ਭਾਰਤੀ ਕੁਸ਼ਤੀ ਫੈਡਰੇਸ਼ਨ ਵਿੱਚ ਦਖ਼ਲ ਦੇਣਾ ਬੰਦ ਕੀਤਾ ਜਾਵੇ: ਸੰਜੈ ਸਿੰਘ
ਇੰਦੌਰ, 26 ਅਗਸਤ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਸੰਜੈ ਸਿੰਘ ਨੇ ਅੱਜ ਕਿਹਾ ਕਿ ਭਾਰਤ 2028 ਦੀਆਂ ਓਲੰਪਿਕ ਖੇਡਾਂ ਵਿੱਚ ਮਹਿਲਾ ਕੁਸ਼ਤੀ ’ਚ ਚਾਰ ਤੋਂ ਪੰਜ ਤਗ਼ਮੇ ਜਿੱਤ ਸਕਦਾ ਹੈ ਪਰ ਇਸ ਲਈ ਕੁਝ ਸੰਸਥਾਵਾਂ ਨੂੰ ਕੌਮੀ ਫੈਡਰੇਸ਼ਨ ਦੇ ਕੰਮਕਾਜ ਵਿੱਚ ਦਖਲ ਦੇਣਾ ਬੰਦ ਕਰਨਾ ਪਵੇਗਾ। ਖੇਡ ਮੰਤਰਾਲੇ ਨੇ ਸੰਜੈ ਸਿੰਘ ਨੂੰ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਤਿੰਨ ਦਿਨ ਬਾਅਦ 24 ਦਸੰਬਰ 2023 ਨੂੰ ਡਬਲਿਊਐੱਫਆਈ ਨੂੰ ਮੁਅੱਤਲ ਕਰ ਦਿੱਤਾ ਸੀ। ਸੰਜੈ ਸਿੰਘ ਨੇ ਕਿਹਾ, ‘‘ਜੇ ਡਬਲਿਊਐੱਫਆਈ ਨੂੰ ਆਜ਼ਾਦਾਨਾ ਤੌਰ ’ਤੇ ਆਪਣਾ ਕੰਮ ਕਰਨ ਦਿੱਤਾ ਜਾਂਦਾ ਹੈ ਅਤੇ ਕੁਝ ਸੰਸਥਾਵਾਂ ਸਾਡੇ ਕੰਮਕਾਜ ਵਿੱਚ ਦਖਲ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਅਸੀਂ ਅਗਲੇ ਓਲੰਪਿਕ ਵਿੱਚ ਮਹਿਲਾ ਕੁਸ਼ਤੀ ’ਚ ਦੇਸ਼ ਨੂੰ ਚਾਰ ਤੋਂ ਪੰਜ ਤਗ਼ਮੇ ਦਿਵਾ ਸਕਦੇ ਹਾਂ।’’ ਡਬਲਿਊਐੱਫਆਈ ਪ੍ਰਧਾਨ ਦੀ ਇਹ ਟਿੱਪਣੀ ਭਾਰਤ ਦੀ ਅੰਡਰ-17 ਮਹਿਲਾ ਟੀਮ ਦੇ ਵਿਸ਼ਵ ਖਿਤਾਬ ਜਿੱਤਣ ਤੋਂ ਦੋ ਦਿਨ ਬਾਅਦ ਆਈ ਹੈ। ਇਸ ਦੌਰਾਨ ਸੰਜੈ ਸਿੰਘ ਨੇ ਵਿਨੇਸ਼ ਫੋਗਾਟ ਨੂੰ ਵੀ ਆਪਣੇ ਸੰਨਿਆਸ ਲੈਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਜੇ ਵਿਨੇਸ਼ ਫੋਗਾਟ ਨੂੰ ਸਿਰਫ ਕੁਸ਼ਤੀ ਹੀ ਖੇਡਣੀ ਹੈ ਤਾਂ ਉਸ ਨੂੰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਮਹਿਲਾ ਪਹਿਲਵਾਨਾਂ ਦੀ ਨਵੀਂ ਪੀੜ੍ਹੀ ਉਸ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੇਗੀ।’’ ਉਨ੍ਹਾਂ ਕਿਹਾ, ‘‘ਪਰ ਉਹ ਅੱਜ-ਕੱਲ੍ਹ ਇੱਕ ਸਿਆਸੀ ਮੰਚ ਸਾਂਝਾ ਕਰ ਰਹੀ ਹੈ, ਜੇ ਉਸ ਨੇ (ਭਵਿੱਖ ਵਿੱਚ) ਸਿਆਸਤ ਹੀ ਕਰਨ ਹੈ ਤਾਂ ਉਸ ਨੂੰ ਕੁਸ਼ਤੀ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ।’’ -ਪੀਟੀਆਈ