ਮਨੋਵਿਗਿਆਨ ’ਤੇ ਕੇਂਦਰਿਤ ਕਹਾਣੀਆਂ
ਸੁਖਮਿੰਦਰ ਸੇਖੋਂ
ਇੱਕ ਪੁਸਤਕ - ਇੱਕ ਨਜ਼ਰ
ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਸੰਪਾਦਿਤ ਪੁਸਤਕ ‘ਹਥੇਲੀ ’ਤੇ ਰੱਖਿਆ ਸੂਰਜ’ (ਸੰਪਾਦਕ: ਮਨਜੀਤ ਸਿੰਘ (ਡਾ.); ਕੀਮਤ: 750 ਰੁਪਏ; ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ) ਵਿੱਚ ਕਿਸ ਪ੍ਰਕਾਰ ਦੀਆਂ ਕਹਾਣੀਆਂ ਹਨ ਕਿਉਂਕਿ ਬਰੈਕਟਾਂ ਵਿੱਚ ਹੀ ਸੰਪਾਦਕ ਨੇ ਦਰਜ ਕਰ ਦਿੱਤਾ ਹੈ। ਉਸੇ ਅਨੁਸਾਰ ਹੀ ਸੰਪਾਦਕ ਨੇ ਕਹਾਣੀਆਂ ਚੁਣ ਕੇ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਹਨ। ਪਹਿਲੀ, ਦੂਸਰੀ ਤੇ ਤੀਸਰੀ ਪੀੜ੍ਹੀ ਦੇ ਕਹਾਣੀਕਾਰਾਂ ਨੇ ਅਜਿਹੇ ਵਿਸ਼ਿਆਂ ’ਤੇ ਬਿਹਤਰ ਕਹਾਣੀਆਂ ਲਿਖੀਆਂ ਹਨ ਜਿਨ੍ਹਾਂ ਦੀ ਚਰਚਾ ਹੁਣ ਵੀ ਗਾਹੇ-ਬਗਾਹੇ ਹੁੰਦੀ ਰਹਿੰਦੀ ਹੈ। ਚੌਥੀ ਪੀੜ੍ਹੀ ਤੇ ਖ਼ਾਸ ਕਰਕੇ ਪੰਜਵੀਂ ਪੀੜ੍ਹੀ ਅਜਿਹੀਆਂ ਕਹਾਣੀਆਂ ਵੱਲ ਵਧੇਰੇ ਰੁਚਿਤ ਜਾਪਦੀ ਹੈ। ਦਰਅਸਲ, ਪੁਰਾਣੀਆਂ ਬਹੁਤੀਆਂ ਕਹਾਣੀਆਂ ਗੁੰਝਲਦਾਰ ਨਾ ਹੋ ਕੇ ਇਕਹਿਰੀ ਬੁਣਤੀ ਦੀਆਂ ਵੀ ਲਿਖੀਆਂ ਗਈਆਂ ਤੇ ਕੁਝ ਇੱਕ ਕਹਾਣੀਕਾਰਾਂ ਨੇ ਇਸ ’ਤੇ ਵਿਸ਼ੇਸ਼ ਧਿਆਨ ਦਿੰਦਿਆਂ ਲੰਬੀਆਂ ਤੇ ਪਾਏਦਾਰ ਕਹਾਣੀਆਂ ਦੀ ਰਚਨਾ ਕੀਤੀ। ਪਹਿਲੀ ਕਹਾਣੀ ਨਵੀਂ ਕਹਾਣੀਕਾਰ ਦੀ ‘ਅਣਕਹੀ ਪੀੜ’ (ਵਿਪਿਨ ਗਿੱਲ) ਦਰਜ ਕੀਤੀ ਗਈ ਹੈ। ਅਜੋਕੇ ਦੌਰ ਵਿੱਚ ਰਚਾਏ ਜਾਂਦੇ ਪ੍ਰੇਮ ਸਬੰਧਾਂ ਲਈ ਵਿਆਹ ਬੰਧਨ ਤੋਂ ਮੁਕਤ ਵਿਵਸਥਾ ਦਾ ਰਾਹ ਮੋਕਲਾ ਕਰਦਿਆਂ ਮਾਹੌਲ ਤੇ ਪਾਤਰਾਂ ਨੂੰ ਜ਼ੁਬਾਨ ਦਿੰਦਿਆਂ ਕਹਾਣੀ ਸਮਾਜਿਕ ਰਵਾਇਤਾਂ ਨੂੰ ਨਾਟਕੀ ਅੰਦਾਜ਼ ਵਿੱਚ ਚੁਣੌਤੀ ਦਿੰਦੀ ਜਾਪਦੀ ਹੈ। ਪਰ ਉਦੋਂ ਕਹਾਣੀ ਸਮਾਜ ਤੇ ਪਰਿਵਾਰ ਦੀ ਪਰੰਪਰਾ ਵਿੱਚੋਂ ਉੱਭਰੇ ਸੰਵਾਦ ਨਾਲ ਜਾਤੀਗਤ ਮਸਲਾ ਵੀ ਖੜ੍ਹਾ ਕਰ ਜਾਂਦੀ ਹੈ: ਮਾਮੇ ਮੈਨੂੰ ਅਕਸਰ ਛੇੜਦੇ ਨੇ, ਸ਼ੁਕਰ ਐ ਕੁੜੀ ਸਾਡੇ ਅਰਗੀ ਆ, ਕਿਤੇ ... ’ਤੇ ਨਹੀਂ ਚਲੀ ਗਈ। ਬੂਟਾ ਸਿੰਘ ਚੌਹਾਨ ਦੀ ਕਹਾਣੀ ਵੀ ਆਖਰ ਇੱਕੋ ਡਾਇਲਾਗ ਨਾਲ ਆਪਣੇ ਵਿਸ਼ੇ ਦੀ ਪ੍ਰਤੀਕਾਤਮਕ ਢੰਗ ਨਾਲ ਪੂਰਤੀ ਕਰਦੀ ਪ੍ਰਤੀਤ ਹੁੰਦੀ ਹੈ: ਇਹ ਅਰਹਰ ਦਾ ਬੂਟਾ ਐ। ਇਹ ਚੰਦਨ ਦੇ ਬੂਟੇ ਦੇ ਨਾਲ ਲਾਉਣਾ ਪਵੇਗਾ। ਜਿਉਂ-ਜਿਉਂ ਚੰਦਨ ਦਾ ਬੂਟਾ ਜੜ੍ਹ ਲਾਉਂਦਾ ਜਾਵੇਗਾ, ਅਰਹਰ ਦਾ ਬੂਟਾ ਸੁੱਕਣ ਲੱਗ ਪਵੇਗਾ। ਚੰਦਨ ਦਾ ਬੂਝਾ ਵਧਣੇ ਪੈ ਜਾਵੇਗਾ ਅਤੇ ਅਰਹਰ ਦਾ ਬੂਟਾ ਸੁੱਕ ਜਾਵੇਗਾ।
ਕਹਾਣੀਕਾਰਾਂ ਵਿੱਚ ਕੁਝ ਹੋਰ ਚਰਚਿਤ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਨੇ ਪਹਿਲੋਂ ਹੀ ਕਥਾ ਜਗਤ ਨੂੰ ਨਮੂਨੇ ਦੀਆਂ ਕਹਾਣੀਆਂ ਦਿੱਤੀਆਂ ਹਨ, ਮਸਲਨ ਗੁਰਮੀਤ ਕੜਿਆਲਵੀ, ਜਤਿੰਦਰ ਹਾਂਸ, ਕੇਸਰਾ ਰਾਮ, ਬਲੀਜੀਤ ਆਦਿ। ਇੱਕ ਪੁਰਾਣੇ ਕਹਾਣੀਕਾਰ ਕਿਰਪਾਲ ਕਜ਼ਾਕ ਦੀ ਕਹਾਣੀ ਇੱਛਾਧਾਰੀ ਨੂੰ ਵੀ ਸੰਪਾਦਕ ਨੇ ਸ਼ਾਮਿਲ ਕੀਤਾ ਹੈ। ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਮਨੋਵਿਗਿਆਨ ਨਾਲ ਸਬੰਧਤ ਚੰਗੀਆਂ ਦਰਮਿਆਨੀਆਂ ਕਹਾਣੀਆਂ ਤਾਂ ਸਾਡੇ ਕੋਲ ਪਹਿਲਾਂ ਹੀ ਮੌਜੂਦ ਹਨ, ਲੇਕਿਨ ਨਵੇਂ ਕਹਾਣੀਕਾਰ ਅਜਿਹੀਆਂ ਕਹਾਣੀਆਂ ਨੂੰ ਕਿਸ ਮਾਹੌਲ ਤੇ ਪਾਤਰਾਂ ਦੇ ਧੁਰ ਲਹਿੰਦਿਆਂ ਆਪਣੀ ਗੱਲ ਕਿਵੇਂ ਕਹਿੰਦੇ ਤੇ ਕਰਦੇ ਹਨ ਉਹ ਪਾਠਕ ਨੂੰ ਕਿੰਨੀਆਂ ਕੁ ਟੁੰਬਣ ਦੀ ਸਮਰੱਥਾ ਰੱਖਦੀਆਂ ਹਨ? ਇਹ ਗੱਲ, ਤੱਥ ਵਧੇਰੇ ਮਹੱਤਵਪੂਰਣ ਹੈ। ਅਨੇਮਨ ਸਿੰਘ ਅਲਬੇਲਾ ਕਹਾਣੀਕਾਰ ਹੈ ਤੇ ਕਹਾਣੀ ਨਾਲ ਜੁੜਿਆ ਚਰਚਿਤ ਨਾਂ ਹੈ। ਇਸ ਪੁਸਤਕ ਵਿੱਚ ਉਸ ਦੀ ਕਹਾਣੀ ਡੌਂਟ ਮਾਈਂਡ ਪੇਸ਼ ਹੈ ਜੋ ਪਾਠਕ ਨੂੰ ਸਹਿਜੇ ਹੀ ਆਪਣੇ ਨਾਲ ਤੋਰਦੀ ਹੈ। ਸਿਰਲੇਖ ਕਹਾਣੀ (ਆਗਾਜ਼ਬੀਰ) ਵੀ ਪਾਠਕ ਤੋਂ ਆਪਣੀ ਗੱਲ ਮਨਵਾਉਣ ਵਿੱਚ ਪਿੱਛੇ ਨਹੀਂ ਰਹਿੰਦੀ ਤੇ ਇਹ ਨਿੱਕਾ ਜਿੰਨਾ ਡਾਇਲਾਗ ਉਸ ਦੀ ਕਹਾਣੀ ਦੇ ਵਿਸ਼ੇ ਨੂੰ ਪ੍ਰਗਟਾਉਣ ਦਾ ਸਬੱਬ ਬਣਦਾ ਹੈ- ‘ਗੁੱਡਮੈਨ’ ਧਨਵੰਤਰੀ ਦੇ ਸਰੀਰ ਨਾਲ ਖੇਡਦਾ ਰਿਹਾ। ਸਮਾਂ ਪੈਣ ’ਤੇ ਤੋੜ ਤੁੜਾਈ ਕਰ ਗਿਆ। ਬੱਚਿਆਂ ਨੂੰ ਅਮਰੀਕਾ ਕਲਚਰ ਖਾ ਗਿਆ। ਮਾਂ ਲਈ ਸਪੇਸ ਉਨ੍ਹਾਂ ਵਿੱਚ ਨਹੀਂ ਸੀ। ਸੰਤਾਪ ਤੇ ਝੋਰਾ ਖਾ ਗਿਆ ਧਨਵੰਤਰੀ ਨੂੰ।
ਦੀਪਤੀ ਬਬੂਟਾ ਦੀ ਛੱਲਾਂ ਵੀ ਪਾਠਕ ਦਾ ਧਿਆਨ ਜ਼ਰੂਰ ਖਿੱਚੇਗੀ। ਇਸ ਲੰਬੀ ਕਹਾਣੀ ਦਾ ਅੰਤ ਪਾਠਕ ਨੂੰ ਅਚੰਭਿਤ ਕਰ ਜਾਂਦਾ ਹੈ: ਅੱਜ ਮੈਂ ਪੂਰਾ ਸੁਪਨਾ ਵੇਖਿਆ ਤੇ ਰੱਜ ਰੱਜ ਨਹਾਤੀ। ਮਹਿੰਦਰ ਸਿੰਘ ਤਤਲਾ ਵੀ ਦੇਰ ਤੋਂ ਕਹਾਣੀ ਲਿਖਦਾ ਆ ਰਿਹਾ ਹੈ ਤੇ ਇਸ ਪੁਸਤਕ ਵਿੱਚ ਉਸ ਦੀ ਕਹਾਣੀ ਕੰਧ ’ਤੇ ਲਿਖਿਆ ਲਫ਼ਜ਼ ਦਰਜ ਕੀਤੀ ਗਈ ਹੈ। ਇਉਂ ਹੀ ਹੋਰਨਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਵੀ ਆਪੋ ਆਪਣੇ ਰੰਗ-ਢੰਗ ਨਾਲ ਪੇਸ਼ ਹਨ। ਕਹਾਣੀਕਾਰ ਤੇ ਆਲੋਚਕ ਨਿਰੰਜਣ ਬੋਹਾ ਦੀ ਤੂੰ ਇੰਜ ਨਾ ਕਰੀਂ, ਬਲਦੇਵ ਸਿੰਘ ਢੀਂਡਸਾ ਦੀ ਬੇਅਦਬੀ, ਅਮਰਜੀਤ ਸਿੰਘ ਮਾਨ ਦੀ ਸੁਪਨਾ, ਸਵਾਮੀ ਸਰਬਜੀਤ ਦੀ ਹਾੱਰਸ ਪਾਵਰ, ਸੰਦੀਪ ਸਮਰਾਲਾ ਦੀ ਗਤੀ, ਦਰਸ਼ਨ ਜੋਗਾ ਦੀ ਇੱਕ ਦਰਵਾਜ਼ਾ, ਸਿਮਰਨ ਧਾਲੀਵਾਲ ਦੀ ਨਿਸ਼ਾਨ। ਕੁੱਲ ਮਿਲਾ ਕੇ ਲਗਭਗ ਸਾਰੀਆਂ ਹੀ ਕਹਾਣੀਆਂ ਆਪੋ ਆਪਣੇ ਮੰਤਵ ਦਾ ਪੱਖ ਪੂਰਦੀਆਂ ਪਾਠਕ ਨੂੰ ਨਿਰਾਸ਼ ਨਹੀਂ ਕਰਦੀਆਂ, ਪਰ ਕੁਝ ਕੁ ਕਹਾਣੀਆਂ ਪਾਠਕ ਨੂੰ ਵਧੇਰੇ ਟੁੰਬਣਗੀਆਂ ਜਾਂ ਕੀਲਣਗੀਆਂ, ਅਜਿਹਾ ਮੇਰਾ ਯਕੀਨ ਬਣਦਾ ਹੈ। ਇਹ ਕਹਾਣੀਆਂ ਅਜੋਕੀ ਪੰਜਾਬੀ ਕਹਾਣੀ ਦੀ ਮਨੋਵਿਗਿਆਨ ਦੀ ਜ਼ਮੀਨ ’ਤੇ ਨਿਸ਼ਾਨਦੇਹੀ ਕਰਦੀਆਂ ਹਨ ਅਤੇ ਸਾਹਿਤਕ ਪਰਦੇ ’ਤੇ ਉੱਘੜਵੇਂ ਰੰਗ ਪੇਸ਼ ਕਰਦੀਆਂ ਅਕਾਦਮਿਕ ਲੋੜਾਂ ਦਾ ਡੰਗ ਵੀ ਸਹਿਜੇ ਹੀ ਸਾਰਣਗੀਆਂ। ਅੱਜ ਦਾ ਮਨੁੱਖ ਯਥਾਰਥਕ ਪੱਧਰ ’ਤੇ ਕਿਸੇ ਵਡੇਰੇ ਸਮਾਜਿਕ ਜਾਂ ਰਾਜਨੀਤਕ ਪਹੁੰਚ ਦਾ ਲਖਾਇਕ ਨਹੀਂ ਸਗੋਂ ਉਸ ਦੀ ਨਿੱਜਪ੍ਰਸਤੀ ਉਸ ਨੂੰ ਆਮ ਕਰਕੇ ਲਘੂ ਮਨੁੱਖ ਵਜੋਂ ਉਭਾਰਦੀ ਹੈ। ਇਹ ਸੰਭਵ ਨਹੀਂ ਜਾਪਦਾ ਕਿ ਉਹ ਇਕੱਠਾਂ-ਮੇਲਿਆਂ ਵਿੱਚ ਵਿਚਰਦਾ ਵੀ ਆਪਣੇ ਜਾਤੀ ਲਾਭਾਂ ਤੇ ਸਵਾਰਥ ਤੋਂ ਛੁਟਕਾਰਾ ਪਾ ਜਾਵੇ। ਪੁਸਤਕ ਦੇ ਵਿਦਵਾਨ ਸੱਜਣ ਨੇ ਇੱਕੋ ਥਾਂ ਅਜਿਹੀਆਂ ਕਹਾਣੀਆਂ ਨੂੰ ਇਕੱਠਾ ਕਰ ਕੇ ਵਧੀਆ ਉਪਰਾਲਾ ਕੀਤਾ ਹੈ।
ਸੰਪਰਕ: 98145-07693