੈ।
ਇਸ ਸਾਰੇ ਵਿਸ਼ਲੇਸ਼ਣ ਦਾ ਮਕਸਦ ਇਹ ਸਾਬਤ ਕਰਨਾ ਬਿਲਕੁਲ ਨਹੀਂ ਹੈ ਕਿ ਸਾਨੂੰ ਪਰਾਲੀ ਸਾੜਨੀ ਚਾਹੀਦੀ ਹੈ। ਪਰਾਲੀ ਸੜਨ ਦੇ ਬਹੁਤ ਨੁਕਸਾਨ ਹਨ ਅਤੇ ਇਨ੍ਹਾਂ ਨੁਕਸਾਨਾਂ ਦਾ ਸਭ ਤੋਂ ਵੱਧ ਅਸਰ ਕਿਸਾਨਾਂ ਉਪਰ ਹੀ ਪੈਂਦਾ ਹੈ। ਧੂੰਆਂ ਸਭ ਤੋਂ ਵੱਧ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਫੇਫੜਿਆਂ ਵਿਚ ਹੀ ਜਾਂਦਾ ਹੈ। ਅੱਗ ਲਾਉਣ ਨਾਲ ਜ਼ਮੀਨ ਵਿਚ ਰਹਿੰਦੇ ਮਿੱਤਰ ਕੀੜੇ ਮਕੌੜੇ ਵੀ ਮਰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਇਸ ਲਈ ਪਰਾਲੀ ਦੀ ਸੰਭਾਲ ਦਾ ਬਦਲ ਲੱਭਣਾ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿਚ ਅੱਗੇ ਵਧਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਤੇ ਇਸ ਤੋਂ ਵੀ ਵਧੇਰੇ ਜ਼ਰੂਰੀ ਹੈ ਖੇਤੀ ਨੂੰ ਜ਼ਹਿਰ ਮੁਕਤ ਬਣਾਉਣਾ, ਕੀਟਨਾਸ਼ਕ ਤੇ ਨਦੀਨਨਾਸ਼ਕ ਰਸਾਇਣਾਂ ਦੀ ਅੰਨ੍ਹੀਂ ਵਰਤੋਂ ’ਤੇ ਲਗਾਮ ਕਸਣੀ, ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਅਤੇ ਅਗਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣਾ, ਖੇਤੀ ਵਿਭਿੰਨਤਾ ਵਾਪਸ ਲਿਆਉਣੀ ਤੇ ਜੈਵਿਕ ਖੇਤੀ ਵੱਲ ਵਧਣਾ, ਕਿਸਾਨੀ ਨੂੰ ਲਾਹੇਵੰਦਾ ਧੰਦਾ ਬਣਾਉਣ ਲਈ ਵੱਡੇ ਉਪਰਾਲੇ ਕਰਨੇ। ਇਨ੍ਹਾਂ ਸਾਰੇ ਉਪਰਾਲਿਆਂ ਦੇ ਨਾਲ ਨਾਲ ਪਰਾਲੀ ਸਾੜਨ ਦੇ ਬਦਲ ਲੱਭਣੇ ਵੀ ਬਹੁਤ ਜ਼ਰੂਰੀ ਹਨ, ਪਰ ਹਰ ਸਾਲ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਨਾਲ ਜੋੜ ਕੇ ਕਿਸਾਨੀ ਨੂੰ ਆਵਾਮ ਦੀਆਂ ਨਜ਼ਰਾਂ ਵਿਚ ਜ਼ਿੰਮੇਵਾਰ ਠਹਿਰਾਉਣਾ ਵਿਗਿਆਨਕ ਤੱਥਾਂ ਅਤੇ ਹੁਣ ਤਕ ਹੋਈ ਖੋਜ ਨਾਲ ਮੇਲ ਨਹੀਂ ਖਾਂਦਾ। ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਣ ਤੇ ਇਸ ਦੇ ਕਾਰਨਾਂ ਦੀ ਸ਼ਨਾਖਤ ਸਬੰਧੀ ਹੋਰ ਖੋਜ ਕੀਤੀ ਜਾਵੇ ਅਤੇ ਇਸ ਖੋਜ ਨੂੰ ਸਰਕਾਰ ਦੁਆਰਾ ਪ੍ਰੋਜੈਕਟ ਦੇ ਕੇ ਕਰਵਾਇਆ ਜਾਵੇ। ਪੰਜਾਬ ਸਰਕਾਰ ਨੂੰ ਖ਼ਾਸ ਤੌਰ ’ਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਕ ਪਾਸੇ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਪ੍ਰਕਿਰਿਆਵਾਂ ਤੇ ਉਨ੍ਹਾਂ ਦੇ ਸੰਚਾਲਕਾਂ ਦੀ ਸ਼ਨਾਖਤ ਹੋ ਸਕੇ ਅਤੇ ਦੂਜੇ ਪਾਸੇ ਪੰਜਾਬ ਦੀ ਕਿਸਾਨੀ ’ਤੇ ਬੇਬੁਨਿਆਦ ਇਲਜ਼ਾਮ ਨਾ ਲੱਗਣ।
* ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98885-64456