For the best experience, open
https://m.punjabitribuneonline.com
on your mobile browser.
Advertisement

ਕਹਾਣੀਆਂ

06:53 AM Jul 25, 2024 IST
ਕਹਾਣੀਆਂ
Advertisement

ਵਾਛੜ

ਹਰਪ੍ਰੀਤ ਪੱਤੋ
‘‘ਮੈਂ ਕਿਹਾ ਜੀ! ਆਪਣੀ ਬੀਹੀ ਵਾਲੀ ਕੱਚੀ ਕੰਧ ਐਤਕੀਂ ਆਪਾਂ ਤੋਂ ਮਿੱਟੀ ਨਾਲ ਲਿਪੀ ਨਹੀਂ ਗਈ। ਮੀਹਾਂ ਦੀ ਰੁੱਤ ਐ, ਕਿਤੇ ਖੁਰ ਕੇ ਡਿੱਗ ਈ ਨਾ ਪਵੇ। ਤੁਸੀਂ ਜਾ ਕੇ ਨਿਗ੍ਹਾ ਮਾਰ ਕੇ ਵੇਖੋ। ਉਸ ਨੂੰ ਪੁਰਾਣੀਆਂ ਪੱਲੀਆਂ ਬੋਰੀਆਂ ਨਾਲ ਢੱਕ ਦੇਈਏ, ਕਿਤੇ ਰਾਤ ਨੂੰ ਮੀਂਹ ਨਾ ਆ ਜਾਵੇ। ਊਂ ਇਤਬਾਰ ਕੋਈ ਨ੍ਹੀਂ, ਕਦੋਂ ਮੀਂਹ ਲਹਿ ਪਵੇ।’’ ਇਹ ਗੱਲ ਸੀਬੋ ਨੇ ਆਪਣੇ ਘਰਵਾਲੇ ਬੰਤੇ ਨੂੰ ਘਰ ਦਾ ਸਾਮਾਨ ਵਾਛੜ ਤੋਂ ਬਚਾਉਣ ਲਈ ਆਸੇ-ਪਾਸੇ ਕਰਦਿਆਂ ਆਖੀ। ਸਾਉਣ ਦਾ ਮਹੀਨਾ ਹੋਣ ਕਰਕੇ ਮੀਂਹ ਰੁੱਤੇ ਅਕਸਰ ਕਾਮਿਆਂ ਮਜ਼ਦੂਰਾਂ ਦੇ ਕੱਚੇ ਕੋਠੇ ਡਿਗੂੰ-ਡਿਗੂੰ ਕਰਦੇ ਚੋਣ ਲੱਗ ਜਾਂਦੇ ਹਨ।
ਇਸ ਲਈ ਬੰਤੇ ਨੇ ਪਹਿਲਾਂ ਹੀ ਆਪਣੇ ਕੱਚੇ ਖੋਲੇ ਦੇ ਗੋਲੇ ਥੱਲੇ ਥੰਮ੍ਹੀ ਲਾਈ ਹੋਈ ਸੀ।
ਦਿਨ ਦਾ ਛਿਪਾਅ ਹੋਣ ਕਾਰਨ ਬਾਹਰ ਘੁਸਮੁਸਾ ਜਿਹਾ ਸੀ। ਬੰਤੇ ਨੇ ਪੱਲੀ ਚੁੱਕ ਬਾਹਰ ਮੂੰਹ ਕੱਢ ਕੇ ਵੇਖਿਆ, ਬਰੀਕ ਕਣੀਆਂ ਡਿੱਗਣ ਲੱਗ ਪਈਆਂ ਸਨ। ‘‘ਇਹ ਤਾਂ ਝੜੀ ਐ ਭਾਗਵਾਨੇ! ਕੱਚਿਆਂ ਖੋਲਿਆਂ ਦੀ ਦੁਸ਼ਮਣ ਐ, ਕੰਧਾਂ ਵਿੱਚ ਰਚ ਜਾਂਦੀ ਐ ਤੇ ਛੱਤਾਂ ਚੋਣ ਲਾ ਦਿੰਦੀ ਐ। ਲੈ ਮੈਂ ਪੱਲੀਆਂ ਫੜ ਲਿਆਵਾਂ।’’ ਇਹ ਕਹਿ ਬੰਤਾ ਗੁਆਂਢੀਆਂ ਦੇ ਘਰ ਪੁਰਾਣੀਆਂ ਪੱਲੀਆਂ ਲੈਣ ਲਈ ਚਲਾ ਗਿਆ। ਮੀਂਹ ਹੋਰ ਤੇਜ਼ ਹੋ ਗਿਆ। ਹੁਣ ਵਾਛੜ ਵੀ ਕੱਚੀ ਕੰਧ ਵੱਲ ਦੀ, ਬੰਤਾ ਕੰਧ ’ਤੇ ਪੱਲੀ ਪਾਵੇ ਤਾਂ ਕਿਵੇਂ ਪਾਵੇ। ਕੰਧ ਪਿਲ ਪਿਲ ਕਰੇ। ਬੰਤਾ ਅੰਦਰ ਆਇਆ, ‘‘ਭਾਗਵਾਨੇ ਹੁਣ ਕਿਵੇਂ ਕਰੀਏ! ਚੱਲ ਰੱਬ ਦਾ ਆਸਰਾ। ਹੁਣ ਤੂੰ ਜਵਾਕਾਂ ਦਾ ਮੰਜਾ ਅਹੁ ਕੰਧ ਨਾਲ ਲਾ ਦੇ। ਇੱਕ ਤੁਲ ਆਪਾਂ ਇਧਰਲੀ ਕੰਧ ਦੇ ਗੋਲੇ ਥੱਲੇ ਵੀ ਲਾ ਦਿੰਨੇ ਆਂ।’’
ਬਾਹਰ ਕਾਫ਼ੀ ਹਨੇਰਾ ਸੀ। ਕੁਝ ਰਾਤ ਤੇ ਕੁਝ ਜ਼ੋਰਦਾਰ ਮੀਂਹ ਕਰਕੇ। ਏਨੇ ਨੂੰ ਧੜੰਮ ਕਰਕੇ ਨਾਲ ਵਾਲੇ ਬਾਰੂ ਕੀ ਕੰਧ ਡਿੱਗਣ ਦੀ ਆਵਾਜ਼ ਆਈ। ‘‘ਹੁਣ ਕਿਤੇ ਆਪਣੀ ਵਾਰੀ...’’ ਵਾਹਿਗੁਰੂ ਵਾਹਿਗੁਰੂ ਕਰਦੀ ਸੀਬੋ ਕੋਠੇ ਦੇ ਇੱਕ ਖੂੰਜੇ ਵਿੱਚ ਬੈਠ ਗਈ। ਹਨੇਰੀ ਰਾਤ ਉੱਤੋਂ ਮੀਂਹ ਦਾ ਜ਼ੋਰ, ਦੀਵਾ ਵੀ ਭਕ ਭਕ ਕਰਦਾ ਬੁਝਣ ਦੇ ਕਰੀਬ ਸੀ।
ਖ਼ੈਰ, ਸਾਰੇ ਦਿਨ ਦਾ ਥੱਕਿਆ ਬੰਤਾ ਜਵਾਕਾਂ ਵਾਲੇ ਮੰਜੇ ਦੇ ਪੈਂਦੀਏ ਜਿਵੇਂ ਸਾਰੇ ਕੁਝ ਤੋਂ ਬੇਖ਼ਬਰ ਸੌਂ ਗਿਆ ਸੀ ਤੇ ਸੋਚਾਂ ’ਚ ਡੁੱਬੀ ਸੀਬੋ ਵੀ ਵਾਛੜ ਤੇ ਕੱਚੀਆਂ ਕੰਧਾਂ ਭੁੱਲ ਨੀਂਦ ਦੀ ਬੁੱਕਲ ਵਿੱਚ ਸਮਾ ਗਈ ਸੀ।
ਸੰਪਰਕ: 94658-21417
* * *

Advertisement

ਵਣ ਮਹਾਂਉਤਸਵ

ਜਤਿੰਦਰ ਮੋਹਨ
ਵਣ ਮਹਾਂਉਤਸਵ ਮਨਾਉਣ ਵਾਲਿਆਂ ਦੀ ਵੱਡੀ ਭੀੜ ਲੱਗੀ ਹੋਈ ਸੀ। ਬਹੁਤ ਸਾਰੇ ਪੌਦੇ ਟਰਾਲੀ ਵਿੱਚ ਲੱਦੇ ਹੋਏ ਸਨ। ਇਹ ਕਾਰਜ ਬੜਾ ਨੇਕ ਸੀ। ਮਜ਼ਦੂਰ ਟੋਏ ਪੁੱਟ ਰਹੇ ਸਨ ਤਾਂ ਜੋ ਪੌਦੇ ਲਾਏ ਜਾ ਸਕਣ। ਸਭ ਮਜ਼ਦੂਰਾਂ ਵਿੱਚੋਂ ਕਾਲਾ ਵੱਧ ਮਿਹਨਤੀ ਸੀ, ਉਸ ਦਾ ਪਸੀਨਾ ਮੱਥੇ ਤੋਂ ਰੁੜ੍ਹਦਾ ਰੁੜ੍ਹਦਾ ਗਿੱਟਿਆਂ ਦੇ ਰਸਤੇ ਧਰਤੀ ਨੂੰ ਗਿੱਲਾ ਕਰ ਰਿਹਾ ਸੀ। ਇੱਕ ਬਜ਼ੁਰਗ ਔਰਤ ਉਨ੍ਹਾਂ ਦਿਹਾੜੀਆਂ ਵਿੱਚ ਹੀ ਸੀ। ਉਸ ਨੂੰ ਕਾਲੇ ਦੀ ਹਾਲਤ ਦੇਖ ਕੇ ਤਰਸ ਆ ਗਿਆ ਤਾਂ ਉਸ ਨੇ ਉਸ ਨੂੰ ਬੁਲਾਇਆ, ‘‘ਆ ਜਾ ਪੁੱਤ ਕਾਲਿਆ, ਆ ਜਾ ਦਮ ਲੈ ਲੈ, ਪਾਣੀ ਪੀ ਲੈ।’’
‘‘ਆਉਂਦਾਂ ਦਾਦੀ।’’ ਕਹਿ ਕੇ ਉਹ ਉਸ ਕੋਲ ਆ ਕੇ ਬੈਠ ਗਿਆ। ਬਜ਼ੁਰਗ ਔਰਤ ਨੇ ਪਲਾਸਟਿਕ ਦੀ ਬੋਤਲ ਚੁੱਕੀ ਜਿਹੜੀ ਜੂਟ ਦੇ ਕੱਪੜੇ ਨਾਲ ਮੜ੍ਹੀ ਹੋਈ ਸੀ ਤਾਂ ਕਿ ਪਾਣੀ ਗਰਮ ਨਾ ਹੋਵੇ। ਥੋੜ੍ਹੀ ਦੇਰ ਆਰਾਮ ਕਰਕੇ ਕਾਲੇ ਨੇ ਪਾਣੀ ਪੀਤਾ ਅਤੇ ਉੱਠ ਕੇ ਕੰਮ ਕਰਨ ਲਈ ਚਲਾ ਗਿਆ। ਹੋਰ ਮਜ਼ਦੂਰ ਵੀ ਕੰਮ ਕਰ ਰਹੇ ਸਨ।
ਕੁਝ ਸਮੇਂ ਬਾਅਦ ਪਿੰਡ ਦੇ ਮੋਹਤਬਰ ਬੰਦੇ ਉੱਥੇ ਆ ਗਏ ਅਤੇ ਪੌਦੇ ਲਾਉਣ ਦਾ ਕੰਮ ਚੱਲ ਪਿਆ। ਪੌਦੇ ਕੋਈ ਹੋਰ ਲਾ ਰਿਹਾ ਸੀ ਤੇ ਕਿਸੇ ਹੋਰ ਦੀਆਂ ਹੀ ਫੋਟੋਆਂ ਧੜਾਧੜ ਖਿੱਚੀਆਂ ਜਾ ਰਹੀਆਂ ਸਨ। ਕਈ ਸੱਜਣ ਤਾਂ ਲੱਗੇ ਲਗਾਏ ਪੌਦੇ ’ਤੇ ਵੀ ਫੋਟੋ ਖਿਚਵਾ ਕੇ ਵਾਤਾਵਰਨ ਨੂੰ ਸ਼ੁੱਧ ਕਰ ਰਹੇ ਸਨ। ਇਸ ਤਰ੍ਹਾਂ ਇਹ ਕੰਮ ਕਾਫ਼ੀ ਸਮਾਂ ਚੱਲਦਾ ਰਿਹਾ। ਭੀੜ ਖਿੰਡ ਗਈ ਅਤੇ ਹੁਣ ਸਿਰਫ਼ ਮਜ਼ਦੂਰ ਹੀ ਉੱਥੇ ਸਨ। ਅਗਲੇ ਦਿਨ ਅਖ਼ਬਾਰ ਵਿੱਚ ਵਣ ਮਹਾਂਉਤਸਵ ਮਨਾਉਣ ਦੀ ਖ਼ਬਰ ਛਪੀ ਜਿਸ ਨਾਲ ਉਨ੍ਹਾਂ ਦੀਆਂ ਫੋਟੋਆਂ ਛਪੀਆਂ ਹੋਈਆਂ ਸਨ ਜਿਨ੍ਹਾਂ ਨੇ ਕੁਝ ਵੀ ਨਹੀਂ ਸੀ ਕੀਤਾ। ਵਣ ਮਹਾਂਉਤਸਵ ਦੇ ਇਹ ਅਸਲ ਨਾਇਕ ਰਹਿੰਦੇ ਪੌਦੇ ਲਾਉਣ ਲਈ ਅਗਲੇ ਦਿਨ ਵੀ ਟੋਏ ਪੁੱਟ ਰਹੇ ਸਨ।
ਸੰਪਰਕ: 94630-20766
* * *

Advertisement

ਬਾਇਸਕੋਪ ਵਾਲਾ

ਵਰਿੰਦਰ ਸ਼ਰਮਾ
ਅੱਜ ਦੇ ਯੁੱਗ ਵਿੱਚ ਵੀ ਆਪਣੇ ਮੁਹੱਲੇ ਵਿੱਚ ਇੱਕ ਗ਼ਰੀਬ ਬੰਦੇ ਨੂੰ ਮੈਲੇ ਕੁਚੈਲੇ ਕੱਪੜੇ ਪਾਏ ਬਾਇਸਕੋਪ ਲਿਜਾਂਦੇ ਵੇਖਿਆ। ਉਹ ਸੱਤਵੇਂ-ਅੱਠਵੇਂ ਦਹਾਕੇ ਦੀ ਆਵਾਜ਼ ਕੱਢ ਕੇ ਆਪਣੀ ਆਵਾਜ਼ ਵਿੱਚ ਕਹਿ ਰਿਹਾ ਸੀ। “ਵੇਖੋ, ਵੇਖੋ... ਬਾਇਸਕੋਪ ਵੇਖੋ, ਦਿੱਲੀ ਦਾ ਕੁਤੁਬਮੀਨਾਰ ਵੇਖੋ, ਮੁੰਬਈ ਦਾ ਫਿਲਮਿਸਤਾਨ ਵੇਖੋ, ਆਗਰਾ ਦਾ ਤਾਜਮਹਿਲ ਵੇਖੋ।’’ ਬਹੁਤ ਸਾਰੇ ਬੱਚੇ ਉਸ ਦੇ ਨੇੜੇ ਆ ਗਏ।
ਮੈਂ ਮੂੰਹ ਬਣਾਉਂਦਿਆਂ ਕਿਹਾ, ‘‘ਐਵੇਂ ਇੱਧਰ ਆ ਜਾਂਦੇ ਹਨ। ਕੁਝ ਵਿਖਾਉਣ, ਕੁਝ ਵੇਚਣ। ਕਦੇ ਭੇਲਪੂਰੀ ਵਾਲਾ, ਕਦੇ ਗੁਬਾਰੇ ਵਾਲਾ ਤੇ ਕਦੇ ਕੁਲਚੇ ਛੋਲੇ ਵੇਚਣ ਵਾਲਾ। ਸਾਰਿਆਂ ਦਾ ਰੇਟ ‘ਦਸ ਰੁਪਏ’ ਹੀ ਹੁੰਦਾ ਹੈ। ਸਾਡੇ ਜ਼ਮਾਨੇ ’ਚ ਇਹ 5-10 ਪੈਸੇ ਦੀ ਹੀ ਖੇਡ ਸੀ। ਅੱਜ ਦੇ ਬੱਚੇ ਤਾਂ ਬਹੁਤ ਜ਼ਿੱਦੀ ਹਨ। ਉਨ੍ਹਾਂ ਨੂੰ ਕੀ ਪਤਾ ਪੈਸਾ ਕਿਵੇਂ ਕਮਾਇਆ ਜਾਂਦਾ ਹੈ? ਬਸ ਇਹ ਆਪਣੀ ਹੀ ਜ਼ਿੱਦ ਪੁਗਾਉਣਾ ਚਾਹੁੰਦੇ ਹਨ। ਕੱਲੂ ਬਾਇਸਕੋਪ ਵਾਲੇ ਨੇ ਫਿਰ ਆਵਾਜ਼ ਦਿੱਤੀ ਤਾਂ ਗਲੀ ਦੇ ਹੋਰ ਬੱਚੇ ਚੰਨੂ, ਮੁੰਨੂ, ਰਾਧਾ, ਰਿਦਮ, ਨਿਵਾਨ, ਆਰਵ ਤੇ ਅਰਮਾਨ ਬਾਹਰ ਆ ਗਏ ਅਤੇ ਬਾਇਸਕੋਪ ਦੇ ਆਲੇ-ਦੁਆਲੇ ਫੋਟੋਆਂ ਰਾਹੀਂ ਦੇਸ਼-ਵਿਦੇਸ਼ ਦੀ ਸੈਰ ਕਰਨ ਦੀ ਤਿਆਰੀ ਕਰਨ ਲੱਗੇ। ਉਸ ਵੇਲੇ ਮੇਰੇ ਦੋਵੇਂ ਬੱਚੇ ਨੰਨੂ-ਮੰਨੂ ਵੀ ਉੱਥੇ ਆ ਗਏ। ਜਦੋਂ ਮੈਂ ਬਾਇਸਕੋਪ ਵਾਲੇ ਤੋਂ ਰੇਟ ਪੁੱਛਿਆ ਤਾਂ ਉਸ ਨੇ ਦੋ ਰੁਪਏ ਦੱਸਿਆ। ਬੱਚਿਆਂ ਲਈ ਗੋਲ ਡੱਬੇ ਇੱਕ-ਇੱਕ ਕਰਕੇ ਖੋਲ੍ਹ ਦਿੱਤੇ ਗਏ। ਬੱਚਿਆਂ ਨੇ ਆਪਣੇ ਛੋਟੇ-ਛੋਟੇ ਹੱਥ ਗੋਲ ਬਕਸੇ ਵਿੱਚ ਟਿਕਟਿਕੀ ਲਗਾਉਣ ਲਈ ਗੋਲੇ ’ਤੇ ਰੱਖੇ ਅਤੇ ਅੰਦਰ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਸੂਈ ਵਾਲਾ ਤਵਾ ਚੱਲ ਪਿਆ। ਵੱਖ-ਵੱਖ ਝਾਕੀਆਂ ਨੂੰ ਵੇਖ ਕੇ ਬੱਚੇ ਖ਼ੁਸ਼ੀ ਨਾਲ ਝੂਮ ਰਹੇ ਸਨ। ਜਦੋਂ ਤਮਾਸ਼ਾ ਖ਼ਤਮ ਹੋ ਗਿਆ ਤਾਂ ਮੈਂ ਸਾਰੇ ਬੱਚਿਆਂ ਦੇ ਪੈਸੇ ਦੇ ਦਿੱਤੇ। ਜਦੋਂ ਮੈਂ ਉਸ ਨੂੰ ਖ਼ੁਸ਼ ਹੁੰਦੇ ਹੋਏ 100 ਰੁਪਏ ਇਨਾਮ ਵਜੋਂ ਹੋਰ ਦੇਣੇ ਚਾਹੇ ਤਾਂ ਉਸ ਨੇ ਕਿਹਾ, ‘‘ਸਰ, ਮੈਂ ਬੇਸ਼ੱਕ ਗ਼ਰੀਬ ਹਾਂ ,ਪਰ ਮੈਂ ਆਪਣੀ ਜ਼ਮੀਰ ਨਹੀਂ ਵੇਚਦਾ ਫਿਰਦਾ।’’
ਬਾਇਸਕੋਪ ਵਾਲੇ ਨੂੰ ਮੈਂ ਪੁੱਛਿਆ, ‘‘ਇੰਨੇ ਥੋੜ੍ਹੇ ਪੈਸਿਆਂ ਨਾਲ ਤੁਸੀਂ ਕਿਵੇਂ ਗੁਜ਼ਾਰਾ ਕਰਦੇ ਹੋ। ਤੁਹਾਡਾ ਪਰਿਵਾਰ ਵੀ ਹੋਵੇਗਾ। ਬੀਵੀ, ਬੱਚੇ ਆਦਿ।’’
ਮੇਰੀ ਗੱਲ ਸੁਣ ਕੇ ਉਹ ਰੋ ਪਿਆ। ਉਹ ਕਹਿਣ ਲੱਗਾ, ‘‘ਮੈਂ ਕੀ ਦੱਸਾਂ, ਸਰ! ਮੇਰਾ ਵੀ ਕਦੇ ਪੂਰਾ ਸੁਖੀ ਪਰਿਵਾਰ ਸੀ। ਲੌਕਡਾਊਨ ਕਾਰਨ ਮੇਰੀ ਨੌਕਰੀ ਚਲੀ ਗਈ। ਪਰਿਵਾਰ ਕਰੋਨਾ ਦਾ ਸ਼ਿਕਾਰ ਹੋ ਗਿਆ। ਢਿੱਡ ਲੱਗਿਆ ਹੈ ਹੈ ਤਾਂ ਕਮਾਉਣਾ ਤਾਂ ਪੈਣਾ ਹੀ ਸੀ। ਇਸ ਲਈ ਇਸ ਪੁਰਾਣੇ ਬਾਇਸਕੋਪ ਨੂੰ ਕਬਾੜੀਏ ਤੋਂ ਇੱਕ ਹਜ਼ਾਰ ’ਚ ਖਰੀਦ ਲਿਆ। ਮੈਂ ਸਾਰਾ ਦਿਨ ਗਲੀ-ਗਲੀ ’ਚ ਫਿਰ ਥੋੜ੍ਹੀ-ਬਹੁਤ ਕਮਾਈ ਕਰ ਲੈਂਦਾ ਹਾਂ। ਮੈਨੂੰ ਕੋਈ ਲਾਲਚ ਨਹੀਂ ਹੈ। ਸਿਰਫ਼ ਦੋ ਵਕਤ ਦੀ ਰੋਟੀ ਚਾਹੀਦੀ ਹੈ। ਮੈਂ ਭੀਖ ਮੰਗਣ ਨੂੰ ਕਲੰਕ ਸਮਝਦਾ ਹਾਂ। ਇਨ੍ਹਾਂ ਬੱਚਿਆਂ ’ਚ ਮੈਨੂੰ ਆਪਣੇ ਬੱਚਿਆਂ ਦਾ ਅਕਸ ਵੇਖਣ ਨੂੰ ਮਿਲਦਾ ਹੈ।’’ ਇਹ ਕਹਿ ਕੇ ਉਸ ਦਾ ਗਲਾ ਭਰ ਆਇਆ। ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਜਦੋਂ ਫਿਰ ਮਹਾਂਮਾਰੀ ਫੈਲੀ ਤਾਂ ਪਤਾ ਲੱਗਾ ਕਿ ਉਹ ਆਪਣੇ ਰਾਜ ’ਚ ਚਲਾ ਗਿਆ ਹੈ।
* * *

ਬਤਾਊਂ

ਦਵਿੰਦਰ ਕੌਰ ਥਿੰਦ
ਮੇਰੇ ਭੂਆ ਜੀ ਉੜੀਸਾ ਰਹਿੰਦੇ ਸਨ। ਉਨ੍ਹਾਂ ਦੇ ਤਿੰਨਾਂ ਬੱਚਿਆਂ ਬੱਬੂ, ਗੋਲੂ ਅਤੇ ਰਿਸ਼ੀ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਸਨ। ਉਹ ਸਾਡੇ ਕੋਲ ਪੰਜਾਬ ਆਏ ਹੋਏ ਸਨ। ਉਨ੍ਹਾਂ ਦਾ ਦੋਸਤ ਆਸ਼ੀਸ਼ ਵੀ ਨਾਲ ਆਇਆ ਹੋਇਆ ਸੀ।
ਆਸ਼ੀਸ਼ ਨੂੰ ਭਾਵੇਂ ਪੰਜਾਬੀ ਨਹੀਂ ਸੀ ਆਉਂਦੀ, ਪਰ ਉਹ ਸਾਡੀ ਹਰ ਗੱਲ ਸਮਝਣ ਦਾ ਯਤਨ ਕਰਦਾ। ਉਹ ਮੇਰੇ ਪਾਪਾ ਨੂੰ ਵੀ ਬਹੁਤ ਪਿਆਰ ਕਰਦਾ। ਬੱਬੂ ਵੀਰ ਦੀ ਰੀਸ ਮੇਰੀ ਮੰਮੀ ਨੂੰ ਵੀ ਮਾਮੀ ਜੀ ਕਹਿੰਦਾ। ਜੇਕਰ ਮੇਰੇ ਮੰਮੀ ਉਸ ਨੂੰ ਕੋਈ ਕੰਮ ਕਹਿੰਦੇ ਤਾਂ ਉਹ ਭੱਜ ਕੇ ਕਰਦਾ। ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਕਿਉਂ ਜੋ ਉਹ ਸਭ ਦਾ ਬਹੁਤ ਮੋਹ ਕਰਦਾ ਸੀ।
ਜਦੋਂ ਸਵੇਰੇ ਮੰਮੀ ਮੋੜ ਵਾਲੀ ਦੁਕਾਨ ’ਤੇ ਸਬਜ਼ੀ ਲੈਣ ਜਾਂਦੇ ਤਾਂ ਉਹ ਵੀ ਨਾਲ ਜਾਂਦਾ। ਇੱਕ ਦਿਨ ਮੰਮੀ ਕੰਮ ਕਰ ਰਹੇ ਸੀ ਤਾਂ ਕਹਿਣ ਲੱਗੇ ਕਿ ਅੱਜ ਘਰ ਰਿਸ਼ਤੇਦਾਰ ਆਉਣੇ ਹਨ ਅਤੇ ਮੇਰੇ ਬਹੁਤ ਕੰਮ ਪਏ ਹਨ, ਅਜੇ ਸਬਜ਼ੀ ਵੀ ਲੈ ਕੇ ਆਉਣੀ ਹੈ।
ਆਸ਼ੀਸ਼ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਨੇ ਕਿਹਾ ਕਿ ਸਬਜ਼ੀ ਉਹ ਲੈ ਆਵੇਗਾ।
ਉਹ ਸਬਜ਼ੀ ਲੈਣ ਚਲਾ ਗਿਆ, ਪਰ ਜਲਦੀ ਹੀ ਰੋਂਦਾ ਹੋਇਆ ਵਾਪਸ ਆ ਗਿਆ।
ਸਾਰੇ ਆਸ਼ੀਸ਼ ਨੂੰ ਪੁੱਛਣ ਲੱਗੇ ਕਿ ਹੋਇਆ ਹੈ। ਉਹ ਕਹਿਣ ਲੱਗਿਆ, ‘‘ਮੈਨੇ ਸਬਜ਼ੀ ਵਾਲੇ ਭਈਆ ਸੇ ਸਬਜ਼ੀਓਂ ਕੇ ਰੇਟ ਪੂਛੇ ਤੋ ਉਸ ਨੇ ਬਤਾ ਦੀਏ। ਜਬ ਮੈਨੇ ਉਸ ਸੇ ਬੈਂਗਨ ਕਾ ਰੇਟ ਪੂਛਾ ਤੋ ਵੋ ਮੁਝੇ ਗੁੱਸੇ ਮੈਂ ਬਤਾਓ! ਬਤਾਓ! ਬਤਾਓ ਕਹਿਨੇ ਲਗਾ।’’
ਮੰਮੀ ਨੇ ਰੋਂਦੇ ਹੋਏ ਆਸ਼ੀਸ਼ ਨੂੰ ਚੁੱਪ ਕਰਵਾਉਣ ਲਈ ਕਿਹਾ, ‘‘ਚੱਲ ਆਪਾਂ ਸਬਜ਼ੀ ਵਾਲੇ ਦੀ ਦੁਕਾਨ ’ਤੇ ਜਾ ਕੇ ਪੁੱਛਦੇ ਹਾਂ ਕਿ ਉਹ ਤੈਨੂੰ ਕਿਉਂ ਗੁੱਸੇ ਹੋ ਰਿਹਾ ਸੀ।’’
ਦੁਕਾਨ ’ਤੇ ਜਾ ਕੇ ਮੰਮੀ ਨੇ ਭਾਈ ਨੂੰ ਅਸ਼ੀਸ਼ ਨਾਲ ਗੁੱਸੇ ਹੋਣ ਦਾ ਕਾਰਨ ਪੁੱਛਿਆ ਤਾਂ ਭਾਈ ਨੇ ਦੱਸਿਆ, ‘‘ਇਹ ਬੈਂਗਨ-ਬੈਂਗਨ ਕਹੀ ਜਾਂਦਾ ਸੀ! ਮੈਨੂੰ ਸਮਝ ਨਹੀਂ ਸੀ ਆ ਰਹੀ ਸੀ ਕਿ ਕਿਹਨੂੰ ਕਹਿੰਦਾ ਹੈ! ਮੈਂ ਇਸ ਨੂੰ ਕਿਹਾ ਬਤਾਊਂ।’’
ਮੰਮੀ ਸਮਝ ਗਏ ਕਿ ਨਾ ਆਸ਼ੀਸ਼ ਦੀ ਗ਼ਲਤੀ ਹੈ ਤੇ ਨਾ ਸਬਜ਼ੀ ਵਾਲੇ ਦੀ। ਦੋਵਾਂ ਨੂੰ ਇੱਕ ਦੂਜੇ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਆਸ਼ੀਸ਼ ਨੂੰ ਗ਼ਲਤਫਹਿਮੀ ਹੋਈ ਹੈ ਕਿਉਂਕਿ ਬੈਂਗਣ ਨੂੰ ਪੰਜਾਬੀ ਵਿੱਚ ਬਤਾਊਂ ਹੀ ਕਹਿੰਦੇ ਹਨ। ਜਦੋਂ ਸਬਜ਼ੀ ਵਾਲੇ ਨੇ ਉੱਚੀ ਆਵਾਜ਼ ਵਿੱਚ ਬਤਾਊਂ! ਬਤਾਊਂ! ਕਿਹਾ ਤਾਂ ਆਸ਼ੀਸ਼ ਨੂੰ ਲੱਗਿਆ ਕਿ ਇਹ ਗੁੱਸੇ ਵਿੱਚ ਮੈਨੂੰ ਕਹਿ ਰਿਹਾ ਹੈ ਕਿ ਬਤਾਊਂ (ਦੱਸਾਂ?)। ਇਹ ਸੁਣ ਕੇ ਆਸ਼ੀਸ਼ ਡਰਦਾ ਮਾਰਾ ਘਰ ਭੱਜ ਆਇਆ ਸੀ।
ਸੰਪਰਕ: 84278-33552

Advertisement
Author Image

Advertisement