ਆਈਪੀਐੱਲ ਮੈਗਾ ਨਿਲਾਮੀ ਸੂਚੀ ’ਚ ਸਟੋਕਸ ਦਾ ਨਾਮ ਨਹੀਂ
ਮੁੰਬਈ, 6 ਨਵੰਬਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ 24 ਅਤੇ 25 ਨਵੰਬਰ ਨੂੰ ਜੇਦਾਹ ਵਿੱਚ ਹੋਣ ਵਾਲੀ ਮੈਗਾ ਨਿਲਾਮੀ ਲਈ 1574 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ ਪਰ ਇਸ ਵਿੱਚ ਇੰਗਲੈਂਡ ਦਾ ਟੈਸਟ ਕਪਤਾਨ ਬੈਨ ਸਟੋਕਸ ਸ਼ਾਮਲ ਨਹੀਂ ਹੈ। ਰਜਿਸਟਰੇਸ਼ਨ ਕਰਵਾਉਣ ਵਾਲੇ ਖਿਡਾਰੀਆਂ ਵਿੱਚ ਸਟੋਕਸ ਦਾ ਸਾਬਕਾ ਸਾਥੀ ਜੇਮਜ਼ ਐਡਰਸਨ, ਇਟਲੀ ਦਾ ਤੇਜ਼ ਗੇਂਦਬਾਜ਼ ਥਾਮਸ ਡ੍ਰੇਕਾ ਅਤੇ ਭਾਰਤ ਵਿੱਚ ਜਨਮਿਆ ਅਮਰੀਕਾ ਦਾ ਤੇਜ਼ ਗੇਂਦਬਾਜ਼ ਸੌਰਭ ਨੇਤਰਾਵਲਕਰ ਸ਼ਾਮਲ ਹਨ। ਇਸ ਸੂਚੀ ਨੂੰ ਫਰੈਂਚਾਇਜ਼ੀ ਨਾਲ ਸਲਾਹ-ਮਸ਼ਵਰੇ ਮਗਰੋਂ ਛੋਟਾ ਕੀਤਾ ਜਾਵੇਗਾ। ਸੂਚੀ ਵਿੱਚ ਭਾਰਤੀ ਖਿਡਾਰੀ ਰਿਸ਼ਭ ਪੰਤ, ਸ਼੍ਰੇਯਸ ਅਈਅਰ, ਕੇਐੱਲ ਰਾਹੁਲ, ਆਰ. ਅਸ਼ਿਵਨ ਅਤੇ ਯੁਜਵੇਂਦਰ ਚਹਿਲ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਟੀਮਾਂ ਨੇ ਬਾਹਰ ਕਰ ਦਿੱਤਾ ਸੀ। ਇਨ੍ਹਾਂ ਪੰਜ ਕ੍ਰਿਕਟਰਾਂ ਵਿੱਚੋਂ ਹਰੇਕ ਨੇ ਖ਼ੁਦ ਨੂੰ ਦੋ ਕਰੋੜ ਰੁਪਏ ਦੀ ਆਧਾਰ ਕੀਮਤ ’ਤੇ ਸੂਚੀਬੱਧ ਕੀਤਾ ਹੈ। ਸੱਟ ਲੱਗਣ ਕਾਰਨ ਪਿਛਲੇ ਸਾਲ ਨਵੰਬਰ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਵੀ ਦੋ ਕਰੋੜ ਰੁਪਏ ਦੀ ਆਧਾਰ ਕੀਮਤ ਵਿੱਚ ਖ਼ੁਦ ਨੂੰ ਸੂਚੀਬੱਧ ਕੀਤਾ ਹੈ। ਭਾਰਤ ਦੇ ਇਸ ਆਧਾਰ ਕੀਮਤ ’ਚ ਖ਼ੁਦ ਨੂੰ ਸੂਚੀਬੱਧ ਕਰਨ ਵਾਲੇ ਖਿਡਾਰੀਆਂ ਵਿੱਚ ਖਲੀਲ ਅਹਿਮਦ, ਮੁਕੇਸ਼ ਕੁਮਾਰ, ਵੈਂਕਟੇਸ਼ ਅਈਅਰ, ਆਵੇਸ਼ ਖ਼ਾਨ, ਦੀਪਕ ਚਾਹਰ, ਇਸ਼ਾਨ ਕਿਸ਼ਨ ਅਤੇ ਭੁਵਨੇਸ਼ਵਰ ਕੁਮਾਰ ਸ਼ਾਮਲ ਹਨ। ਆਪਣੀ ਫਿਟਨੈੱਸ ’ਤੇ ਧਿਆਨ ਦੇਣ ਅਤੇ ਜ਼ਿੰਮੇਵਾਰੀਆਂ ਕਾਰਨ ਪਿਛਲੇ ਆਈਪੀਐੱਲ ’ਚ ਨਾ ਖੇਡਣ ਵਾਲੇ ਸਟੋਕਸ ਨੇ ਫਿਰ ਇਹੀ ਬਦਲ ਚੁਣਿਆ ਹੈ। -ਪੀਟੀਆਈ