ਭੁੱਲਰਹੇੜੀ ਗਰਿੱਡ ਦਾ ਰੁਕਿਆ ਕੰਮ ਚੱਲਣ ਦੀ ਆਸ ਬੱਝੀ
ਪੱਤਰ ਪ੍ਰੇਰਕ
ਧੂਰੀ, 26 ਨਵੰਬਰ
ਇੱਥੇ ਪਿੰਡ ਭੁੱਲਰਹੇੜੀ ਦੇ 66 ਕੇਵੀ ਗਰਿੱਡ ਮਾਮਲੇ ਵਿੱਚ ਅਦਾਲਤ ਵੱਲੋਂ ਦਿੱਤੀ ਸਟੇਅ ਖ਼ਤਮ ਕਰਨ ਮਗਰੋਂ ਖੇਤਰ ਦੇ ਕਿਸਾਨਾਂ ਨੂੰ ਹੁਣ ਮਹਿਜ਼ ਇੱਕ ਖੰਭਾ ਲੱਗਣ ਨਾਲ ਗਰਿੱਡ ਦਾ ਰੁਕਿਆ ਕੰਮ ਮੁੜ ਸ਼ੁਰੂ ਹੋਣ ਦੀ ਆਸ ਬੱਝ ਗਈ ਹੈ। ਜ਼ਿਕਰਯੋਗ ਹੈ ਕਿ ਪਾਵਰਕੌਮ 66 ਕੇਵੀ ਗਰਿੱਡ ਨੂੰ ਝੋਨੇ ਦੀ ਸੀਜ਼ਨ ਦੌਰਾਨ ਜੂਨ ’ਚ ਚਲਾਉਣ ਲਈ ਯਤਨਸ਼ੀਲ ਸੀ ਪਰ ਇੱਕ ਸਨਅਤਕਾਰ ਵੱਲੋਂ ਆਪਣੀ ਮਾਲਕੀ ਵਾਲੀ ਜਗ੍ਹਾ ਵਿੱਚ ਲਾਈਨ ਟਾਵਰ ਲਗਾਉਣ ਤੋਂ ਰੋਕਣ ਅਤੇ ਫਿਰ ਅਦਾਲਤ ‘ਚੋਂ ‘ਸਟੇਟਸ-ਕੋ’ ਪ੍ਰਾਪਤ ਕਰ ਲੈਣ ਕਾਰਨ ਗਰਿੱਡ ਦਾ ਕੰਮ ਬੰਦ ਹੋ ਗਿਆ ਸੀ। ਧੂਰੀ ਅਦਾਲਤ ’ਚ ਪਾਵਰਕੌਮ ਵੱਲੋਂ ਕੇਸ ਦੀ ਪੈਰਵੀ ਕਰ ਰਹੇ ਸੀਨੀਅਰ ਵਕੀਲ ਸੁਖਵਿੰਦਰ ਸਿੰਘ ਮੀਮਸਾ ਨੇ ਦੱਸਿਆ ਕਿ ਸੁਣਵਾਈ ਦੌਰਾਨ ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਟੇਅ ਖ਼ਤਮ ਕਰ ਦਿੱਤੀ ਹੈ ਅਤੇ ਹੁਣ ਪਾਵਰਕੌਮ ਆਪਣੇ ਰੋਕੇ ਕੰਮ ਨੂੰ ਅੱਗੇ ਚਲਾ ਸਕਦਾ ਹੈ। ਭੁੱਲਰਹੇੜੀ ਗਰਿੱਡ ਦਾ ਕੰਮ ਚਲਾਉਣ ਲਈ ਸੰਘਰਸ਼ ਕਰ ਰਹੇ ਆਗੂਆਂ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਪਵਿੱਤਰ ਸਿੰਘ ਆਦਿ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਹੁਣ ਕਾਰਵਾਈ ਕਾਨੂੰਨ ਦਾਇਰੇ ’ਚ ਕੀਤੀ ਜਾਵੇਗੀ। ਅੱਜ ਪਾਵਰਕੌਮ ਦੇ ਸਬੰਧਤ ਅਧਿਕਾਰੀਆਂ ਨੇ ਆਪਣੀਆਂ ਟੀਮਾਂ ਸਮੇਤ ਜਾ ਕੇ ਲਾਈਨ ਟਾਵਰ ਦਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸਬੰਧਤ ਜਗ੍ਹਾ ਦੇ ਸਨਅਤਕਾਰ ਨੇ ਉਨ੍ਹਾਂ ਨੂੰ ਨੇੜੇ ਨਹੀਂ ਢੁੱਕਣ ਦਿੱਤਾ। ਸੂਤਰਾਂ ਅਨੁਸਾਰ 27 ਨਵੰਬਰ ਨੂੰ ਸਿਵਲ ਤੇ ਪੁਲੀਸ ਪ੍ਰਸ਼ਾਸਨ ਸਬੰਧਤ ਜਗ੍ਹਾ ’ਤੇ ਕੰਮ ਚਲਾਉਣ ਦੀ ਤਿਆਰੀ ਵਿੱਚ ਹਨ ਪਰ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟ ਕੀਤੀ ਹੈ।