ਗਾਂ ਤੇ ਸੂਰ ਦੀ ਲੜਾਈ ਰੁਕਵਾਉਣ ਪਹੁੰਚੀ ਪੁਲੀਸ ਪਾਰਟੀ ’ਤੇ ਪਥਰਾਅ
ਰਤਨ ਸਿੰਘ ਢਿੱਲੋਂ
ਅੰਬਾਲਾ, 13 ਨਵੰਬਰ
ਅੰਬਾਲਾ ਕੈਂਟ ਦੀ ਗਵਾਲ ਮੰਡੀ ਵਿੱਚ ਗੋਵਰਧਨ ਪੂਜਾ ਤੇ ਗਵਾਲਾ ਸਮਾਜ ਵੱਲੋਂ ਕਰਵਾਈ ਜਾ ਰਹੀ ਗਾਂ ਅਤੇ ਸੂਰ ਦੀ ਰਵਾਇਤੀ ਲੜਾਈ ਦੀ ਸੂਚਨਾ ਮਿਲਣ ’ਤੇ ਜਦੋਂ ਪੁਲੀਸ ਇਸ ਲੜਾਈ ਨੂੰ ਰਕੁਵਾਉਣ ਲਈ ਮੌਕੇ ’ਤੇ ਪਹੁੰਚੀ ਤਾਂ ਭੀੜ ਨੇ ਪੁਲੀਸ ’ਤੇ ਪਥਰਾਅ ਕਰ ਦਿੱਤਾ। ਇਸ ਦੌਰਾਨ ਪੁਲੀਸ ਨੂੰ ਆਪਣੇ ਬਚਾਅ ਵਿੱਚ ਹਵਾਈ ਫਾਇਰ ਕਰਨੇ ਪਏ। ਸੂਚਨਾ ਮਿਲਣ ’ਤੇ ਅੰਬਾਲਾ ਕੈਂਟ ਐੱਸਐੱਚਓ ਵੀ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕੇ ਸਨ।
ਮਿਲੀ ਜਾਣਕਾਰੀ ਅਨੁਸਾਰ ਗਾਂ ਨੂੰ ਭਗਵਾਨ ਅਤੇ ਸੂਰ ਨੂੰ ਰਾਖਸ਼ ਮੰਨਦਿਆਂ ਗੋਵਰਧਨ ਪੂਜਾ ਮੌਕੇ ਗਾਂ ਅਤੇ ਸੂਰ ਦੀ ਲੜਾਈ ਕਰਵਾਈ ਜਾਂਦੀ ਹੈ ਅਤੇ ਇਸ ਲੜਾਈ ਵਿੱਚ ਗਾਂ ਹੱਥੋਂ ਸੂਰ ਮਰਵਾਇਆ ਜਾਂਦਾ ਹੈ। ਇਸ ਬਾਰੇ ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਚਾਰ ਸਾਲ ਪਹਿਲਾਂ ਪ੍ਰਬੰਧਕਾਂ ਖ਼ਿਲਾਫ਼ ਪਸ਼ੂ ਕਰੂਰਤਾ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਦੋਂ ਤੋਂ ਇਹ ਲੜਾਈ ਬੰਦ ਸੀ। ਹਾਊਸਿੰਗ ਬੋਰਡ ਚੌਕੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਗਾਂ ਅਤੇ ਸੂਰ ਦੀ ਲੜਾਈ ਕਰਵਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੋ-ਤਿੰਨ ਮੁਲਾਜ਼ਮ ਮੌਕੇ ’ਤੇ ਭੇਜੇ ਪਰੰਤੂ ਲੋਕਾਂ ਨੇ ਲੜਾਈ ਬੰਦ ਕਰਨ ਦੀ ਥਾਂ ਉਲਟਾ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸੂਚਨਾ ਮਿਲਣ ’ਤੇ ਉਹ ਖ਼ੁਦ ਅੱਠ-ਦਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚੇ ਜਦੋਂ ਕਿ ਉੱਥੇ 150-200 ਲੋਕਾਂ ਦੀ ਭੀੜ ਸੀ। ਪੁਲੀਸ ਨੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਵਿੱਚੋਂ ਕੁਝ ਕੁ ਨੇ ਉਨ੍ਹਾਂ ’ਤੇ ਪਥਰਾਅ ਕਰ ਦਿੱਤਾ। ਇਹ ਪੱਥਰ ਪੁਲੀਸ ਵਾਲਿਆਂ ਤੋਂ ਇਲਾਵਾ ਕੁਝ ਰਾਹਗੀਰਾਂ ਦੇ ਵੀ ਲੱਗੇ। ਚੌਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬਚਾਅ ਵਿੱਚ ਦੋ ਹਵਾਈ ਫਾਇਰ ਕਰਨੇ ਪਏ। ਹਮਲਾਵਰ ਰਾਮਬਾਗ ਦੀ ਗਲੀ ਵਿੱਚ ਜਾ ਵੜੇ। ਵਿਨੋਦ ਕੁਮਾਰ ਨੇ ਦੱਸਿਆ ਕਿ ਭੀੜ ਕਾਫੀ ਸੀ ਅਤੇ ਪੁਲੀਸ ਹਮਲਾਵਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਭਾਲ ਕਰਨ ਵਿੱਚ ਜੁੱਟੀ ਹੋਈ ਹੈ।