ਕਹਾਣੀ ਦੀ ਕਹਾਣੀ
ਗੁਰਮਲਕੀਅਤ ਸਿੰਘ ਕਾਹਲੋਂ
ਸੱਥ ਵਿੱਚ ਬੈਠੀਆਂ ਕਿੰਨੀਆਂ ਸਾਰੀਆਂ ਮਾਨਵੀ ਰੁਚੀਆਂ ਵਿੱਚ ਕੌਣ ਕਿੱਥੋਂ ਆਇਆ ਅਤੇ ਕੌਣ ਵੱਡਾ ਹੈ? ਬਾਰੇ ਬਹਿਸ ਚੱਲ ਰਹੀ ਸੀ। ਕਵਿਤਾ, ਵਾਰਤਾ, ਗ਼ਜ਼ਲ, ਕਿੱਸਾ, ਲੇਖ, ਨਾਟਕ ਅਤੇ ਕਈ ਹੋਰ ਆਪਣੇ ਬਾਰੇ ਦੱਸ ਹਟੇ ਸਨ, ਪਰ ਕਹਾਣੀ ਸਹਿਜ ਜਿਹੀ ਹੋ ਕੇ ਨੁੱਕਰੇ ਬੈਠੀ ਸੋਚਾਂ ਵਿੱਚ ਪਈ ਹੋਈ ਸੀ। ਉਸ ਦੀ ਵਾਰੀ ਆਈ ਤਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਕਰਨ ਲਈ ਉਸ ਨੇ ਗਲਾ ਸਾਫ਼ ਕਰਨ ਦਾ ਬਹਾਨਾ ਕਰਦਿਆਂ ਖੰਗੂਰਾ ਮਾਰਿਆ ਅਤੇ ਆਪਣੇ ਬਾਰੇ ਦੱਸਣ ਲੱਗੀ।
‘‘ਮੇਰੇ ਬਹੁਤ ਪਿਆਰੇ ਦੋਸਤੋ, ਆਪਣੀ ਨਿੱਕੀ ਜਿਹੀ ਕਹਾਣੀ ਤੋਂ ਪਹਿਲਾਂ ਮੈਂ ਤੁਹਾਡੇ ਵਿਚਾਰਾਂ ਉੱਤੇ ਆਪਣੀ ਭਾਵਨਾ ਦੱਸਣਾ ਚਾਹਾਂਗੀ। ਜਿਵੇਂ ਤੁਸੀਂ ਸਾਰਿਆਂ ਨੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਹੈ, ਮੈਂ ਉਨ੍ਹਾਂ ਵਿੱਚੋਂ ਕੁੱਝ ਨਾਲ ਸਹਿਮਤ ਨਹੀਂ ਹਾਂ। ਮੇਰੀ ਗੱਲ ਸੁਣ ਕੇ ਮੈਨੂੰ ਅੱਖਾਂ ਵਿਖਾਉਣ ਦੀ ਥਾਂ ਇਹੀ ਅੱਖਾਂ ਖੋਲ੍ਹ ਕੇ ਤੁਸੀਂ ਆਪਣੇ ਮਨਾਂ ਵਿੱਚ ਝਾਤੀ ਮਾਰ ਲੈਣਾ। ਇੱਕ ਦੂਜੇ ਤੋਂ ਵੱਡੇ ਹੋਣ ਦੇ ਦਾਅਵੇ ਕਰਨ ਵਾਲਿਓ, ਕੀ ਅਸੀਂ ਸਾਰੇ ਭੈਣ-ਭਾਈ ਨਹੀਂ? ਅਸੀਂ ਸਾਰੇ ਮਨੁੱਖੀ ਰੁਚੀਆਂ ਨੂੰ ਜਾਗ ਲਗਾ ਕੇ ਹੋਂਦ ਵਿੱਚ ਆਏ ਸਹਿਤ ਦੀ ਪੈਦਾਵਾਰ, ਯਾਨੀ ਭੈਣ-ਭਰਾ ਬਣੇ ਹਾਂ। ਭੈਣ-ਭਰਾ ਇੱਕ ਦੂਜੇ ਤੋਂ ਵੱਡੇ ਅਤੇ ਛੋਟੇ ਹੋਣ ਦੇ ਬਾਵਜੂਦ ਪਰਿਵਾਰਾਂ ਵਿੱਚ ਵਿਚਰਦਿਆਂ ਵੱਡੇ ਅਤੇ ਛੋਟੇ ਨਹੀਂ ਹੁੰਦੇ। ਸਿਆਣੇ ਭੈਣ-ਭਰਾ ਸ਼ਰੀਕ ਨਹੀਂ, ਸਾਂਝੀਦਾਰ ਹੁੰਦੇ ਹਨ।
ਆਪਣੀ ਹੋਂਦ ਵੱਲ ਆਵਾਂ ਤਾਂ ਤੁਹਾਨੂੰ ਦੱਸਦੀ ਹਾਂ ਕਿ ਮਨੁੱਖੀ ਹੋਂਦ ਦੇ ਨਾਲ ਹੀ ਘਟਨਾਵਾਂ ਵਾਪਰਨ ਲੱਗੀਆਂ। ਆਪਣੀਆਂ ਯਾਦਾਂ ਅਤੇ ਜ਼ਿੰਦਗੀ ਦੇ ਤਜਰਬਿਆਂ ਨੂੰ ਅੱਗੇ ਤੋਰਨ ਲਈ ਮਨੁੱਖ ਗੱਲਾਂ ਵਿੱਚ ਸਵਾਦੀ ਚਸਕੇ ਦੀ ਜਿਵੇਂ ਜਿਵੇਂ ਮਿਲਾਵਟ ਹੁੰਦੀ ਗਈ ਤਿਵੇਂ ਤਿਵੇਂ ਲੋਕਾਂ ਦੀ ਉਤਸੁਕਤਾ ਤੇ ਰੁਚੀਆਂ ਵੀ ਚਾਂਭਲਣ ਲੱਗੀਆਂ ਅਤੇ ਮੇਰੇ ਅੰਕੁਰ ਫੁੱਟਣ ਲੱਗੇ। ਸਮੇਂ ਦੀ ਤੋਰ ਨਾਲ ਮੈਂ ਆਪਣੀਆਂ ਜੜਾਂ ਫੈਲਾਉਂਦੀ ਤੇ ਕੱਦ ਕੱਢਦੀ ਗਈ। ਪਹਿਲਾਂ ਪੀੜ੍ਹੀ ਦਰ ਪੀੜ੍ਹੀ ਕਿਸੇ ਦੇ ਬੋਲਾਂ ਰਾਹੀਂ ਤੇ ਫਿਰ ਸ਼ਬਦਾਂ ਦੀ ਘਾੜਤ ਨਾਲ ਮੈਂ ਪੱਤਰਾਂ ਅਤੇ ਕਾਗਜ਼ਾਂ ਉੱਤੇ ਉੱਕਰੀ ਜਾਣ ਲੱਗੀ। ਆਪਣੀ ਪੈਦਾਇਸ਼ ਕਿਸੇ ਨੂੰ ਯਾਦ ਨਹੀਂ ਹੁੰਦੀ, ਮਨੱਖ ਦੀਆਂ ਯਾਦਾਂ ਦੀ ਬਾਤ ਵੀ ਉਨ੍ਹਾਂ ਦੀਆਂ ਮਾਵਾਂ ਅਤੇ ਦਾਦੀਆਂ ਹੀ ਪਾਉਂਦੀਆਂ ਹਨ ਕਿ ਉਹ ਜਨਮ ਵੇਲੇ ਕਿੰਜ ਦਾ ਸੀ ਤੇ ਕੀ ਕਦੋਂ ਤੱਕ ਕੀ ਕੁੱਝ ਕਰਨ ਲੱਗ ਪਿਆ ਸੀ। ਹਾਲ ਮੇਰਾ ਵੀ ਉਹੀ ਆ, ਪਰ ਜਿੰਨਾ ਕੁ ਸੁਣਦੀ ਆਈ ਆਂ ਉਹ ਦੱਸਦੀ ਹਾਂ। ਜਦੋਂ ਮਹਾਰਿਸ਼ੀ ਬਾਲਮੀਕਿ ਦੇ ਹੱਥ ਤਿੱਖੀ ਚੁੰਝ ਘੜ ਕੇ ਉਸ ਨਾਲ ਪੱਤਿਆਂ ਉੱਤੇ ਖ਼ਾਸ ਤਰ੍ਹਾਂ ਦੀਆਂ ਝਰੀਟਾਂ ਮਾਰ ਕੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਦਾ ਚਿਤਰਨ ਕਰਨ ਲੱਗ ਪਏ ਤਾਂ ਸ਼ਬਦਾਂ ਦੀ ਘਾੜਤ ਹੋਣ ਤੇ ਪਹਿਚਾਣ ਬਣਨ ਦੇ ਨਾਲ ਹੀ ਮੈਂ ਆਕਾਰ ਵਿੱਚ ਆਉਣ ਲੱਗ ਪਈ।
ਮੈਂ ਇਹ ਦਾਅਵਾ ਨਹੀਂ ਕਰਦੀ ਕਿ ਤੁਹਾਡੇ ਵਿੱਚੋਂ ਕੋਈ ਉਸ ਵੇਲੇ ਤੱਕ ਹੈ ਸੀ ਜਾਂ ਸਾਰੇ ਮੇਰੇ ਤੋਂ ਬਾਅਦ ਹੋਂਦ ਵਿੱਚ ਆਏ, ਪਰ ਮੈਨੂੰ ਇਹ ਕਹਿਣ ਵਿੱਚ ਸੰਕੋਚ ਨਹੀਂ ਕਿ ਮੇਰੀ ਵਰਤੋਂ ਨਾਲ ਮਨੁੱਖੀ ਰੁਚੀਆਂ ਪੈਦਾ ਹੋਣ ਲੱਗੀਆਂ ਤੇ ਨਿੱਕੀਆਂ ਗੱਲਾਂ ਨੂੰ ਚਸਕੇ ਦਾ ਤੜਕਾ ਲਾਉਣ ਦੀ ਆਦਤ ਵਿੱਚੋਂ ਹੀ ਤੁਹਾਡੇ ’ਚੋਂ ਕਈਆਂ ਨੇ ਅਵਤਾਰ ਧਾਰਿਆ। ਬੇਸ਼ੱਕ ਮੇਰੇ ਸਰੂਪ ਵਿੱਚ ਵੱਡੇ ਬਦਲਾਅ ਆਉਂਦੇ ਰਹੇ, ਪਰ ਜਨਮ ਵੇਲੇ ਤੁਸੀਂ ਵੀ ਇੰਜ ਦੇ ਨਹੀਂ ਸੀ। ਸਮੇਂ ਦੀ ਤੋਰ ਨਾਲ ਸਾਰਿਆਂ ਨੂੰ ਬਦਲਣਾ ਪੈਂਦਾ ਰਿਹਾ ਹੈ ਤੇ ਪੈਂਦਾ ਵੀ ਰਹੇਗਾ। ਮਨੁੱਖੀ ਸੁਭਾਅ ਵੀ ਇਹੋ ਜਿਹਾ ਈ ਹੈ, ਉਸ ਤੋਂ ਵੱਖ ਹੋ ਕੇ ਆਪਣੀ ਹੋਂਦ ਕਾਇਮ ਰੱਖਣ ਬਾਰੇ ਤਾਂ ਅਸੀਂ ਸੋਚ ਹੀ ਨਹੀਂ ਸਕਦੇ।
12ਵੀਂ ਸਦੀ ਵਿੱਚ ਸ਼ੇਖ ਫ਼ਰੀਦ ਤੇ ਫਿਰ ਕਬੀਰ ਜੀ ਨੇ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਦੇ ਉਦੇਸ਼ ਨਾਲ ਮੇਰੇ ’ਚੋਂ ਹੀ ਅੰਤਰੇ ਲੈ ਕੇ ਉਨ੍ਹਾਂ ਨੂੰ ਤੁਕਬੰਦੀ ਵਾਲੇ ਆਕਾਰ ਵਿੱਚ ਢਾਲਣਾ ਸ਼ੁਰੂ ਕੀਤਾ ਤੇ ਫਿਰ ਵੱਡੇ ਸਿਰਾਂ ਵਾਲਿਆਂ ਨੇ ਆਪਣੇ ਅਕੀਦਿਆਂ ਅਨੁਸਾਰ ਵੱਖ ਵੱਖ ਨਾਮਕਰਣ ਕਰ ਲਏ। ਕੋਈ ਬਾਣੀ ਕਹਿਣ ਲੱਗ ਪਿਆ ਤੇ ਕੋਈ ਰੱਬ ਦੀ ਉਸਤਤ ਤੇ ਕੋਈ ਕੁੱਝ ਹੋਰ। ਛੰਦਬੰਦੀ ਵੀ ਇਸੇ ਦੌਰ ਵਿੱਚ ਪੈਦਾ ਹੋ ਕੇ ਜਵਾਨ ਹੋਈ। ਮੈਂ ਕਈ ਛੰਦ ਰਚੇਤਿਆਂ ਦੀ ਉਂਗਲ ਫੜ ਕੇ ਉਨ੍ਹਾਂ ਨੂੰ ਅੱਗੇ ਤੋਰਦੀ ਰਹੀ। ਉਦੋਂ ਤੱਕ ਕਾਗਜ਼, ਕਲਮ ਅਤੇ ਸਿਆਹੀ ਵੀ ਹੋਂਦ ਵਿੱਚ ਆ ਗਏ ਸਨ, ਪਰ ਬਾਰਾਂ ਕੋਹਾਂ ਦੀ ਦੂਰੀ ’ਤੇ ਬੋਲੀਆਂ ਦੇ ਵਖਰੇਵੇਂ, ਲਿਖਾਰੀਆਂ ਦੀ ਪਹਿਚਾਣ ਫੈਲਣ ਵਿੱਚ ਅੜਿੱਕਾ ਬਣ ਜਾਂਦੇ ਸਨ। ਬਾਬੇ ਨਾਨਕ ਦੀ ਸਮਾਧੀ ’ਚੋਂ ਗੁਰਬਾਣੀ ਫੁਰਨ ਲੱਗ ਪਈ। ਉਨ੍ਹਾਂ ਨੇ ਆਪਣੇ ਮਨ ਦੀ ਆਵਾਜ਼ ਨੂੰ ਤੁਕਬੰਦ ਕਰਦਿਆਂ ਉਸ ਨੂੰ ਦਿਨ ਤੇ ਰੁੱਤਾਂ ਦੇ ਸਮੇਂ ਦੇ ਅਨੁਕੂਲ ਰਾਗਾਂ ਵਿੱਚ ਪਰੋਇਆ।
ਆਹ ਬੈਠਾ ਮੇਰਾ ਵੀਰ ਕਿੱਸਾ, ਇਸ ਨੂੰ ਤਾਂ ਮੈਂ ਆਪਣੇ ਹੱਥੀਂ ਖਿਡਾ ਖਿਡਾ ਕੇ ਵੱਡਾ ਕੀਤਾ ਸੀ। ਸੂਫ਼ੀਆਂ ਨਾਲ ਮੇਰੇ ਸੰਪਰਕ ਤੋਂ ਬਾਅਦ ਹੀ ਲੋਕਾਂ ਨੂੰ ਕੁਦਰਤ ਨਾਲ ਜੋੜਨ ਲਈ ਬੁੱਲ੍ਹੇ ਸ਼ਾਹ ਤੇ ਹੋਰ ਸਾਧਾਂ ਸੰਤਾਂ ਹੱਥੋਂ ਬੜਾ ਲਿਖਵਾਇਆ ਗਿਆ। ਪੂਰਨ-ਭਗਤ, ਹੀਰ-ਰਾਂਝੇ, ਸ਼ੀਰੀ-ਫਰਿਆਦ, ਸੱਸੀ-ਪੁੰਨੂੰ ਦੀਆਂ ਗੱਲਾਂ ਜੇ ਮੈਂ ਨਾ ਕਰਿਆ ਕਰਦੀ ਹੁੰਦੀ ਤਾਂ ਵੀਰ ਕਿੱਸੇ ਨੇ ਉਨ੍ਹਾਂ ਨੂੰ ਕਿੱਥੋਂ ਲੱਭ ਲੈਣਾ ਸੀ।
ਸਮੇਂ ਦੀ ਤੋਰ ਨਾਲ ਸਾਡੇ ਭੈਣ-ਭਰਾਵਾਂ ਦੀ ਗਿਣਤੀ ਵਧਦੀ ਗਈ। ਵਿਚਾਰਵਾਨਾਂ ਨੇ ਸਮੇਂ ਦੀ ਨਬਜ਼ ਫੜਦਿਆਂ ਸਾਡੀਆਂ ਆਦਤਾਂ ਵਿੱਚ ਸੁਧਾਰ ਕੀਤੇ ਤਾਂ ਜੋ ਅਸੀਂ ਆਪਣੇ ਚਾਹੁਣ ਵਾਲਿਆਂ ਦੀ ਪਸੰਦ ਬਣੇ ਰਹੀਏ। ਮਨੁੱਖਾਂ ਨੂੰ ਧਰਮਾਂ ਵਿੱਚ ਵੰਡਣ ਦੀ ਤਰਜ਼ ’ਤੇ ਸਾਨੂੰ ਵੀ ਵੰਨਗੀਆਂ ਵਿੱਚ ਵੰਡਿਆ ਜਾਣ ਲੱਗਾ। ਇੱਕ ਹੀ ਲਿਖਤ ਨੂੰ ਕੋਈ ਸਲਾਹੁਣ ਤੇ ਕੋਈ ਨਿੰਦਣ ਲੱਗ ਪਿਆ। ਸਾਡੇ ਮੁੱਲ ਪੈਣ ਲੱਗੇ ਤਾਂ ਵੀ ਮੈਨੂੰ ਬਹੁਤੀ ਤਕਲੀਫ਼ ਨਾ ਹੋਈ, ਜਿੰਨਾ ਦੁੱਖ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਸਿਰ ’ਤੇ ਚੁੱਕਣ ਦੇ ਰੁਝਾਨ ਦਾ ਹੋਣ ਦਾ ਹੁੰਦਾ ਹੈ। ਅਜੋਕੇ ਯੁੱਗ ਵਿੱਚ ਆਈ ਤਕਨੀਕੀ ਕ੍ਰਾਂਤੀ ਨੇ ਜਿੱਥੇ ਸਾਡਾ ਕਾਗਜ਼ ’ਤੇ ਛਪਣਾ ਬੜਾ ਹੀ ਸੌਖਾਲਾ ਕਰ ਦਿੱਤਾ, ਉੱਤੇ ਹਰੇਕ ਦੇ ਹੱਥਾਂ ਵਿੱਚ ਫੜੇ ਨਿੱਕੇ ਨਿੱਕੇ ਯੰਤਰਾਂ ਨੇ ਸਾਡੇ ਦਰਸ਼ਨ ਕਰਨ ਲਈ ਕਾਗਜ਼ ਤੇ ਸਿਆਹੀ ਦੀ ਲੋੜ ਵੀ ਖ਼ਤਮ ਕਰ ਦਿੱਤੀ ਹੈ। ਇਸ ਕ੍ਰਾਂਤੀ ਨੇ ਮਨੁੱਖੀ ਰੁਚੀਆਂ ਖ਼ਤਮ ਤਾਂ ਨਹੀਂ ਕੀਤੀਆਂ, ਪਰ ਖੋਰਾ ਜ਼ਰੂਰ ਲਾਇਆ ਹੋਇਆ। ਹੁਣ ਸਾਹਿਤ ਪੜ੍ਹਨ ਲਈ ਲਾਇਬ੍ਰੇਰੀ ਨਹੀਂ ਜਾਣਾ ਪੈਂਦਾ। ਹੱਥ ਵਿੱਚ ਫੜੇ ਖਿਡੌਣੇ ਦੀ ਸਕਰੀਨ ’ਤੇ ਹੀ ਮਨਚਾਹਿਆ ਸਭ ਕੁੱਝ ਪ੍ਰਗਟ ਹੋ ਜਾਂਦਾ ਹੈ।
ਮੇਰੇ ਪਿਆਰੇ ਭੈਣੋਂ ਤੇ ਵੀਰੋ, ਉਦਾਸ ਨਹੀਂ ਹੋਣਾ। ਅਸੀਂ ਤਾਂ ਪਾਠਕਾਂ ਨੂੰ ਏਕਤਾ ਵਿੱਚ ਅਨੇਕਤਾ ਦੀ ਸਿੱਖਿਆ ਦੇਣ ਵਾਲੇ ਹਾਂ। ਸਾਡੀ ਹੋਂਦ ਹੈ ਏਕਤਾ ਅਤੇ ਇਹ ਇਸ ’ਤੇ ਹੀ ਕਾਇਮ ਹੈ। ਮੁੱਢ ਕਦੀਮ ਤੋਂ ਸਮਾਂ ਆਪਣੀ ਚਾਲੇ ਚੱਲਦਾ ਆਇਆ ਹੈ ਤੇ ਚੱਲ ਰਿਹਾ ਅਤੇ ਚੱਲਦਾ ਹੀ ਰਹੇਗਾ। ਉਸ ਦੀ ਤੋਰ ਦੇ ਨਾਲ ਹੀ ਅਸੀਂ ਮਨੁੱਖੀ ਰੁਚੀਆਂ ਦੀ ਥਾਹ ਲਾਉਂਦੇ ਹੋਏ ਆਪਣੇ ਸਰੂਪ ਵਿੱਚ ਬਦਲਾਅ ਕਰਨ ਤੋਂ ਕਦੇ ਨਾ ਝਿਜਕੀਏ। ਇਹੀ ਮੇਰਾ ਸੰਦੇਸ਼ ਹੈ ਅਤੇ ਤੁਹਾਡੀ ਭੈਣ ਕਹਾਣੀ ਦੀ ਇਹੀ ਨਿੱਕੀ ਜਿਹੀ ਕਹਾਣੀ ਹੈ ਜੋ ਮੈਂ ਸਾਂਝੀ ਕਰਕੇ ਮਨ ਹੌਲਾ ਕਰ ਲਿਆ ਹੈ।’’
ਸੰਪਰਕ: +16044427676