ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣੀਆਂ

06:54 AM Jul 27, 2023 IST

ਦੇਖ ਕਬੀਰਾ...
ਮੋਹਨ ਸ਼ਰਮਾ

Advertisement

ਹੜ੍ਹਾਂ ਦੀ ਕਰੋਪੀ ਕਾਰਨ ਕਈ ਜ਼ਿਲ੍ਹਿਆਂ ਦੇ ਲੋਕਾਂ ਹਿੱਸੇ ਹਿਜਰਤ ਆ ਗਈ ਹੈ। ਉਹ ਆਪਣੇ ਜ਼ਰੂਰੀ ਸਾਮਾਨ ਅਤੇ ਬੱਚਿਆਂ ਨਾਲ ਸੁਰੱਖਿਅਤ ਥਾਵਾਂ ਵੱਲ ਕੂਚ ਕਰ ਗਏ ਹਨ। ਕਈ ਪਰਿਵਾਰ ਪਾਣੀ ਦੀ ਕਰੋਪੀ ਕਾਰਨ ਛੱਤਾਂ ’ਤੇ ਚਲੇ ਗਏ ਹਨ। ਛੱਤ ’ਤੇ ਸਹਿਮੇ ਜਿਹੇ ਬੈਠੇ ਪਰਿਵਾਰਕ ਮੈਂਬਰ ਬੱਦਲ ਛਟਣ ਦੀ ਆਸ ਵਿੱਚ ਆਸਮਾਨ ਵੱਲ ਵੇਖ ਰਹੇ ਹਨ। ਹੇਠਾਂ ਘਰਾਂ ਵਿੱਚ ਵੜਿਆ ਗੋਡੇ ਗੋਡੇ ਪਾਣੀ, ਉੱਪਰ ਖੁਲ੍ਹੀ ਛੱਤ ਤੇ ਟੱਟੀ-ਪਿਸ਼ਾਬ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਪਾਣੀ ਪੀਣ ਅਤੇ ਰੱਜ ਕੇ ਰੋਟੀ ਖਾਣ ਤੋਂ ਗੁਰੇਜ਼ ਕਰ ਰਹੇ ਹਨ। ਵਰ੍ਹਦੇ ਮੀਂਹ ਦੀ ਕਰੋਪੀ, ਖੁੱਲ੍ਹੀ ਛੱਤ ’ਤੇ ਡੇਰਾ, ਘਰ ਦਾ ਸਾਮਾਨ ਪਾਣੀ ਦੀ ਲਪੇਟ ਵਿੱਚ, ਟੂਟੀਆਂ ਦਾ ਗੰਧਲਾ ਪਾਣੀ, ਲੋਕਾਂ ਨਾਲੋਂ ਸੰਪਰਕ ਟੁੱਟਣਾ, ਪਾਣੀਆਂ ਵਿੱਚ ਤੈਰਦੇ ਜ਼ਹਿਰੀਲੇ ਸੱਪਾਂ ਕਾਰਨ ਛਿੜੀ ਕੰਬਣੀ, ਬਿਜਲੀ ਦਾ ਬੰਦ ਹੋਣਾ, ਰਾਸ਼ਨ-ਪਾਣੀ ਅਤੇ ਦੁੱਧ ਦੀ ਕਿੱਲਤ ਕਾਰਨ ਲੋਕਾਂ ਨੇ ਮੌਤ ਅਤੇ ਨਰਕ ਦਾ ਮੰਜ਼ਰ ਬੜਾ ਨੇੜਿਉਂ ਹੋ ਕੇ ਵੇਖਿਆ ਹੈ।
ਅਜਿਹੀ ਸਥਿਤੀ ਵਿੱਚ ਲੀਡਰਾਂ ਅਤੇ ਅਖੌਤੀ ਸਮਾਜ ਸੇਵਕਾਂ ਨੇ ਬੱਚਿਆਂ ਨੂੰ ਗੋਦੀ ਚੁੱਕ ਕੇ ਗੋਡੇ ਗੋਡੇ ਪਾਣੀ ਵਿੱਚ ਖੜੋ ਕੇ, ਉਨ੍ਹਾਂ ਦੇ ਹੱਥ ਵਿੱਚ ਇੱਕ-ਦੋ ਕੇਲੇ ਫੜਾ ਕੇ ਜਾਂ ਫਿਰ ਵਗਦੇ ਪਾਣੀ ਵੱਲ ਰੀਝ ਨਾਲ ਵਿਹੰਦਿਆਂ ‘ਸਥਿਤੀ ਦਾ ਜਾਇਜ਼ਾ ਲੈਣ’ ਦੀਆਂ ਫੋਟੋਆਂ ਖਿਚਵਾ ਕੇ ਹੜ੍ਹ ਪੀੜਤਾਂ ਲਈ ਮਗਰਮੱਛ ਦੇ ਹੰਝੂ ਵਹਾਏ ਹਨ।
ਦੂਜੇ ਪਾਸੇ ਇੱਕ ਨੌਜਵਾਨ ਟਰੈਕਟਰ ਪਿੱਛੇ ਸਿੰਗਲ ਫੇਸ ਦਾ ਜਨਰੇਟਰ ਲੱਦ ਕੇ ਪਲਾਸ, ਟੇਪ ਰੋਲ ਆਦਿ ਲੈ ਕੇ ਹੜ੍ਹਾਂ ਦੀ ਮਾਰ ਹੇਠ ਆਏ ਹਰ ਘਰ ਵਿੱਚ ਦਸਤਕ ਦੇ ਕੇ ਨਿਮਰਤਾ ਸਹਿਤ ਕਹਿੰਦਾ ਹੈ, ‘‘ਜੇ ਥੋਡੇ ਘਰ ਸਬਮਰਸੀਬਲ ਮੋਟਰ ਲੱਗੀ ਹੈ ਤਾਂ ਜਨਰੇਟਰ ਰਾਹੀਂ ਪਾਣੀ ਦੀ ਟੈਂਕੀ ਭਰ ਦਿੰਦਾ ਹਾਂ। ਫਰੀ ਸੇਵਾ ਹੈ ਜੀ।’’ ਪਾਣੀ ਦੀ ਟੈਂਕੀ ਭਰਦਿਆਂ ਜਦੋਂ ਕੋਈ ਉਸ ਦੀ ਫੋਟੋ ਖਿੱਚਣਾ ਚਾਹੁੰਦਾ ਹੈ ਤਾਂ ਉਹ ਬੇਨਤੀ ਭਰੇ ਲਹਿਜੇ ਵਿੱਚ ਕਹਿੰਦਾ ਹੈ, ‘‘ਫੋਟੋ ਨਾ ਖਿੱਚਿਉ ਜੀ... ... ਮੈਂ ਮਾਮੂਲੀ ਸੇਵਾਦਾਰ ਹਾਂ, ਲੀਡਰ ਨਹੀਂ।’’ ਨਾਲ ਹੀ ਆਪਣਾ ਕਾਰਡ ਦਿੰਦਿਆਂ ਕਹਿੰਦਾ ਹੈ, ‘‘ਕੋਈ ਵੀ ਲੋੜ ਹੋਵੇ, ਇਸ ਨੰਬਰ ’ਤੇ ਫੋਨ ਕਰ ਦੇਣਾ।’’ ਫਿਰ ਉਹਦੇ ਹੱਥ ਦੁਆ ਲਈ ਜੁੜ ਜਾਂਦੇ ਹਨ। ਲੋਕਾਂ ਨੂੰ ਹੌਸਲਾ ਦਿੰਦਿਆਂ ਕਹਿੰਦਾ ਹੈ, ‘‘ਬਸ ਇੱਕ ਦੋ ਦਨਿ ਦਾ ਸੰਕਟ ਹੈ। ਡੋਲਿਉ ਨਾ, ਵਾਹਿਗੁਰੂ ਮੇਹਰ ਕਰੇਗਾ।’’
ਸੰਪਰਕ: 94171-48866
* * *
ਕੁਕਨੂਸ
ਜਗਜੀਤ ਸਿੰਘ ਲੋਹਟਬੱਦੀ
ਕੁਦਰਤ ਡਾਢੀ ਕਰੋਪ ਸੀ। ਮੀਂਹ ਝੱਖੜ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਸੁਰੈਣਾ ਤੂੜੀ ਵਾਲੇ ਕੋਠੇ ਦੀ ਇੱਕ ਨੁੱਕਰੇ ਸਹਿਮਿਆ ਜਿਹਾ ਬੈਠਾ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ। ਸੁਰਤ ਸੰਭਲਦੇ ਹੀ ਗ਼ਮਾਂ ਦੀ ਪੰਜਾਲ਼ੀ ਗਲ ਪੈ ਗਈ ਸੀ। ਸਾਰੀ ਉਮਰ ਸੀਰ ਕਰਦੇ ਕਰਦੇ ਦੋ ਖਣਾਂ ਦਾ ਕੱਚਾ ਪੱਕਾ ਜਿਹਾ ਕੋਠਾ ਛੱਤਿਆ ਸੀ, ਪਰ ਘੁਣ ਨੇ ਲੱਕੜ ਨੂੰ ਮਿੱਟੀ ਬਣਾ ਧਰਿਆ। ਸ਼ੁਕਰ ਸੀ, ਕਿਤੇ ਥੱਲੇ ਨੀ ਆ ਗਏ।
“ਚੱਲ ਛੱਡ, ਵਾਗ੍ਹਰੂ ਨੇ ਜੋ ਕੀਤਾ, ਉਹਦਾ ਭਾਣਾ,” ਚਰਨੋ ਨੇ ਬੁਸੇ ਜਿਹੇ ਮਨ ਨਾਲ ਢਾਰਸ ਬੰਨ੍ਹੀ। ਅੰਦਰੋਂ ਉਹ ਆਪ ਵੀ ਟੁੱਟ ਚੁੱਕੀ ਸੀ।
“ਅਸੀਂ ਭਲਾ ਕਿਹੜਾ ਰੱਬ ਦੇ ਮਾਂਹ ਮਾਰੇ ਸੀ,” ਸੁਰੈਣੇ ਨੂੰ ਝੋਰਾ ਖਾ ਰਿਹਾ ਸੀ।
ਹਾਲੇ ਕੱਲ੍ਹ ਦੀ ਗੱਲ ਹੈ, ਕਿੰਨੀ ਖ਼ੁਸ਼ੀ ਨਾਲ ‘ਆਪਣੇ’ ਢਾਰੇ ’ਚ ਗਏ ਸਨ, ਪਰ ਮਲਾਲ ਥੋੜ-ਚਿਰਾ ਸੀ। ਆਫ਼ਤ ਆਈ ਤਾਂ ਜੀਤੇ ਨੰਬਰਦਾਰ ਨੇ ਤੂੜੀ ਵਾਲੇ ਕੋਠੇ ਦੇ ਕਪਾਟ ਖੋਲ੍ਹ ਹੌਸਲਾ ਦਿੱਤਾ ਸੀ, “ਕੋਈ ਨ੍ਹੀਂ ਬਾਈ, ਇੱਥੇ ਜਿੰਨਾ ਚਿਰ ਮਰਜ਼ੀ ਰਹਿ... ਦਿਲ ’ਤੇ ਨਾ ਲਾਈਂ। ਮਾੜਾ ਚੰਗਾ ਟੈਮ ਬੰਦਿਆਂ ’ਤੇ ਈ ਆਉਂਦੈ।” ਸੋਚਾਂ ਨੇ ਹਲੂਣਾ ਦਿੱਤਾ। ਇੰਨੇ ਨੂੰ ਗਿੱਲੀਆਂ ਛਟੀਆਂ ਨੂੰ ਚੁੱਲ੍ਹੇ ਵਿੱਚ ਫੂਕਾਂ ਮਾਰਦੀ ਚਰਨੋ ਨੇ ਲਿੱਸੀ ਜਿਹੀ ਚਾਹ ਦਾ ਗਲਾਸ ਸੁਰੈਣੇ ਮੂਹਰੇ ਲਿਆ ਧਰਿਆ। ਸਰੀਰਾਂ ਵਿੱਚ ਜਿਵੇਂ ਸਾਹ ਸਤ ਹੀ ਨਾ ਹੋਵੇ।
ਨਜ਼ਰ ਸਾਹਮਣੇ ਗਈ ਤਾਂ ਬਿਜੜਾ ਆਪਣੀ ਸਾਥਣ ਨਾਲ ਟਾਹਲੀ ’ਤੇ ‘ਘਰ’ ਬਣਾਉਣ ਵਿੱਚ ਰੁੱਝਿਆ ਹੋਇਆ ਸੀ। ਦੋਵੇਂ ਉੱਡ ਕੇ ਜਾਂਦੇ, ਘਾਹ ਦੇ ਤੀਲੇ ਇਕੱਠੇ ਕਰ ਕੇ ਲਿਆਉਂਦੇ ਤੇ ਚਿਣ ਦਿੰਦੇ। ਦੇਖਦੇ ਦੇਖਦੇ ਆਲ੍ਹਣਾ ਨੇੜੇ ਲੱਗ ਗਿਆ ਸੀ। ਸੁਰੈਣੇ ’ਚ ਪਤਾ ਨਹੀਂ ਕਿੱਥੋਂ ਤਾਕਤ ਆਈ, “ਚਰਨ ਕੁਰੇ, ਘਾਟ-ਵਾਧ ਤਾਂ ਚੱਲਦੀ ਰਹਿੰਦੀ ਐ। ਚੱਲ, ਫੇਰ ਨਵਾਂ ਘਰ ਬਣਾਈਏ।” ਇਸ ਤੋਂ ਪਹਿਲਾਂ ਕਿ ਚਰਨੋ ਨੂੰ ਕੋਈ ਸਮਝ ਪੈਂਦੀ, ਦੋਵਾਂ ਨੇ ਕਹੀ ਤਸਲਾ ਚੁੱਕਿਆ, ਖੇਸ ਦੀ ਬੁੱਕਲ਼ ਮਾਰੀ ਤੇ ਬਾਹਰ ਨਿਕਲ ਗਏ। ਬਿਜਲੀ ਅਜੇ ਵੀ ਕੜਕ ਰਹੀ ਸੀ।
ਸੰਪਰਕ: 89684-33500
* * *
ਫੋਟੋ
ਹਰਭਿੰਦਰ ਸਿੰਘ ਸੰਧੂ
ਹੜ੍ਹ ਪੀੜਤ ਇਲਾਕੇ ਵਿੱਚ ਲੰਗਰ ਲੈ ਕੇ ਪਹੁੰਚੀ ਕੁਝ ਨੌਜਵਾਨਾਂ ਦੀ ਟੀਮ ਨੇ ਜਦੋਂ ਗੱਡੀ ਖੜ੍ਹੀ ਕਰ ਸਪੀਕਰ ’ਚ ਬੋਲਣਾ ਸ਼ੁਰੂ ਕੀਤਾ ਤਾਂ ਝੱਟ ਹੀ ਤੰਬੂਆਂ ਵਿੱਚ ਬੈਠੇ ਹੜ੍ਹ ਪੀੜਤ ਲੋਕ ਆਪੋ ਆਪਣੇ ਭਾਂਡੇ ਲੈ ਗੱਡੀ ਵੱਲ ਨੂੰ ਹੋ ਤੁਰੇ। ਉਨ੍ਹਾਂ ਨੂੰ ਆਉਂਦਿਆਂ ਦੇਖ ਇੱਕ ਨੌਜਵਾਨ ਨੇ ਆਪਣਾ ਕੈਮਰਾ ਚਾਲੂ ਕੀਤਾ ਅਤੇ ਫੋਟੋਆਂ ਖਿੱਚਣ ਲੱਗਿਆ। ਜੀਤੋ ਪਿਛਲੇ ਦੋ ਦਨਿਾਂ ਤੋਂ ਬੁਖਾਰ ਨਾਲ ਪਈ ਸੀ। ਉਸ ਨੇ ਆਪਣੀ ਮੁਟਿਆਰ ਧੀ ਨੂੰ ਲੰਗਰ ਲਿਆਉਣ ਲਈ ਕਿਹਾ ਤਾਂ ਉਹ ਬੋਲੀ, ‘‘ਮੰਮੀ, ਤੁਸੀਂ ਹੀ ਲੈ ਆਓ। ਲੰਗਰ ਵੰਡਣ ਵਾਲੇ ਫੋਟੋਆਂ ਵੀ ਖਿੱਚ ਰਹੇ ਨੇ, ਮੈਨੂੰ ਸ਼ਰਮ ਆਉਂਦੀ ਏ।’’ ਇਹ ਸੁਣ ਕੇ ਜੀਤੋ ਖ਼ੁਦ ਹੀ ਡੱਬਾ ਫੜ ਲੰਗਰ ਵਾਲੀ ਗੱਡੀ ਵੱਲ ਤੁਰ ਪਈ।
ਸੰਪਰਕ: 97810-81888

Advertisement
Advertisement