Stocks ਸ਼ੇਅਰ ਬਾਜ਼ਾਰ ਨੂੰ 1000 ਅੰਕਾਂ ਦਾ ਵੱਡਾ ਗੋਤਾ
ਮੁੰਬਈ, 11 ਫਰਵਰੀ
ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਾ ਦੌਰ ਜਾਰੀ ਰਿਹਾ ਤੇ ਬੰਬੇ ਸਟਾਕ ਐਕਸਚੇਂਜ (BSE) ਦੇ Sensex ਨੂੰ 1000 ਤੋਂ ਵੱਧ ਅੰਕਾਂ ਦਾ ਗੋਤਾ ਲੱਗ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਲਗਾਤਾਰ ਪੂੰਜੀ ਅਪਨਿਵੇਸ਼ ਤੇ ਅਮਰੀਕਾ ਵੱਲੋਂ ਨਵੇਂ ਸਿਰੇ ਤੋਂ ਟੈਕਸ ਲਗਾਉਣ ਕਰਕੇ ਵਪਾਰਕ ਜੰਗ ਛਿੜਨ ਦੇ ਖ਼ਦਸ਼ਿਆਂ ਦਰਮਿਆਨ ਸ਼ੇਅਰ ਬਾਜ਼ਾਰ ਵਿਚ ਨਿਘਾਰ ਆਇਆ।
30 ਸ਼ੇਅਰਾਂ ਉੱਤੇ ਅਧਾਰਿਤ ਬੀਐੱਸਈ ਸੈਂਸੈਕਸ 1,018.20 ਅੰਕ 1.32 ਫੀਸਦ ਡਿੱਗ ਕੇ ਦੋ ਹਫ਼ਤਿਆਂ ਦੇ ਹੇਠਲੇ ਪੱਧਰ 76,293.60 ਨੁਕਤਿਆਂ ’ਤੇ ਬੰਦ ਹੋਇਆ। ਉਂਝ ਦਿਨ ਦੇ ਕਾਰੋਬਾਰ ਦੌਰਾਨ ਇਕ ਵੇਲੇ ਇਹ 1,281.21 ਅੰਕ ਤੱਕ ਡਿੱਗਾ।
ਉੱਧਰ National Stock Exchange (ਐੱਨਐੱਸਈ) ਦਾ ਨਿਫਟੀ ਵੀ 309.80 ਅੰਕ ਡਿੱਗ ਕੇ 23,071.80 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ਵਿਚ ਸ਼ਾਮਲ 50 ਸ਼ੇਅਰਾਂ ਵਿਚੋਂ 44 ਨੁਕਸਾਨ ਤੇ 6 ਮੁਨਾਫ਼ੇ ਵਿਚ ਬੰਦ ਹੋਏ।
Sensex ਦੇ ਤੀਹ ਸ਼ੇਅਰਾਂ ਵਿੱਚ Zomato ਦੇ ਸ਼ੇਅਰ ਪੰਜ ਫੀਸਦ ਤੋਂ ਹੋਰ ਹੇਠਾਂ ਆਏ। ਇਸ ਤੋਂ ਇਲਾਵਾ ਟਾਟਾ ਸਟੀਲ, ਬਜਾਜ ਫਿਨਸਰਵ, ਟਾਟਾ ਮੋਟਰਜ਼, ਪਾਵਰ ਗਰਿਡ, ਲਾਰਸਨ ਐਂਡ ਟੂਬਰੋ, ਕੋਟਕ ਮਹਿੰਦਰਾ ਬੈਂਕ, ਹਿੰਦੂਸਤਾਨ ਯੂਨੀਲੀਵਰ ਅਤੇ ਆਈਟੀ ਪ੍ਰਮੁੱਖ ਰੂਪ ਤੋਂ ਨੁਕਸਾਨ ਵਿੱਚ ਰਹੇ। ਸਿਰਫ਼ ਭਾਰਤੀ ਏਅਰਟੈੱਲ ਦਾ ਸ਼ੇਅਰ ਨਫ਼ੇ ਵਿਚ ਰਿਹਾ। -ਪੀਟੀਆਈ