ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਮਸ਼ੀਨਾਂ ਨੂੰ ਹਰੀ ਝੰਡੀ ਦਿਖਾਈ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਸਤੰਬਰ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਸਬਸਿਡੀ ’ਤੇ ਦਿੱਤੀਆਂ ਗਈਆਂ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀਆਂ ਬੇਲਰ ਅਤੇ ਰੇਕ ਮਸ਼ੀਨਾਂ ਨੂੰ ਅੱਜ ਵੱਖ-ਵੱਖ ਪਿੰਡਾਂ ਲਈ ਰਵਾਨਾ ਕੀਤੀਆਂ। ਇਸ ਦੀ ਰਸਮੀ ਸ਼ੁਰੂਆਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਵੀਂ ਮਸ਼ੀਨਰੀ ਨੂੰ ਹਰੀ ਝੰਡੀ ਦਿਖਾ ਕੇ ਕੀਤੀ। ਇਸ ਮੌਕੇ ਏਡੀਸੀ ਵਿਰਾਜ ਐਸ ਤਿੜਕੇ ਅਤੇ ਐੱਸਡੀਐੱਮ ਦੀਪਾਂਕਰ ਗਰਗ ਵੀ ਹਾਜ਼ਰ ਸਨ। ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਸੋਹਾਣਾ ਦੀ ਸਮੂਹ ਟੀਮ ਵੱਲੋਂ ਲਗਪਗ 6 ਬੇਲਰ ਅਤੇ ਰੇਕ ਮਸ਼ੀਨਾਂ ਨਾਲ ਕਿਸਾਨਾਂ ਪਾਸੋਂ ਬਿਨਾਂ ਕੋਈ ਖਰਚਾ ਲਏ ਪਰਾਲੀ ਦੀਆਂ ਗੰਢਾਂ ਬਣਾਈਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਸਾਲ 2023-24 ਤੱਕ 20 ਬੇਲਰ ਅਤੇ ਰੈਕ ਮਸ਼ੀਨਾਂ ਉਪਲਬਧ ਸਨ ਅਤੇ ਇਸ ਸਾਲ 17 ਹੋਰ ਮਸ਼ੀਨਾਂ ਵੱਖ-ਵੱਖ ਕਿਸਾਨਾਂ/ਕਿਸਾਨ ਗਰੁੱਪਾਂ/ਸਹਿਕਾਰੀ ਸਭਾਵਾਂ ਵੱਲੋਂ ਸਰਕਾਰ ਵੱਲੋਂ ਤਿਆਰ ਕੀਤੇ ਗਏ ਮਸ਼ੀਨਰੀ ਸਬੰਧੀ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤੀਆਂ ਗਈਆਂ ਹਨ।