Stock Market: ਸ਼ੇਅਰ ਬਾਜ਼ਾਰ ’ਚ ਗਿਰਾਵਟ, Sensex 80k ਤੋਂ ਹੇਠਾਂ ਖਿਸਕਿਆ
ਮੁੰਬਈ, 28 ਨਵੰਬਰ
ਗਲੋਬਲ ਇਕੁਇਟੀਜ਼ ਵਿੱਚ ਮਿਲੇ-ਜੁਲੇ ਰੁਖ ਦੇ ਦੌਰਾਨ ਬਾਜ਼ਾਰ ਦੇ ਹੈਵੀਵੇਟ ਇੰਫੋਸਿਸ, ਆਰਆਈਐਲ ਅਤੇ ਐਚਡੀਐਫਸੀ ਬੈਂਕ ਵਿੱਚ ਜ਼ੋਰਦਾਰ ਵਿਕਰੀ ਕਾਰਨ ਵੀਰਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਕਰੀਬ 1.50 ਫੀਸਦੀ ਤੱਕ ਡਿੱਗ ਗਏ। ਵਿਸ਼ਲੇਸ਼ਕਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਵਧਦੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਆਈਟੀ, ਆਟੋ ਅਤੇ ਖ਼ਪਤਕਾਰ ਹੰਢਣਸਾਰ ਸਟਾਕਾਂ (consumer durable stocks) ਵਿੱਚ ਭਾਰੀ ਨੁਕਸਾਨ ਨੇ ਵੀ ਨਿਵੇਸ਼ਕਾਂ ’ਚ ਕਮਜ਼ੋਰੀ ਵਾਲੀ ਭਾਵਨਾ ਨੂੰ ਹੁਲਾਰਾ ਦਿੱਤਾ।
ਦਿਨ ਦਾ ਕਾਰੋਬਾਰ ਬੰਦ ਹੋਣ ’ਤੇ BSE ਬੈਂਚਮਾਰਕ ਸੈਂਸੈਕਸ 1,190.34 ਅੰਕ ਜਾਂ 1.48 ਫੀਸਦੀ ਡਿੱਗ ਕੇ 80 ਹਜ਼ਾਰ ਦੇ ਅੰਕੜੇ ਤੋਂ ਹੇਠਾਂ 79,043.74 'ਤੇ ਬੰਦ ਹੋਇਆ। ਦਿਨ ਦੌਰਾਨ ਇਕ ਵਾਰ ਤਾਂ ਇਹ 1,315.16 ਅੰਕ ਜਾਂ 1.63 ਫੀਸਦੀ ਦੀ ਗਿਰਾਵਟ ਨਾਲ 78,918.92 ਤੱਕ ਖਿਸਕ ਗਿਆ ਸੀ। ਇਸ ਕਾਰਨ ਨਿਵੇਸ਼ਕਾਂ ਦੀ ਦੌਲਤ 1,50,265.63 ਕਰੋੜ ਰੁਪਏ ਘਟ ਕੇ 4,42,98,083.42 ਕਰੋੜ ਰੁਪਏ (5.24 ਖਰਬ ਡਾਲਰ) ਰਹਿ ਗਈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ (NSE Nifty) 360.75 ਅੰਕ ਜਾਂ 1.49 ਫੀਸਦੀ ਡਿੱਗ ਕੇ 23,914.15 'ਤੇ ਬੰਦ ਹੋਇਆ।
ਅਡਾਨੀ ਗਰੁੱਪ ਦੀਆਂ 11 ਸੂਚੀਬੱਧ ਫਰਮਾਂ ਵਿੱਚੋਂ ਪੰਜ ਦੇ ਸ਼ੇਅਰ ਵੀਰਵਾਰ ਨੂੰ ਉੱਚੇ ਪੱਧਰ 'ਤੇ ਬੰਦ ਹੋਏ, ਅਡਾਨੀ ਟੋਟਲ ਗੈਸ ਲਗਭਗ 16 ਫੀਸਦੀ ਵਧੀ। ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸਟਾਕ 10 ਫੀਸਦੀ, ਅਡਾਨੀ ਗ੍ਰੀਨ ਐਨਰਜੀ 10 ਫੀਸਦੀ ਅਤੇ ਅਡਾਨੀ ਐਂਟਰਪ੍ਰਾਈਜ਼ਿਜ਼ 1.63 ਫੀਸਦੀ ਵਧੇ। ਇਸ ਦੌਰਾਨ ਅਡਾਨੀ ਪੋਰਟਸ 'ਚ 2.73 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਨੂੰ, BSE ਬੈਂਚਮਾਰਕ 230.02 ਅੰਕ ਜਾਂ 0.29 ਫੀਸਦੀ ਚੜ੍ਹ ਕੇ 80,234.08 'ਤੇ ਬੰਦ ਹੋਇਆ ਸੀ। ਨਿਫਟੀ 80.40 ਅੰਕ ਜਾਂ 0.33 ਫੀਸਦੀ ਵਧ ਕੇ 24,274.90 'ਤੇ ਪਹੁੰਚ ਗਿਆ ਸੀ।
ਏਸ਼ਿਆਈ ਬਾਜ਼ਾਰਾਂ ਵਿੱਚ, ਸਿਓਲ ਅਤੇ ਟੋਕੀਓ ਹਰੇ ਰੰਗ ਵਿੱਚ ਬੰਦ ਹੋਏ, ਜਦੋਂ ਕਿ ਸ਼ੰਘਾਈ ਅਤੇ ਹਾਂਗਕਾਂਗ ਘਟਦੇ ਹੋਏ ਲਾਲ ਰੰਗ ’ਚ ਬੰਦ ਹੋਏ। ਯੂਰਪੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਗਿਰਾਵਟ 'ਤੇ ਬੰਦ ਹੋਏ। ਤਕਨੀਕੀ ਕੰਪਨੀਆਂ ਵਿੱਚ ਗਿਰਾਵਟ ਨੇ ਪ੍ਰਮੁੱਖ ਅਮਰੀਕੀ ਸੂਚਕ ਅੰਕ ਨੂੰ ਪਿਛਾਂਹ ਖਿੱਚਿਆ। -ਪੀਟੀਆਈ