ਸ਼ੇਅਰ ਬਾਜ਼ਾਰ: Sensex ਤੇ Nifty ਸ਼ੁਰੂਆਤੀ ਕਾਰੋਬਾਰ ਵਿਚ ਡਿੱਗੇ
ਮੁੰਬਈ, 17 ਜੂਨ
ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਸੰਘਰਸ਼ ਦਰਮਿਆਨ ਨਿਵੇਸ਼ਕਾਂ ਦੇ ਵਧੇਰੇ ਚੌਕਸ ਹੋਣ ਕਾਰਨ ਸੈਂਸੈਕਸ ਤੇ ਨਿਫਟੀ ਵਿਚ ਮੰਗਲਵਾਰ ਨੂੰ ਸ਼ੁੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਪਿਛਲੇ ਸੈਸ਼ਨ ਵਿਚ ਇਨ੍ਹਾਂ ਵਿਚ ਭਾਰੀ ਤੇਜ਼ੀ ਦਰਜ ਕੀਤੀ ਗਈ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਹਫ਼ਤੇ ਦੇ ਅਖੀਰ ਵਿਚ ਅਮਰੀਕੀ ਫੈਡਰਲ ਬੈਂਕ ਵੱਲੋਂ ਵਿਆਜ ਦਰਾਂ ਬਾਰੇ ਫੈਸਲੇ ਲੈਣ ਤੋਂ ਪਹਿਲਾਂ ਨਿਵੇਸ਼ਕ ਚੌਕਸ ਹਨ।
ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 127.02 ਅੰਕਾਂ ਦੇ ਨਿਘਾਰ ਨਾਲ 81,669.13 ਨੁਕਤਿਆਂ ਉੱਤੇ ਜਦੋਂਕਿ ਐੱਨਐੱਸਈ ਨਿਫਟੀ 55 ਅੰਕ ਡਿੱਗ ਕੇ 24,891.50 ਉੱਤੇ ਪਹੁੰਚ ਗਿਆ। ਸੈਂਸੈਕਸ ਵਿਚ ਸ਼ਾਮਲ 30 ਕੰਪਨੀਆਂ ਵਿਚੋਂ ਇੰਡਸਇੰਡ ਬੈਂਕ, ਟਾਟਾ ਮੋਟਰਜ਼, ਟਾਈਟਨ, ਬਜਾਜ ਫਾਇਨਾਂਸ, ਸਨ ਫਾਰਮਾ ਤੇ ਅਲਟਰਾਟੈੱਕ ਸੀਮਿੰਟ ਦੇ ਸ਼ੇਅਰ ਘਾਟੇ ਵਿਚ ਰਹੇ। ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਐੱਨਟੀਪੀਸੀ ਤੇ ਅਡਾਨੀ ਪੋਰਟਸ ਦੇ ਸ਼ੇਅਰਾਂ ਨੇ ਮੁਨਾਫਾ ਖੱਟਿਆ। ਏਸ਼ਿਆਈ ਬਾਜ਼ਾਰਾਂ ਵਿਚੋਂ ਦੱਖਣੀ ਕੋਰੀਆ ਦਾ ਕੌਸਪੀ ਤੇ ਜਪਾਨ ਦਾ ਨਿੱਕੀ 225 ਮੁਨਾਫੇ ਵਿਚ ਰਹੇ ਜਦੋਂਕਿ ਸ਼ੰਘਾਈ ਐੱਸਐੱਸਈ ਕੰਪਜ਼ਿਟ ਤੇ ਹਾਂਗਕਾਂਗ ਦਾ ਹੈਂਗਸੇਂਗ ਨੁਕਸਾਨ ਵਿਚ ਰਹੇ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਸਕਾਰਾਤਮਕ ਰੁਖ਼ ਨਾਲ ਬੰਦ ਹੋਏ ਸਨ।
ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ ਸ਼ੁਰੂਆਤੀ ਕਾਰੋਬਾਰ ਵਿਚ 11 ਪੈਸੇ ਮਜ਼ਬੂਤ ਹੋਇਆ ਹੈ। ਘਰੇਲੂ ਬਾਜ਼ਾਰਾਂ ਵਿੱਚ ਕਮਜ਼ੋਰ ਸ਼ੁਰੂਆਤ, ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਮਜ਼ਬੂਤ ਡਾਲਰ ਦੇ ਦਬਾਅ ਨੂੰ ਟਾਲਦਿਆਂ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 11 ਪੈਸੇ ਵਧ ਕੇ 85.93 ’ਤੇ ਪਹੁੰਚ ਗਿਆ। -ਪੀਟੀਆਈ