ਕਾਲਕਾ-ਸ਼ਿਮਲਾ ਰੋਡ ’ਤੇ ਪੱਥਰ ਡਿੱਗੇ, ਫਗਵਾੜਾ ਵਾਸੀ ਹਲਾਕ, ਤਿੰਨ ਜ਼ਖ਼ਮੀ
ਸ਼ਿਮਲਾ, 29 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਕਾਲਕਾ-ਸ਼ਿਮਲਾ ਕੌਮੀ ਮਾਰਗ ’ਤੇ ਪਹਾੜੀਆਂ ਤੋਂ ਵਾਹਨ ਉੱਤੇ ਪੱਥਰ ਡਿੱਗਣ ਕਾਰਨ ਪੰਜਾਬ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਡਰਾਈਵਰ ਅਤੇ ਮਹਿਲਾ ਸ਼ਾਮਲ ਹਨ। ਮ੍ਰਿਤਕ ਦੀ ਪਛਾਣ ਦੇਵਰਾਜ (40) ਵਜੋਂ ਹੋਈ ਹੈ। ਉਹ ਪੰਜਾਬ ਦੇ ਫਗਵਾੜਾ ਦਾ ਵਸਨੀਕ ਸੀ। ਪੁਲੀਸ ਮੁਤਾਬਕ ਇਹ ਘਟਨਾ ਤੜਕੇ ਲਗਪਗ ਢਾਈ ਵਜੇ ਉਸ ਸਮੇਂ ਵਾਪਰੀ, ਜਦੋਂ ਐੱਸਯੂਵੀ ਵਾਹਨ ਜਿਸ ਵਿੱਚ ਚਾਰ ਵਿਅਕਤੀ ਅਤੇ ਅਖ਼ਬਾਰ ਸਨ, ਸ਼ਿਮਲਾ ਜਾ ਰਿਹਾ ਸੀ।
ਇਸ ਦੌਰਾਨ ਦਤਿਆਰ ਚੱਕੀ ਮੋੜ ਨੇੜੇ ਅਚਾਨਕ ਪਹਾੜੀਆਂ ਤੋਂ ਕਈ ਪੱਥਰ ਵਾਹਨ ’ਤੇ ਡਿੱਗ ਗਏ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲੀਸ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ ਅਤੇ ਇਸ ਸੜਕ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਵਾਹਨ ਵੱਲੋਂ ਆਵਾਜਾਈ ਲਈ ਦੂਸਰੀ ਲੇਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸੋਲਨ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇਵਰਾਜ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਡਰਾਈਵਰ ਕੁਲਦੀਪ ਸਿੰਘ ਵਾਸੀ ਗੜ੍ਹਸ਼ੰਕਰ, ਵੰਦਨਾ ਸੋਂਧੀ (43) ਤੇ ਉਸ ਦੇ ਲੜਕੇ ਭਾਵੁਕ (23) ਵਾਸੀ ਜਲੰਧਰ ਜ਼ਖ਼ਮੀ ਹੋਏ ਹਨ। -ਪੀਟੀਆਈ
ਫਗਵਾੜਾ (ਜਸਬੀਰ ਚਾਨਾ): ਦੇਵਰਾਜ ਨਗਰ ਨਿਗਮ ਦਾ ਮੁਲਾਜ਼ਮ ਸੀ। ਉਹ ਪੁੱਤਰ ਅਤੇ ਸਾਲੀ ਨਾਲ ਅਖ਼ਬਾਰ ਵਾਲੇ ਵਾਹਨ ਰਾਹੀਂ ਸ਼ਿਮਲਾ ਜਾ ਰਿਹਾ ਸੀ। ਮ੍ਰਿਤਕ ਦਾ ਅੱਜ ਸ਼ਾਮ ਨੂੰ ਫਗਵਾੜਾ ਵਿੱਚ ਹੁਸ਼ਿਆਰਪੁਰ ਰੋਡ ’ਤੇ ਸਸਕਾਰ ਕਰ ਦਿੱਤਾ ਗਿਆ।