ਇੱਕੋ ਵਿਸ਼ੇ ’ਤੇ ਰਚੀਆਂ ਕਹਾਣੀਆਂ
ਸੁਖਮਿੰਦਰ ਸਿੰਘ ਸੇਖੋਂ
ਅਨੇਮਨ ਸਿੰਘ ਦੁਆਰਾ ਸੰਪਾਦਿਤ ਕਿਤਾਬ ‘ਹਵਾੜ੍ਹੇ ਸੁਫਨੇ’ (ਕੀਮਤ: 495 ਰੁਪਏ; ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ) ਵਿੱਚ 31 ਕਹਾਣੀਆਂ ਦਰਜ਼ ਹਨ। ਬਹੁ-ਵਿਧਾਵੀ ਸਮਰੱਥ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਤਨਖਾਹ, ਪਰਕ ਅਤੇ ਗੁਲਾਬੀ ਪਰਚੀ’ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਸੁਭਾਵਿਕ ਰੂਪ ਵਿੱਚ ਆਪਣੇ ਵਿਸ਼ੇ ਦੀ ਪੂਰਤੀ ਵੀ ਕਰ ਜਾਂਦੀ ਹੈ। ਵਫ਼ਾਤ ਪਾ ਚੁੱਕੇ ਦੋ ਕਹਾਣੀਕਾਰਾਂ ਦੀਆਂ ਕਹਾਣੀਆਂ ਹਾਜ਼ਰ ਹਨ, ਮਸਲਨ ਇਨ੍ਹਾਂ ਵਿੱਚ ਇੱਕ ਵੱਡਾ ਨਾਂ ਰਾਮ ਸਰੂਪ ਅਣਖੀ ਹੈ। ਆਕਾਰ ਪੱਖੋਂ ਕੁਝ ਵੱਡੀਆਂ ਕਹਾਣੀਆਂ ਦੇ ਬਰਾਬਰ ਹੀ ਕੁਝ ਨਿੱਕੀਆਂ ਕਹਾਣੀਆਂ ਯੋਗਦਾਨ, ਮਿੱਟੀ ਦਾ ਮੁੱਲ, ਬੰਦ ਮੁੱਠੀ ਨੂੰ ਵੀ ਥਾਂ ਦਿੱਤੀ ਗਈ ਹੈ। ਬਿੰਦਰ ਬਸਰਾ ਦੀ ਕਹਾਣੀ ‘ਤਹਿ’ ਪਾਠਕ ਨੂੰ ਉਂਗਲ ਲਾ ਤੁਰਦੀ ਹੈ।
ਪੁਸਤਕ ਦੀ ਸਿਰਲੇਖ ਕਹਾਣੀ ਦੀਪਤੀ ਬਬੂਟਾ ਨੇ ਰਚੀ ਹੈ। ਇਹ ਮਜ਼ਦੂਰ ਜਮਾਤ ਦੇ ਦੁੱਖਾਂ ਤਕਲੀਫ਼ਾਂ ਦੀ ਥਾਹ ਪਾਉਂਦੀ ਇੱਕ ਵਧੀਆ ਕਹਾਣੀ ਹੈ ਜਿਸ ਦਾ ਅੰਤ ਵੇਖਿਆਂ ਹੀ ਬਣਦਾ ਹੈ: ਸੰਨਾਟੇ ਨੂੰ ਚੀਰ ਕੇ ਠੇਕੇਦਾਰ ਦੇ ਖਰ੍ਹਵੇ ਬੋਲ ਗੂੰਜੇ, ਦੂਜੇ ਸੂਬੇ ਤੋਂ ਲੇਬਰ ਦਾ ਪ੍ਰਬੰਧ ਹੋ ਗਿਐ, ਤੇ ਹੁਣ ਤੁਹਾਡੀ ਏਥੇ ਲੋੜ ਨਹੀਂ। ਕਹਿਕੇ ਟੇਢੀ ਅੱਖ ਕਰਦਾ ਠੇਕੇਦਾਰ ਬੂਟ ਦੀ ਮਿੱਟੀ ਝਾੜ ਕੇ ਕੰਡ ਕਰ ਗਿਆ।
ਗੁਰਮੀਤ ਕੜਿਆਲਵੀ ਇੱਕ ਸਸ਼ਕਤ ਕਹਾਣੀਕਾਰ ਹੈ ਤੇ ਆਪਣੀ ਕਹਾਣੀ ‘ਛਿਲਤਰਾਂ’ ਵਿੱਚ ਵੀ ਉਹ ਸਫਲ ਰਿਹਾ ਹੈ। ਜਸਵੀਰ ਸਿੰਘ ਰਾਣਾ ਦਾ ਗੱਲ ਕਰਨ ਦਾ ਆਪਣਾ ਅੰਦਾਜ਼ ਹੈ ਜੋ ਕਥਾ ਬਿਰਤਾਂਤ ਸਿਰਜਦਿਆਂ ਕਿਧਰੇ ਥਿੜਕਦਾ ਨਹੀਂ ਤੇ ਉਸ ਦਾ ਪਾਤਰ ਨਿੱਗਰ ਗੱਲਾਂ ਕਰਦਾ ਸਾਡੇ ਵਿੱਚ ਹੀ ਕਿਤੇ ਵਿਚਰਦਾ ਨਜ਼ਰ ਆਉਂਦਾ ਹੈ। ‘ਜ਼ਰਾ ਬਚਕੇ ਮੋੜ ਤੋਂ’ ਇਸੇ ਲਈ ਇੱਕ ਪੜ੍ਹਨਯੋਗ ਰਚਨਾ ਬਣਦੀ ਹੈ। ਕਹਾਣੀਕਾਰ ਕਿਰਪਾਲ ਕਜ਼ਾਕ ਦੀ ਕਹਾਣੀ ‘ਹੁੰਮਸ’ ਸ਼ਾਮਿਲ ਕੀਤੀ ਹੈ।
ਇਹ ਕਹਾਣੀਆਂ ਕਹਾਣੀਕਾਰਾਂ ਦੀ ਆਪਣੀ ਸੀਮਾ ਤੇ ਸਮਰੱਥਾ ਦਾ ਮੁਜ਼ਾਹਰਾ ਕਰਦੀਆਂ ਹਨ। ਪੜ੍ਹਦਿਆਂ ਪਾਠਕ ਨਿਰਾਸ਼ ਨਹੀਂ ਹੋਵੇਗਾ, ਕੇਵਲ ਸਿਰਲੇਖ ਹੀ ਸਾਂਝੇ ਕੀਤੇ ਜਾ ਸਕਦੇ ਹਨ ਜਿਵੇਂ ਸਾਂਝ ਦੇ ਪਲ, ਹੁਣ ਤੂੰ ਹੋਰ ਨਾ ਪੁੱਛੀਂ, ਜੰਗਾਲਿਆ ਸਰੀਆ, ਠੀਹਾ, ਨੇਕੂ, ਬੰਦ ਮੁੱਠੀ, ਟਿੱਬਿਆਂ ਦੀ ਜੂਨ। ਕਹਾਣੀਆਂ ਦੀ ਚੋਣ ਸੰਪਾਦਕ ਦੀ ਆਪਣੀ ਹੈ। ਜਦੋਂ ਕੋਈ ਸੰਪਾਦਕ ਇੱਕੋ ਵਿਸ਼ੇ ’ਤੇ ਕਹਾਣੀਆਂ ਇਕੱਤਰ ਕਰਦਾ ਹੈ ਤਾਂ ਸੰਭਵ ਹੈ ਉਸ ਨੂੰ ਕੁਝ ਸੀਮਾਵਾਂ ਤੇ ਮਜਬੂਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੋਵੇਗਾ। ਇਸ ਦੇ ਬਾਵਜੂਦ ਕੁੱਲ ਮਿਲਾ ਕੇ ਸੰਪਾਦਕ ਆਪਣੇ ਮੰਤਵ ਵਿੱਚ ਕਾਮਯਾਬ ਹੀ ਰਿਹਾ ਹੈ। ਪਾਠਕ ਨੂੰ ਇੱਕੋ ਥਾਂ ਇੱਕੋ ਵਿਸ਼ੇ ਨਾਲ ਅਲੱਗ-ਅਲੱਗ ਸ਼ੈਲੀ ਤੇ ਅੰਦਾਜ਼ ਦੀਆਂ ਕਹਾਣੀਆਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਇਹੋ ਕਿਸੇ ਸੰਪਾਦਕ ਤੇ ਲੇਖਕ ਦਾ ਹਾਸਲ ਹੁੰਦਾ ਹੈ।
ਸੰਪਰਕ: 98145-07693