Stock Market: ਉਛਾਲ ਤੋਂ ਬਾਅਦ ਸ਼ੇਅਰ ਮਾਰਕੀਟ ਵਿਕਰੀ ਦੇ ਦਬਾਅ ਹੇਠ
ਮੁੰਬਈ, 10 ਜਨਵਰੀ
ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਮੁੜ ਉਛਾਲ ’ਚ ਆਏ ਪਰ ਛੇਤੀ ਹੀ ਵਿਕਰੀ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ। ਭਾਰੀ ਵਿਦੇਸ਼ੀ ਫੰਡਾਂ ਦੇ ਨਿਕਾਸ ਨੇ ਨਿਵੇਸ਼ਕਾਂ ਨੂੰ ਉਲਝਾਇਆ ਹੋਇਆ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 270.76 ਅੰਕ ਚੜ੍ਹ ਕੇ 77,890.97 ’ਤੇ ਪਹੁੰਚ ਗਿਆ। NSE ਨਿਫਟੀ ਵੀ 69.5 ਅੰਕ ਚੜ੍ਹ ਕੇ 23,596 'ਤੇ ਪਹੁੰਚ ਗਿਆ। ਹਾਲਾਂਕਿ ਜਲਦੀ ਹੀ ਦੋਵੇਂ ਬੈਂਚਮਾਰਕ ਸੂਚਕ ਨਕਾਰਾਤਮਕ ਖੇਤਰ ਵਿੱਚ ਆ ਗਏ।
30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ਤੋਂ ਟਾਟਾ ਕੰਸਲਟੈਂਸੀ ਸਰਵਿਸਿਜ਼ ਨੇ ਦਸੰਬਰ ਤਿਮਾਹੀ ’ਚ 11.95 ਫੀਸਦੀ ਦੇ ਵਾਧੇ ਨਾਲ 12,380 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕਰਨ ਤੋਂ ਬਾਅਦ 4 ਫੀਸਦੀ ਦੀ ਛਲਾਂਗ ਲਾਈ। ਟੈੱਕ ਮਹਿੰਦਰਾ, ਇਨਫੋਸਿਸ, ਐਚਸੀਐਲ ਟੈਕ, ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ ਬੈਂਕ ਅਤੇ ਨੇਸਲੇ ਲਾਭ ਵਾਲੇ ਸਨ। ਇੰਡਸਇੰਡ ਬੈਂਕ, ਜ਼ੋਮੈਟੋ, ਐਨਟੀਪੀਸੀ, ਸਟੇਟ ਬੈਂਕ ਆਫ ਇੰਡੀਆ, ਅਡਾਨੀ ਪੋਰਟਸ ਅਤੇ ਪਾਵਰ ਗਰਿੱਡ ਪਛੜ ਗਏ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 7,170.87 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਪੀਟੀਆਈ