For the best experience, open
https://m.punjabitribuneonline.com
on your mobile browser.
Advertisement

ਕਹਾਣੀਆਂ

04:40 AM Jan 16, 2025 IST
ਕਹਾਣੀਆਂ
Advertisement

ਏਕਾ

ਸੁਖਮੰਦਰ ਪੁੰਨੀ

Advertisement

“ਮਾਰ, ਟਿਕਾ ਕੇ ਆਪਾ ਜਾਣ ਨਹੀਂ ਦੇਣੀ ਸਰ,” ਕਾਲੇ ਨੇ ਜ਼ੋਰ ਨਾਲ ਪੱਤਾ ਸੁੱਟਦਿਆਂ ਕਿਹਾ।
‘‘ਲੈ ਫਿਰ, ਤੂੰ ਕਿਹੜਾ ਰੋਜ਼ ਰੋਜ਼ ਆਖਣੈ,’’ ਚਰਨੇ ਨੇ ਸਾਰਾ ਜ਼ੋਰ ਲਗਾ ਕੇ ਪਾਨ ਦਾ ਯੱਕਾ ਸੁੱਟ ਦਿੱਤਾ।
ਤਾਸ਼ ਖੇਡਣ ਵਾਲਿਆਂ ਦੇ ਹੱਥਾਂ ਵਿੱਚ ਥੋੜ੍ਹੇ ਜਿਹੇ ਪੱਤੇ ਰਹਿ ਗਏ ਸਨ। ਆਲੇ-ਦੁਆਲੇ ਬੈਠੇ ਲੋਕ ਤਾਸ਼ ਖੇਡ ਤਾਂ ਨਹੀਂ ਰਹੇ ਸਨ, ਪਰ ਉਨ੍ਹਾਂ ਨੂੰ ਦੇਖ ਦੇਖ ਕੇ ਸੁਆਦ ਪੂਰਾ ਲੈ ਰਹੇ ਸਨ। ਜਿਹੜੀ ਧਿਰ ਕੋਲ ਸਰ ਜ਼ਿਆਦਾ ਬਣ ਜਾਣੀ ਸੀ, ਉਸ ਧਿਰ ਨੇ ਹੀ ਜਿੱਤ ਜਾਣਾ ਸੀ।
ਚਰਨ ਨੇ ਯੱਕਾ ਸੁੱਟ ਕੇ ਸਰ ਆਪਣੇ ਵੱਲ ਕਰ ਲਈ ਸੀ। ਪੱਤੇ ਇਕੱਠੇ ਕਰਨ ਲੱਗਾ।
‘‘ਹੁਣ ਆਪਾਂ ਕੋਟ ਵੀ ਨਹੀਂ ਛੱਡਦੇ ਕਰਾ ਕੇ ਛੱਡਾਂਗੇ,’’ ਕਾਲੇ ਨੇ ਬਣੀ ਹੋਈ ਸਰ ਦੀ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ।
“ਵਧੀਆ ਠੰਢ ’ਚ ਪਾ ਲਿਆ ਕਰਨਗੇ,” ਕੋਲ ਬੈਠੇ ਕਿਸੇ ਚੋਬਰ ਨੇ ਮਸ਼ਕਰੀ ਕੀਤੀ।
ਦੂਜੇ ਧਿਰ ਦੇ ਖਿਡਾਰੀ ਕਾਲੇ ਨੇ ਆਪਣੇ ਸਾਥੀ ਨੂੰ ਕਿਹਾ, “ਤੈਨੂੰ ਨਾ ਅਕਲ ਆਈ ਖੇਡਣ ਦੀ ਸਾਰਾ ਚਿੜੀਆ ਰੰਗ ਤਾਂ ਰੱਖੀ ਬੈਠਾ ਏਂ ਆਪਣੇ ਕੋਲ।”
“ਮੈਂ ਕੀ ਕਰਾਂ ਤੂੰ ਸਹੀ ਚਾਲ ਹੀ ਨਹੀਂ ਚੱਲੀ,” ਗੁੱਸੇ ਵਾਲਾ ਮੂੰਹ ਬਣਾ ਕੇ ਜੀਤੇ ਨੇ ਕਾਲੇ ਨੂੰ ਜਵਾਬ ਦਿੱਤਾ।
ਇੰਨੇ ਨੂੰ ਨਾਲ ਵਾਲੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿੱਚੋਂ ਭਾਈ ਜੀ ਨੇ ਆਵਾਜ਼ ਦਿੱਤੀ ਕਿ ਅੱਜ ਆਪਣੇ ਪਿੰਡ ਤੋਂ ਖਨੌਰੀ ਜਾਣਾ ਏ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ’ਤੇ ਬੈਠੇ ਕਿਸਾਨਾਂ ਦੇ ਹੱਕ ਵਿੱਚ। ਅੱਜ ਆਪਣੇ ਪਿੰਡ ਦੇ ਗੁਰੂਘਰ ਤੋਂ ਟਰਾਲੀ ਜਾਣੀ ਹੈ, ਵੱਧ ਤੋਂ ਵੱਧ ਕਿਸਾਨ ਸੰਘਰਸ਼ੀ ਕਿਸਾਨਾਂ ਦਾ ਸਾਥ ਦਿਉ।
“ਓਧਰ ਕਿਸਾਨ ਆਪਣੇ ਸਾਰਿਆਂ ਲਈ ਖਾਣਾ ਪੀਣਾ ਸਭ ਕੁਝ ਛੱਡ ਕੇ ਕੇਂਦਰ ਨਾਲ ਮੱਥਾ ਲਾਈ ਬੈਠੇ ਨੇ, ਇੱਥੇ ਤੁਸੀਂ ਤਾਸ਼ ਪਿੱਛੇ ਲੜੀ ਜਾਓ,” ਤਾਸ਼ ਵਾਲੇ ਬੈਂਚ ਕੋਲ ਖੜ੍ਹੇ ਬਾਬਾ ਸੂਬਾ ਸਿੰਘ ਨੇ ਤਾਸ਼ ਖੇਡਣ ਵਾਲਿਆਂ ਨੂੰ ਟਕੋਰ ਕੀਤੀ।
“ਓ ਤਾਇਆ, ਸਾਡੀ ਜਥੇਬੰਦੀ ਦਾ ਕੋਈ ਸਨੇਹਾ ਨਹੀਂ ਆਇਆ ਹਾਲੇ। ਇਹ ਤਾਂ ਦੂਜੀ ਜਥੇਬੰਦੀ ਵਾਲੇ ਐ,” ਤਾਸ਼ ਵੰਡ ਰਹੇ ਜੀਤੇ ਨੇ ਕਿਹਾ। “ਨਾਲੇ ਸਾਡੀ ਜਥੇਬੰਦੀ ਤਾਂ ਹੋਰ ਹੈ।”
“ਆਪਾਂ ਤਾਂ ਸਾਰੇ ਇੱਕ ਹੀ ਹਾਂ ਪੰਜਾਬ ਦੇ, ਕਿਸੇ ਦਾ ਸੁਨੇਹਾ ਕੀ ਉਡੀਕਣਾ?’’ ਬਾਬੇ ਸੂਬੇ ਨੇ ਦੀਪੇ ਦੀ ਗੱਲ ਦਾ ਜਵਾਬ ਦਿੱਤਾ।
“ਪਰ ਚਾਚਾ ਸਾਡੀ ਜਥੇਬੰਦੀ ਨੇ ਸਾਨੂੰ ਨਹੀਂ ਕਿਹਾ। ਸਾਡਾ ਤਾਂ ਹੋਰ ਪਾਸੇ ਹੈ ਧਰਨਾ ਪਰਸੋਂ,” ਜੀਤੇ ਨੇ ਹੀ ਉਹੀ ਗੱਲ ਆਖੀ ਕਿਉਂਕਿ ਉਹ ਤੇ ਦੀਪਾ ਦੋਵੇਂ ਕਿਸਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਹੋਏ ਸਨ।
“ਯਾਰ, ਕੋਈ ਕਿੱਥੇ ਧਰਨਾ ਲਗਾਈ ਬੈਠਾ ਕੋਈ ਕਿਧਰ ਨੂੰ ਤੁਰਿਆ ਫਿਰਦਾ, ਕੋਈ ਕਿਸੇ ਪਾਸੇ ਧਰਨੇ ’ਤੇ ਜਾਣ ਨੂੰ ਕਹਿੰਦਾ, ਆਪਣਾ ਇੱਕ ਪਿੰਡ ਹੈ ਤੇ ਜਥੇਬੰਦੀਆਂ ਦੇ ਬੰਦੇ ਅੱਡ-ਅੱਡ ਸਾਧਨ ਕਰਾ ਕੇ ਆਪਣਾ ਅੱਡ ਹੀ ਇਕੱਠ ਕਰਦੇ ਨੇ,’’ ਤਾਸ਼ ਖੇਡਦਿਆਂ ਕੋਲ ਬੈਠਿਆਂ ਵਿੱਚੋਂ ਕਿਸੇ ਇੱਕ ਬੰਦੇ ਨੇ ਆਪਣਾ ਤਰਕ ਦਿੱਤਾ।
ਬਾਬਾ ਸੂਬਾ ਸਿੰਘ ਕਹਿਣ ਲੱਗਾ, “ਭਲਿਉ ਲੋਕੋ, ਮਸਲੇ ਤਾਂ ਸਾਰਿਆਂ ਦੇ ਇੱਕੋ ਜਿਹੇ ਹਨ। ਆਪਾ ਤਾਂ ਇੱਕ ਹੀ ਹਾਂ। ਤੁਸੀਂ ਤਾਸ਼ ਖੇਡਦੇ ਹੋ, ਪਰ ਸਮਝਦੇ ਨਹੀਂ।” ਬਾਬਾ ਸੂਬਾ ਸਿੰਘ ਨੇ ਦੀਪੇ ਦੇ ਹੱਥ ਵਿੱਚੋਂ ਤਾਸ਼ ਦੇ ਪੱਤੇ ਫੜ ਕੇ ਕਿਹਾ, “ਜਿਵੇਂ ਇਹ ਦੁੱਕੀ ਹੈ, ਉਸ ਤੋਂ ਅੱਗੇ ਤਿੱਕੀ, ਚੌਕੀ ਜਿਵੇਂ ਜਿਵੇਂ ਪੱਤੇ ਵੱਡੇ ਹੁੰਦੇ ਜਾਂਦੇ ਇੱਕ ਦੂਜੇ ਨੂੰ ਕੱਟਦੇ ਜਾਂਦੇ ਜਿਹੜਾ ਸਭ ਤੋਂ ਛੋਟਾ ਪੱਤਾ, ਉਹ ਥੱਲ਼ੇ ਉੱਪਰ ਹੋਰ ਪੱਤਾ ਵੱਡਾ ਆ ਜਾਂਦੈ ਤਾਂ ਉਨ੍ਹਾਂ ਦੀ ਕੋਈ ਕਦਰ ਨਹੀਂ ਰਹਿੰਦੀ।”
ਸਾਰਿਆਂ ਨੇ ਹਾਂ ਵਿੱਚ ਸਿਰ ਹਿਲਾਇਆ। ਫਿਰ ਬਾਬਾ ਸੂਬਾ ਸਿੰਘ ਨੇ ਤਾਸ਼ ਦੇ ਹੋਰ ਪੱਤੇ ਦਿਖਾ ਕੇ ਸਮਝਾਇਆ, “ਇਨ੍ਹਾਂ ਦੁੱਕੀ ਤੋਂ ਨਹਿਲੇ ਤੱਕ ਸਾਰੀਆਂ ਦਸੀ ਦੀਆਂ ਗ਼ੁਲਾਮ ਨੇ ਉਵੇਂ ਦਹਿਲੇ ਤੋਂ ਬਾਅਦ ਇਨ੍ਹਾਂ ਦੇ ਉੱਪਰ ਆ ਜਾਂਦਾ ਗੋਲਾ, ਅਲੱਗ-ਅਲੱਗ ਰੰਗਾਂ ਦਾ। ਹੈ ਉਹ ਗੋਲਾ ਵੀ ਗ਼ੁਲਾਮ, ਇਹ ਸਾਰੇ ਹੈਨ ਤਾਂ ਗ਼ੁਲਾਮ। ਪਰ ਗ਼ੁਲਾਮ ਨੇ ਕਿਸ ਦੇ ਬੇਗਮ ਦੇ ਜੋ ਇਨ੍ਹਾਂ ਸਾਰੇ ਰੰਗਾਂ ਵਿੱਚ ਮੌਜੂਦ ਹੈ। ਇਸੇ ਤਰ੍ਹਾਂ ਇਹ ਸਾਰੇ ਹੀ ਆਪਣੇ ਰੰਗਾਂ ਦੀ ਬੇਗਮ ਦੇ ਗ਼ੁਲਾਮ ਹਨ। ਇਹ ਸਾਰੇ ਗ਼ੁਲਾਮ ਨੇ, ਪਰ ਇਹ ਗ਼ੁਲਾਮੀ ਤੋੜਨ ਦਾ ਕੋਈ ਹੀਲਾ ਤਾਂ ਹੋਵੇਗਾ...।’’
‘‘ਇਨ੍ਹਾਂ ਦੇ ਪਿੱਛੇ ਵੀ ਇੱਕ ਸਭ ਤੋਂ ਵੱਡਾ ਬੰਦਾ ਬੈਠਾ ਏ।’’ ਤੇ ਬਾਬੇ ਨੇ ਤਾਸ਼ ਵਿੱਚੋਂ ਇੱਕ ਹੋਰ ਪੱਤਾ ਕੱਢ ਕੇ ਸੁੱਟ ਦਿੱਤਾ, ਸਾਰਿਆਂ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ “ਯੱਕਾ”।
‘‘ਯੱਕਾ ਨਹੀਂ, ਅਸਲ ਵਿੱਚ ਇਸ ਦਾ ਨਾਮ ‘ਏਕਾ’ ਹੈ, ‘ਇੱਕਾ’ ਹੀ ਸਾਰੀਆਂ ਬੇਗਮਾਂ ਤੇ ਹੋਰ ਪੱਤਿਆਂ ਦੀ ਗ਼ੁਲਾਮੀ ਨੂੰ ਤੋੜ ਸਕਦਾ ਹੈ। ਅਸੀਂ ਪੰਜਾਬੀ ਬੜੇ ਬਹਾਦਰ ਹਾਂ, ਅਣਖੀ ਹਾਂ, ਅਸੀਂ ਸੂਰਮੇ ਹਾਂ। ਕਾਰਾਂ, ਕੋਠੀਆਂ, ਬੰਗਲੇ, ਕਾਰਖਾਨੇ, ਕਾਰੋਬਾਰ ਸਭ ਕੁਝ ਕੋਲ ਹੈ, ਪਰ ਸਾਡੇ ਕੋਲ ਤਾਸ਼ ਦੀ ਬਾਜ਼ੀ ਵਾਲਾ ‘ਇੱਕਾ’ ਨਹੀਂ ਹੈ। ਜੋ ਸਾਰੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਅਤੇ ਦੁਸ਼ਮਣ ਦੇ ਹੰਕਾਰ ਨੂੰ ਤੋੜ ਸਕਦਾ ਹੋਵੇ।’’ ਬਾਬੇ ਦੀਆਂ ਗੱਲਾਂ ਸੁਣ ਕੇ ਸਾਰੇ ਸਮਝਣ ਲੱਗੇ।
ਸੰਪਰਕ: 98157-88001
* * *

Advertisement

ਖ਼ੂਨੀ ਡੋਰ

ਪਰਮਿੰਦਰ ਕੌਰ

ਇੱਕ ਰੁੱਖ ’ਤੇ ਬਹੁਤ ਸਾਰੇ ਪੰਛੀ ਰਹਿੰਦੇ ਸਨ। ਜਦ ਵੀ ਪੰਛੀ ਘਰੋਂ ਬਾਹਰ ਭੋਜਨ ਦੀ ਭਾਲ ਵਿੱਚ ਜਾਂਦੇ ਤਾਂ ਇੱਕ ਬੁੱਢਾ ਕਬੂਤਰ ਹਰ ਵਾਰ ਕਹਿੰਦਾ ਕਿ ਬਹੁਤੀ ਦੂਰ ਨਾ ਜਾਇਓ ਤੇ ਦੇਖ ਕੇ ਉੱਡਿਓ, ਕਿਤੇ ਖ਼ੂਨੀ ਡੋਰ ਵਿੱਚ ਨਾ ਫਸ ਜਾਇਓ। ਆਸਮਾਨ ਵਿੱਚ ਡੋਰਾਂ ਦੀ ਭੀੜ ਹਰ ਰੋਜ਼ ਉਨ੍ਹਾਂ ਦੇ ਕਿਸੇ ਨਾ ਕਿਸੇ ਸਾਥੀ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ।
ਬਸੰਤ ਰੁੱਤ ਦਾ ਦਿਨ ਸੀ। ਡਰਦੇ-ਡਰਦੇ ਚਿੜੀਆਂ, ਤੋਤੇ, ਕਾਂ, ਗੁਟਾਰਾਂ ਆਦਿ ਸਾਰੇ ਪੰਛੀਆਂ ਨੇ ਭੋਜਨ ਦੀ ਭਾਲ ਲਈ ਉਡਾਰੀ ਭਰੀ ਤਾਂ ਸਭ ਦੇ ਮਨ ਵਿੱਚ ਇੱਕ ਹੀ ਡਰ ਸੀ ਕਿ ਪਤਾ ਨਹੀਂ ਅੱਜ ਸ਼ਾਮ ਉਹ ਆਪਣੇ ਆਲ੍ਹਣਿਆਂ ਵਿੱਚ ਪਰਤਣਗੇ ਜਾਂ ਨਹੀਂ।
ਉਨ੍ਹਾਂ ਵਿੱਚੋਂ ਇੱਕ ਨੰਨ੍ਹੀ ਚਿੜੀ ਸਭ ਦੀ ਲਾਡਲੀ ਸੀ। ਉਹ ਅਜੇ ਉੱਡਣਾ ਸਿੱਖੀ ਹੀ ਸੀ। ਸਾਰੇ ਪੰਛੀਆਂ ਨੇ ਕਿਹਾ ਕਿ ਅੱਜ ਤੂੰ ਆਲ੍ਹਣੇ ਵਿੱਚੋਂ ਬਾਹਰ ਨਾ ਜਾ। ਤੇਰਾ ਭੋਜਨ ਅਸੀਂ ਇਕੱਠਾ ਕਰ ਲਿਆਵਾਂਗੇ, ਪਰ ਉੱਡਣ ਦੇ ਚਾਅ ਵਿੱਚ ਨੰਨ੍ਹੀ ਚਿੜੀ ਦੇ ਖੰਭ ਰਹਿ ਨਾ ਸਕੇ ਅਤੇ ਉਹ ਅੱਖ ਬਚਾ ਕੇ ਉੱਡ ਗਈ। ਹਮੇਸ਼ਾ ਦੁਪਹਿਰ ਤੱਕ ਆਲ੍ਹਣੇ ਵਿੱਚ ਵਾਪਸ ਆ ਜਾਣ ਵਾਲੀ ਨੰਨ੍ਹੀ ਚਿੜੀ ਅੱਜ ਵਾਪਸ ਨਾ ਆਈ।
ਬੁੱਢਾ ਕਬੂਤਰ ਫ਼ਿਕਰ ਵਿੱਚ ਉਸ ਨੂੰ ਲੱਭਣ ਉੱਡਿਆ ਤੇ ਉਹ ਵੀ ਰਾਤ ਤੱਕ ਆਲ੍ਹਣੇ ਵਿੱਚ ਵਾਪਸ ਨਾ ਆਇਆ। ਉਸ ਰਾਤ ਤੋਤੇ ਟੈਂ-ਟੈਂ, ਚਿੜੀਆਂ ਚੀਂ-ਚੀਂ ਤੇ ਕਾਂ ਕਾਵਾਂਰੌਲੀ ਪਾਉਂਦੇ ਰਹੇ। ਪਰ ਨੰਨ੍ਹੀ ਚਿੜੀ ਤੇ ਬੁੱਢਾ ਕਬੂਤਰ ਵਾਪਸ ਨਹੀਂ ਆਏ।
ਅਗਲੇ ਦਿਨ ਸਾਰੇ ਪੰਛੀ ਲੱਭਣ ਗਏ ਤਾਂ ਨੰਨ੍ਹੀ ਚਿੜੀ ਤੇ ਬੁੱਢਾ ਕਬੂਤਰ ਦੋਵੇਂ ਹੀ ਖ਼ੂਨੀ ਚਾਈਨਾ ਡੋਰ ਵਿੱਚ ਲਿਪਟੇ ਮਰੇ ਹੋਏ ਮਿਲੇ।
ਉਸ ਰੁੱਖ ’ਤੇ ਕਈ ਦਿਨ ਸੰਨਾਟਾ ਛਾਇਆ ਰਿਹਾ।
ਸੰਪਰਕ: 98773-46150
* * *

ਕਾਟੋ

ਗੁਰਪ੍ਰੀਤ ਸਿੰਘ

“ਟਨ, ਟਨ, ਟਨ” ਹਾਈ ਸਕੂਲ ਦੀ ਸਕੂਲ ਲੱਗਣ ਦੀ ਘੰਟੀ ਵੱਜ ਗਈ। ਸਾਰੇ ਬੱਚੇ, ਅਧਿਆਪਕ ਅਤੇ ਸਕੂਲ ਦੇ ਸਫ਼ਾਈ ਕਰਮਚਾਰੀ ਵੀ ਆਪਣੇ- ਆਪਣੇ ਕੰਮਕਾਰ ਕਰਨ ਲੱਗ ਪਏ। ਸਕੂਲ ਦੇ ਪਾਰਕ ਵਿੱਚ ਪੱਤਿਆਂ ਵਾਲੇ ਦਰੱਖਤਾਂ ਦੇ ਝੁਰਮਟ ਵਿੱਚ ਇੱਕ ਛੋਟੀ ਗਲਹਿਰੀ ਰਹਿੰਦੀ ਸੀ ਜਿਸ ਨੇ ਆਪਣਾ ਘਰ ਪੁਰਾਣੇ ਸਕੂਲ ਦੀ ਇਮਾਰਤ ਦੇ ਇੱਕ ਦਰੱਖਤ ’ਤੇ ਬਣਾਇਆ ਸੀ। ਉਹ ਬਹੁਤ ਖ਼ੁਸ਼ ਅਤੇ ਮਿਹਨਤੀ ਸੀ। ਉਹ ਦਰੱਖਤਾਂ ’ਤੇ ਚੜ੍ਹਦੀ-ਉਤਰਦੀ, ਅਨਾਜ ਇਕੱਠਾ ਕਰਦੀ ਅਤੇ ਆਪਣੇ ਆਲ੍ਹਣੇ ਦੀ ਸੰਭਾਲ ਕਰਦੀ। ਉਸ ਦੀ ਸਭ ਤੋਂ ਵੱਡੀ ਖ਼ੁਸ਼ੀ ਉਸ ਦੇ ਛੋਟੇ ਬੱਚਿਆਂ ਦਾ ਜਨਮ ਸੀ, ਜਿਨ੍ਹਾਂ ਨੂੰ ਉਹ ਸੁਰੱਖਿਅਤ ਅਤੇ ਗਰਮ ਰੱਖਣਾ ਚਾਹੁੰਦੀ ਸੀ।
ਪਰ ਉਸ ਦਰੱਖਤ ’ਤੇ ਜੀਵਨ ਉਸ ਦੇ ਸੋਚੇ ਮੁਤਾਬਿਕ ਸ਼ਾਂਤ ਨਹੀਂ ਸੀ। ਹਰ ਵਾਰ ਜਦੋਂ ਉਹ ਆਪਣਾ ਆਲ੍ਹਣਾ ਸੰਭਾਲ ਕੇ ਬਣਾਉਂਦੀ, ਇੱਕ ਸ਼ਰਾਰਤੀ ਕਾਵਾਂ ਦੀ ਟੋਲੀ ਆ ਕੇ ਉਸ ਦੇ ਆਲ੍ਹਣੇ ਨੂੰ ਤੋੜ ਦਿੰਦੀ ਜਾਂ ਸ਼ੋਰ ਮਚਾਉਂਦੇ ਤੋਤੇ ਆ ਕੇ ਉਸ ਦੀ ਸਾਰੀ ਮਿਹਨਤ ਖਰਾਬ ਕਰ ਦਿੰਦੇ। ਕਾਂ ਕਾਉਂਦੇ ਅਤੇ ਟਹਿਣੀਆਂ ਟੁੱਕਣ ਲੱਗ ਪੈਂਦੇ, ਹਰ ਪਾਸੇ ਟਹਿਣੀਆਂ ਬਿਖਰ ਜਾਂਦੀਆਂ। ਤੋਤੇ, ਹਾਲਾਂਕਿ ਘੱਟ ਸ਼ਰਾਰਤੀ ਸਨ, ਪਰ ਹਮੇਸ਼ਾਂ ਉਸ ਦੇ ਕੋਮਲ ਬਸੇਰੇ ਦੇ ਆਸ-ਪਾਸ ਘੁੰਮਦੇ ਰਹਿੰਦੇ, ਪਤਾ ਨਹੀਂ ਉਹ ਕੀ ਚਾਹੁੰਦੇ ਸੀ। ਉਹ ਵਾਰ-ਵਾਰ ਉਸ ਦੀ ਥਾਂ ਵਾਪਸ ਬਣਾਉਣ ਦੀ ਕੋਸ਼ਿਸ਼ ਕਰਦੀ, ਪਰ ਇਹ ਮਹਿਮਾਨ ਉਸ ਨੂੰ ਕਦੇ ਵੀ ਚੈਨ ਨਾਲ ਰਹਿਣ ਨਹੀਂ ਦਿੰਦੇ ਸੀ।
ਮਾਯੂਸ ਹੋ ਕੇ, ਆਖ਼ਰਕਾਰ ਉਸ ਨੇ ਆਪਣੇ ਛੋਟੇ ਜਿਹੇ ਆਲ੍ਹਣੇ ਨੂੰ ਇੱਕ ਨਵੇਂ ਟਿਕਾਣੇ ’ਤੇ ਲਿਜਾਣ ਦਾ ਫ਼ੈਸਲਾ ਕੀਤਾ। ਨੇੜੇ ਦੇ ਦਰੱਖ਼ਤਾਂ ਨੂੰ ਦੇਖਣ ਤੋਂ ਬਾਅਦ, ਉਸ ਨੇ ਸਕੂਲ ਦੇ ਪਾਰਕ ਦੇ ਕੋਨੇ ’ਚ ਇੱਕ ਵੱਡੇ ਬੋਹੜ ਦੇ ਦਰੱਖ਼ਤ ਨੂੰ ਚੁਣਿਆ। ਇਸ ਦੇ ਮੋਟੇ ਟਾਹਣੇ ਅਤੇ ਸੰਘਣੇ ਪੱਤੇ ਉਸ ਦੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਵਧੀਆ ਥਾਂ ਲੱਗ ਰਹੇ ਸਨ।
ਪਰ ਜਦੋਂ ਉਸ ਨੇ ਬੋਹੜ ਦੇ ਦਰੱਖਤ ਵਿੱਚ ਆਪਣਾ ਆਲ੍ਹਣਾ ਬਣਾਉਣਾ ਸ਼ੁਰੂ ਕੀਤਾ ਤਾਂ ਉਸਨੂੰ ਕੁਝ ਡਰਾਵਣਾ ਮਹਿਸੂਸ ਹੋਇਆ। ਜਲਦੀ ਹੀ, ਉਸ ਨੂੰ ਅਸਲੀਅਤ ਪਤਾ ਲੱਗੀ ਕਿ ਇੱਕ ਸੱਪ ਉਸ ਦੀਆਂ ਜੜ੍ਹਾਂ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਸੀ। ਇਹ ਸੱਪ ਭੁੱਖਾ ਸੀ, ਸਬਰ ਵਾਲਾ ਸੀ ਅਤੇ ਉਸ ਨੇ ਆਪਣੀਆਂ ਅੱਖਾਂ ਗਲਹਿਰੀ ਅਤੇ ਉਸ ਦੇ ਬੱਚਿਆਂ ’ਤੇ ਟਿਕਾਈਆਂ ਹੋਈਆਂ ਸਨ। ਹਰ ਪੱਤੇ ਦਾ ਖੜਾਕ ਅਜੀਬ ਲੱਗਦਾ ਅਤੇ ਹਰ ਪਲ ਡਰ ਨਾਲ ਭਰਿਆ ਸੀ। ਉਹ ਆਪਣੇ ਬੱਚਿਆਂ ਨੂੰ ਇੱਕ ਸਕਿੰਟ ਲਈ ਵੀ ਇਕੱਲੇ ਨਹੀਂ ਛੱਡ ਸਕਦੀ ਸੀ, ਇਸ ਡਰ ਤੋਂ ਕਿ ਸੱਪ ਦਰੱਖ਼ਤ ’ਤੇ ਚੜ੍ਹ ਕੇ ਉਨ੍ਹਾਂ ਨੂੰ ਫੜ ਲਵੇਗਾ।
ਦਿਨ ਰਾਤਾਂ ਵਿੱਚ ਬਦਲ ਗਏ ਅਤੇ ਗਲਹਿਰੀ ਲਗਾਤਾਰ ਚੌਕਸ ਰਹਿਣ ਤੋਂ ਥੱਕ ਗਈ। ਉਹ ਬਹੁਤ ਘੱਟ ਖਾਂਦੀ, ਘੱਟ ਸੌਂਦੀ ਸੀ, ਹਮੇਸ਼ਾਂ ਆਪਣੇ ਪਰਿਵਾਰ ਦੀ ਰੱਖਿਆ ਲਈ ਜਾਗਦੀ ਰਹਿੰਦੀ ਸੀ। ਉਹ ਫਸੀ ਹੋਈ ਮਹਿਸੂਸ ਕਰਦੀ, ਡਰ ਅਤੇ ਥਕਾਵਟ ਨਾਲ ਭਰੀ ਹੋਈ, ਪਰ ਉਹ ਜਾਣਦੀ ਸੀ ਕਿ ਕੋਈ ਉਸ ਦੀ ਜ਼ਰੂਰ ਮਦਦ ਕਰੇਗਾ। ਉਹ ਇਹ ਸੋਚ ਹੀ ਰਹੀ ਸੀ ਕਿ ਉਸ ਦੀ ਨਜ਼ਰ ਬੋਹੜ ਦੇ ਨਾਲ ਬਣੇ ਇੱਕ ਕਮਰੇ ਦੇ ਦਰਵਾਜ਼ੇ ’ਤੇ ਗਈ ਜੋ ਸਕੂਲ ਦੇ ਹੈੱਡਮਾਸਟਰ ਦਾ ਕਮਰਾ ਸੀ। ਉਸ ਨੇ ਦੇਖਿਆ ਕਿ ਹੈੱਡਮਾਸਟਰ ਜੀ ਕੁਝ ਕੁ ਰੋਟੀਆਂ ਦੇ ਟੁਕੜੇ ਇੱਕ ਕੰਧ ’ਤੇ ਰੱਖ ਰਹੇ ਸਨ ਜਿਨ੍ਹਾਂ ਨੂੰ ਦੇਖ ਕੇ ਕਬੂਤਰ, ਚਿੜੀਆਂ ਅਤੇ ਹੋਰ ਪੰਛੀ ਆ ਕੇ ਉੱਥੇ ਬੈਠ ਰਹੇ ਸਨ। ਗਲਹਿਰੀ ਵੀ ਉਹ ਰੋਟੀ ਦੇ ਟੁਕੜੇ ਖਾਣ ਲਈ ਚਲੀ ਆਈ। ਪਹਿਲਾਂ ਪਹਿਲਾਂ ਤਾਂ ਗਲਹਿਰੀ ਹੈੱਡਮਾਸਟਰ ਜੀ ਤੋਂ ਡਰ ਕੇ ਲੁਕ ਗਈ, ਪਰ ਉਸ ਨੇ ਦੇਖਿਆ ਕਿ ਹੈੱਡਮਾਸਟਰ ਜੀ ਤੋਂ ਉਸ ਨੂੰ ਕੋਈ ਖ਼ਤਰਾ ਨਹੀਂ, ਉਹ ਬਾਹਰ ਆ ਕੇ ਰੋਟੀ ਦੇ ਟੁਕੜੇ ਖਾਣ ਲੱਗ ਗਈ।
ਹੌਲੀ-ਹੌਲੀ, ਗਲਹਿਰੀ ਦਾ ਭਰੋਸਾ ਵਧਦਾ ਗਿਆ। ਉਹ ਹੈੱਡਮਾਸਟਰ ਜੀ ਦੇ ਨੇੜੇ ਆਉਣ ਲੱਗ ਪਈ। ਇੱਕ ਦਿਨ ਹੈੱਡਮਾਸਟਰ ਜੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ, “ਕਾਟੋ। ਲੈ, ਕਾਟੋ ਆਜਾ ਰੋਟੀ ਖਾਲਾ।’’
ਗਲਹਿਰੀ ਨੇ ਉਨ੍ਹਾਂ ਦੇ ਹੱਥੋਂ ਖਾਣਾ ਲੈ ਲਿਆ। ਇਹ ਉਨ੍ਹਾਂ ਦਾ ਨਿੱਤ ਦਾ ਰੁਟੀਨ ਬਣ ਗਿਆ - ਦੋਵਾਂ ਵਿਚਕਾਰ ਇੱਕ ਚੁੱਪ, ਅਬੋਲ ਦੋਸਤੀ ਹੋ ਗਈ।
ਇੱਕ ਸਵੇਰ, ਕਾਲੇ ਬੱਦਲ ਛਾ ਗਏ ਅਤੇ ਭਾਰੀ ਮੀਂਹ ਪੈਣ ਲੱਗਿਆ। ਹਵਾ ਚੀਕਦੀ, ਟਾਹਣੀਆਂ ਨੂੰ ਝੁਕਾਉਂਦੀ ਅਤੇ ਸਕੂਲ ਦੇ ਮੈਦਾਨ ਦੇ ਇੱਕ ਪਾਸਿਓਂ ਦੂਜੇ ਪਾਸੇ ਝਾੜੂ ਮਾਰਨ ਲੱਗੀ। ਛੁੱਟੀ ਦਾ ਦਿਨ ਸੀ। ਇਸ ਲਈ ਸਕੂਲ ਖਾਲੀ-ਖਾਲੀ ਸੀ, ਪਰ ਆਪਣੇ ਘਰ ਦੇ ਨਿੱਘ ਵਿੱਚ ਬੈਠੇ ਹੈੱਡਮਾਸਟਰ ਜੀ ਆਪਣੇ ਉਸ ਛੋਟੇ ਦੋਸਤ ਦੀ ਫ਼ਿਕਰ ਵਿੱਚ ਉੱਸਲਵੱਟੇ ਲੈਣ ਲੱਗ ਗਏ। ਤੂਫ਼ਾਨ ਦੌਰਾਨ ਆਪਣੇ ਆਲ੍ਹਣੇ ਵਿੱਚ ਇਕੱਲੀ ਬੈਠੀ, “ਕਾਟੋ” ਦਾ ਖ਼ਿਆਲ ਉਨ੍ਹਾਂ ਦੇ ਦਿਲ ਨੂੰ ਸਪੰਜ ਵਾਂਗੂ ਨਿਚੋੜ ਰਿਹਾ ਸੀ।
ਇਸ ਭੈੜੇ ਮੌਸਮ ਦੇ ਬਾਵਜੂਦ, ਹੈੱਡਮਾਸਟਰ ਜੀ ਨੇ ਸਕੂਲ ਜਾਣਾ ਠੀਕ ਸਮਝਿਆ। ਉਹ ਭਿੱਜ ਗਏ, ਪਰ ਦ੍ਰਿੜ ਇਰਾਦੇ ਨਾਲ ਸਕੂਲ ਵਿੱਚ ਪਹੁੰਚ ਗਏ। ਉਨ੍ਹਾਂ ਨੂੰ ਗਲਹਿਰੀ ਦਾ ਆਲ੍ਹਣਾ, ਟਾਹਣੀਆਂ ਵਿੱਚ ਉੱਚਾ ਕੰਬਦਾ ਹੋਇਆ ਦਿਖਾਈ ਦਿੱਤਾ। ਹਵਾ ਆਲ੍ਹਣੇ ਨੂੰ ਪਾੜ ਦੇਣ ਦੀ ਧਮਕੀ ਦੇ ਰਹੀ ਜਾਪਦੀ ਸੀ। ਬੜੀ ਸਾਵਧਾਨੀ ਨਾਲ, ਮਾਸਟਰ ਜੀ ਨੇ ਉੱਪਰ ਚੜ੍ਹ ਕੇ, ਆਲ੍ਹਣਾ ਚੁੱਕ ਲਿਆ ਅਤੇ ਆਪਣੇ ਦਫ਼ਤਰ ਦੇ ਬਿਲਕੁਲ ਬਾਹਰ ਵਰਾਂਡੇ ਦੀ ਛੱਤ ’ਤੇ ਇੱਕ ਆਸਰੇ ਵਾਲੀ ਥਾਂ ’ਤੇ ਰੱਖ ਦਿੱਤਾ। ਉੱਥੇ ਇਹ ਮੀਂਹ ਅਤੇ ਹਨੇਰੀ ਤੋਂ ਸੁਰੱਖਿਅਤ ਸੀ। ਗਲਹਿਰੀ ਬਹੁਤ ਡਰੀ ਹੋਈ ਸੀ। ਡਰਦੀ ਮਾਰੀ ਆਲ੍ਹਣੇ ਵਿੱਚੋਂ ਬਾਹਰ ਨਹੀਂ ਆਈ, ਆਪਣੇ ਬੱਚਿਆਂ ਨੂੰ ਆਪਣੇ ਗਲ਼ ਨਾਲ ਲਾ ਕੇ ਬੈਠੀ ਗਈ।
ਜਦੋਂ ਤੂਫ਼ਾਨ ਲੰਘ ਗਿਆ ਤਾਂ ਉਹ ਬਾਹਰ ਨਿਕਲੀ। ਇੱਕ ਨਵੀਂ ਜਗ੍ਹਾ, ਸੁਰੱਖਿਅਤ ਅਤੇ ਸੁੱਕੇ ਵਿੱਚ ਆਪਣਾ ਆਲ੍ਹਣਾ ਦੇਖ ਕੇ ਹੈਰਾਨ ਰਹਿ ਗਈ। ਉਦੋਂ ਤੋਂ ਉਹ ਹੈੱਡਮਾਸਟਰ ਜੀ ’ਤੇ ਪੂਰਾ ਭਰੋਸਾ ਕਰਨ ਲੱਗ ਗਈ। ਉਨ੍ਹਾਂ ਕੋਲ ਕੁਝ ਖਾਣ ਲਈ ਆਉਂਦੀ ਸੀ। ਉਨ੍ਹਾਂ ਦਾ ਬੰਧਨ ਦਿਆਲਤਾ ਅਤੇ ਦੇਖਭਾਲ ’ਤੇ ਬਣਿਆ, ਜੋ ਹੋਰ ਵੀ ਮਜ਼ਬੂਤ ਹੋ ਗਿਆ।
ਦੁਪਹਿਰ ਦਾ ਸਮਾਂ ਸਕੂਲ ਦੇ ਵਿਹੜੇ ਵਿੱਚ ਪੱਤਿਆਂ ਦੀ ਸਰਸਰਾਹਟ ਨੂੰ ਛੱਡ ਕੇ ਅਸਾਧਾਰਨ ਤੌਰ ’ਤੇ ਸ਼ਾਂਤ ਸੀ। ਅਚਾਨਕ, ਇੱਕ ਉੱਚੀ ਆਵਾਜ਼ ਨੇ ਚੁੱਪ ਤੋੜ ਦਿੱਤੀ। ਹੈੱਡਮਾਸਟਰ ਜੀ ਦੇ ਦਫ਼ਤਰ ਦੀ ਖਿੜਕੀ ਦੇ ਨਾਲ-ਨਾਲ ਗਲਹਿਰੀ ਘੁੰਮਣ ਲੱਗ ਗਈ, ਇਸ ਦੀ ਪੂਛ ਗੁੱਸੇ ਨਾਲ ਹਿੱਲ ਰਹੀ ਸੀ।
ਜਿਵੇਂ ਕਹਿ ਰਹੀ ਹੋਵੇ,
“ਚਿਕ, ਚਿਕ, ਚਿਕ, ਚਿਕ, ਚਿਕ। ਮਾਸਟਰ ਜੀ ਤੁਹਾਡੇ ਦਫ਼ਤਰ ਵਿੱਚ ਸੱਪ ਵੜ ਗਿਆ।’’
ਹੈੱਡਮਾਸਟਰ ਜੀ ਰੌਲੇ-ਰੱਪੇ ਤੋਂ ਹੈਰਾਨ ਹੋ ਕੇ ਆਪਣੇ ਦਫ਼ਤਰ ਤੋਂ ਬਾਹਰ ਆਏ ਤਾਂ ਗਲਹਿਰੀ ਫਿਰ ਵੀ ਉੱਚੀ ਉੱਚੀ ਚੀਕ ਰਹੀ ਸੀ। ਹੈੱਡਮਾਸਟਰ ਜੀ ਨੇ ਉਸ ਨੂੰ ਪੁੱਛਿਆ, “ਕਾਟੋ, ਕੀ ਹੋ ਗਿਆ ਤੈਨੂੰ ਐਵੇਂ ਰੌਲ਼ਾ ਪਾਈ ਜਾਨੀ ਐਂ। ਚੁੱਪ ਕਰਕੇ ਬੈਠ ਜਾ।’’
ਇਹ ਸੁਣ ਕੇ ਗਲਹਿਰੀ ਚੁੱਪ ਹੋ ਗਈ ਜਿਵੇਂ ਸਮਝ ਗਈ ਹੋਵੇ ਕਿ ਉੱਚੀ ਨਹੀਂ ਬੋਲਣਾ ਪਰ ਛੋਟੇ-ਛੋਟੇ ਪੰਜਿਆਂ ਨਾਲ ਖਿੜਕੀ ’ਤੇ ਨਹੁੰਦਰਾਂ ਮਾਰਨ ਲੱਗੀ। ਮਾਸਟਰ ਜੀ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਉਹ ਕੁਝ ਕਹਿਣਾ ਚਾਹੁੰਦੀ ਹੈ, ਪਰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਕਹਿਣਾ ਹੈ। ਘਬਰਾ ਕੇ ਹੈੱਡਮਾਸਟਰ ਜੀ ਦਫ਼ਤਰ ਵੱਲ ਤੁਰ ਪਏ। ਉਦੋਂ ਹੀ ਉਨ੍ਹਾਂ ਨੇ ਦੇਖਿਆ ਕਿ ਦਫ਼ਤਰ ਦੇ ਕੋਨੇ ਕੋਲ ਇੱਕ ਲੰਮਾ, ਹਨੇਰਾ ਪਰਛਾਵਾਂ ਖਿਸਕ ਰਿਹਾ ਸੀ।
ਹੈੱਡਮਾਸਟਰ ਜੀ ਠੰਢੇ ਹੋ ਗਏ, ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਿਆ, ਪਰ ਕਾਟੋ ਨੇ ਆਪਣੀ ਚਿਤਾਵਨੀ ਜਾਰੀ ਰੱਖੀ। ਦਿਲ ਕਰੜਾ ਕਰਕੇ ਉਨ੍ਹਾਂ ਨੇ ਕਮਰੇ ਦੇ ਕੋਨੇ ਤੋਂ ਇੱਕ ਸੋਟੀ ਫੜੀ ਅਤੇ ਮਦਦ ਲਈ ਬੁਲਾਇਆ। ਸਟਾਫ ਕਾਹਲੀ ਨਾਲ ਅੰਦਰ ਆਇਆ ਅਤੇ ਉਨ੍ਹਾਂ ਨੇ ਮਿਲ ਕੇ ਬਿਨਾਂ ਬੁਲਾਏ ਮਹਿਮਾਨ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਦਿੱਤਾ।
ਹੈੱਡਮਾਸਟਰ ਜੀ ਨੇ ਕਾਟੋ ਵੱਲ ਮੁੜ ਕੇ ਦੇਖਿਆ। ਉਹ ਹੁਣ ਖਿੜਕੀ ’ਤੇ ਸ਼ਾਂਤ ਬੈਠ ਗਈ ਸੀ, ਜਿਵੇਂ ਉਸ ਨੇ ਸੁਖ ਦਾ ਸਾਹ ਲਿਆ ਹੋਵੇ ਕਿ ਹੈੱਡਮਾਸਟਰ ਜੀ ਦੇ ਕੀਤੇ ਅਹਿਸਾਨ ਦਾ ਬਦਲਾ ਅੱਜ ਉਸ ਨੇ ਚੁਕਾ ਦਿੱਤਾ ਹੈ।
ਸੰਪਰਕ: 95011-32056

Advertisement
Author Image

Ravneet Kaur

View all posts

Advertisement