ਪ੍ਰਦੂਸ਼ਣ ਖ਼ਿਲਾਫ਼ ਜਾਗਰੂਕਤਾ ਮੁਹਿੰਮ ਰੋਕਣਾ ਮੰਦਭਾਗਾ: ਗੋਪਾਲ ਰਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਪੁਲੀਸ ਨੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਹੁਕਮਾਂ ’ਤੇ ਸਰਕਾਰ ਦੀ ‘ਹਰਿਤ ਕਲਸ਼ ਯਾਤਰਾ’ ਰੋਕ ਦਿੱਤੀ, ਜਿਸ ਦਾ ਮਕਸਦ ਕਨਾਟ ਪਲੇਸ ’ਚ ਪੌਦੇ ਲਾਉਣ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣਾ ਸੀ। ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਦੀ ਸਰਦ ਰੁੱਤ ਕਾਰਜ ਯੋਜਨਾ ਤਹਿਤ ਅੱਜ ਸਵੇਰੇ ‘ਹਰਿਤ ਕਲਸ਼ ਯਾਤਰਾ’ ਕੱਢੀ ਜਾਣੀ ਸੀ। ਰਾਏ ਨੇ ਪੱਤਰਕਾਰਾਂ ਨੂੰ ਕਿਹਾ, ‘ਬੀਤੀ ਰਾਤ ਉਪ ਰਾਜਪਾਲ ਨੇ ਪੁਲੀਸ ਜ਼ਰੀਏ ਨਿਰਦੇਸ਼ ਜਾਰੀ ਕੀਤੇ ਅਤੇ ਅੱਜ ਪ੍ਰਦੂਸ਼ਣ ਰੋਕਣ ਲਈ ਸਾਡੇ ਪੌਦੇ ਲਾਉਣ ਦੇ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ, ਜੋ ਬਹੁਤ ਮੰਦਭਾਗਾ ਹੈ।’
ਉਨ੍ਹਾਂ ਕਿਹਾ, ‘‘ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 1,500 ਔਰਤਾਂ ਆਈਆਂ ਸਨ ਅਤੇ ਪੁਲੀਸ ਤੋਂ ਇਜਾਜ਼ਤ ਮਿਲਣ ਦੇ ਬਾਵਜੂਦ ਜਿਵੇਂ ਹੀ ਔਰਤਾਂ ਨੇ ਆਪਣੇ ਸਿਰ ’ਤੇ ਕਲਸ਼ ਚੁੱਕੇ, ਪੁਲੀਸ ਨੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਪ੍ਰੋਗਰਾਮ ਰੱਦ ਕਰ ਦਿੱਤਾ।’ ਰਾਏ ਨੇ ਇਸ ਕਦਮ ਦੀ ਨਿਖੇਧੀ ਕਰਦਿਆਂ ਪੁਲੀਸ ਅਤੇ ਉਪ ਰਾਜਪਾਲ ’ਤੇ ਸ਼ਹਿਰ ਵਿੱਚ ਵਧਦੇ ਅਪਰਾਧ ਨੂੰ ਅਣਦੇਖਿਆ ਕਰਨ ਦੇ ਦੋਸ਼ ਲਾਏ ਹਨ। ਮੰਤਰੀ ਨੇ ਕਿਹਾ, ‘ਇੱਕ ਪਾਸੇ ਅਪਰਾਧ ਵਧ ਰਹੇ ਹਨ ਅਤੇ ਪੁਲੀਸ ਬਦਮਾਸ਼ਾਂ ਨੂੰ ਫੜਨ ਦੀ ਬਜਾਏ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਹਟਾਉਣ ਵਿੱਚ ਰੁੱਝੀ ਹੋਈ ਹੈ।’ ਰਾਏ ਨੇ ਕਿਹਾ ਕਿ ਸਾਲ 2021 ’ਚ ਹਰਾ ਖੇਤਰ ਵਧ ਕੇ 23.06 ਫੀਸਦ ਹੋ ਗਿਆ ਹੈ। ਸਰਕਾਰ ਨੇ ਆਪਣੇ ਕਾਰਜਕਾਲ ਦੇ ਚੌਥੇ ਸਾਲ ’ਚ 2 ਕਰੋੜ ਬੂਟੇ ਲਗਾਉਣ ਦਾ ਟੀਚਾ ਹਾਸਲ ਕੀਤਾ ਹੈ। ਇਸ ਸਾਲ 64 ਲੱਖ ਬੂਟੇ ਲਾਉਣ ਜਾਂ ਵੰਡਣ ਦਾ ਟੀਚਾ ਰੱਖਿਆ ਹੈ।
ਗੋਪਾਲ ਰਾਏ ਨੇ ਵਾਤਾਵਰਨ ਸਬੰਧੀ ਉਪ ਰਾਜਪਾਲ ਦੇ ਰੁਖ ’ਤੇ ਚੁੱਕੇ ਸਵਾਲ
ਗੋਪਾਲ ਰਾਏ ਨੇ ਵਾਤਾਵਰਨ ਬਚਾਉਣ ਸਬੰਧੀ ਉਪ ਰਾਜਪਾਲ ਦੇ ਰੁਖ ’ਤੇ ਸਵਾਲ ਕਰਦਿਆਂ ਕਿਹਾ, ‘‘ਐੱਲਜੀ ਬਿਨਾ ਕਿਸੇ ਇਜਾਜ਼ਤ ਹਜ਼ਾਰਾ ਦਰੱਖਤ ਕਟਵਾ ਦਿੰਦੇ ਹਨ ਅਤੇ ਹੁਣ ਉਹ ਪੁਲੀਸ ਜ਼ਰੀਏ ਪੌਦੇ ਲਾਉਣ ਦੀ ਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਭਜਾਉਣ ਲਈ ਪੁਲੀਸ ਬਲ ਦੀ ਵਰਤੋਂ ਕਰ ਰਹੇ ਹਨ।” ਰਾਏ ਨੇ ਦੋਸ਼ ਲਾਇਆ, “ਐੱਲਜੀ ਨੂੰ 1,000 ਦਰੱਖਤ ਕੱਟਣ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈ ਪਰ ਜਦੋਂ ਦਿੱਲੀ ਸਰਕਾਰ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਨਾਲ ਜਾਗਰੂਕਤਾ ਪ੍ਰੋਗਰਾਮ ਕਰਦੀ ਹੈ ਤਾਂ ਉਸ ਨੂੰ ਜ਼ਬਰਦਸਤੀ ਬੰਦ ਕਰਵਾ ਦਿੱਤਾ ਜਾਂਦਾ ਹੈ।’