ਟਾਂਕਾ ਪੱਤਰਕਾਰੀ
ਕਮਲੇਸ਼ ਸਿੰਘ ਦੁੱਗਲ
ਅੱਸੀਵਿਆਂ ਵਿੱਚ ਮੈਂ ਪੱਤਰਕਾਰੀ ਦੀ ਪੜ੍ਹਾਈ ਭਾਵੇਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਤੇ ਖੇਤੀ ਯੂਨੀਵਰਸਿਟੀ ਤੋਂ ਕੀਤੀ ਪਰ ਇਨ੍ਹਾਂ ਤਿੰਨ-ਚਾਰ ਸਾਲਾਂ ਵਿੱਚ ਕਦੇ ਵੀ ਕਿਸੇ ਪੱਤਰਕਾਰੀ ਦੇ ਅਧਿਆਪਕ ਨੇ ‘ਟਾਂਕਾ ਪੱਤਰਕਾਰੀ’ ਸਬੰਧੀ ਕੁਝ ਨਹੀਂ ਦੱਸਿਆ, ਹਾਲਾਂਕਿ ਸਾਨੂੰ ਪੱਤਰਕਾਰੀ ਦੀ ਪਰਿਭਾਸ਼ਾ ਇਸਦੇ ਸਿਧਾਂਤ, ਸਰੋਤਾਂ ਬਾਰੇ ਵਿਸਥਾਰ ’ਚ ਪੜ੍ਹਾਇਆ ਗਿਆ। ਇਹ ਵੀ ਦੱਸਿਆ ਗਿਆ ਕਿ ਪੱਤਰਕਾਰੀ ਇੱਕ ਮਿਸ਼ਨ ਹੈ। ਦੇਸ਼ ਦੀ ਆਜ਼ਾਦੀ ’ਚ ਲੜੇ ਗਏ ਸੰਗਰਾਮ ’ਚ ਪੱਤਰਕਾਰੀ ਦੇ ਯੋਗਦਾਨ ਸਬੰਧੀ ਵੀ ਵਾਹਵਾ ਚਾਨਣਾ ਪਾਇਆ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਪੱਤਰਕਾਰੀ ਦੀ ਜਾਂ ਪੱਤਰਕਾਰੀ ਦੇ ਪੇਸ਼ੇ ਦੀ ਚਮਕ-ਦਮਕ, ਅੱਜਕੱਲ੍ਹ ਨਾਲੋਂ ਵੀ ਜ਼ਿਆਦਾ ਸੀ। ਕਹਿਣ ਤੋਂ ਮਤਲਬ ਪੱਤਰਕਾਰੀ ਨੂੰ ਪਵਿੱਤਰ ਪੇਸ਼ੇ ਵਜੋਂ ਸਤਿਕਾਰਿਆ ਜਾਂਦਾ ਸੀ। ‘ਗੋਦੀ ਮੀਡੀਆ’ ਵਰਗੇ ਸ਼ਬਦਾਂ ਦੀ ਇਜਾਦ ਨਹੀਂ ਸੀ ਹੋਈ ਤੇ ਅਜਿਹੇ ਸ਼ਬਦਾਂ ਤੋਂ ਲੋਕ ਪੂਰੀ ਤਰ੍ਹਾਂ ਅਣਜਾਣ ਸਨ।
ਉਦੋਂ ਪੜ੍ਹਦਿਆਂ- ‘ਖੁੰਬ ਪੱਤਰਕਾਰੀ’ ਸਬੰਧੀ ਜਾਣਕਾਰੀ ਤਾਂ ਮਿਲ ਗਈ ਕਿਉਂਕਿ ਸਾਡੇ ਵਿੱਚੋਂ ਇੱਕ ਨੇ ਆਪਣੇ ਖੋਜ ਪੱਤਰ ਦਾ ਸਿਰਲੇਖ ‘ਪਟਿਆਲੇ ਦੀ ਖੁੰਬ ਪੱਤਰਕਾਰੀ’ ਰੱਖਿਆ ਸੀ। ਉਸ ਨੇ ਪਟਿਆਲੇ ਤੋਂ ਨਿਕਲਦੇ ਛੋਟੇ-ਮੋਟੇ ਹਫ਼ਤਾਵਾਰੀ ਪੰਦਰਾਂ ਰੋਜ਼ਾ ਮਹੀਨੇਵਾਰ ਪਰਚਿਆਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਸੀ। ਉਸਨੇ ਇਹ ਵੀ ਸਿੱਟਾ ਕੱਢਿਆ ਸੀ ਕਿ ਇਨ੍ਹਾਂ ਸੈਂਕੜਿਆਂ ਦੀ ਗਿਣਤੀ ’ਚ ਨਿਕਲਦੇ ਜ਼ਿਆਦਾਤਰ ਪਰਚਿਆਂ ਦਾ ਉਦੇਸ਼, ਪੀਲੀ ਪੱਤਰਕਾਰੀ ਨੂੰ ਜਿਊਂਦਾ ਰੱਖਣਾ ਸੀ। ਸਿੱਟਾ ਇਹ ਵੀ ਕੱਢਿਆ ਗਿਆ ਕਿ ਬਹੁਤਿਆਂ ਦਾ ਪੱਤਰਕਾਰੀ ਨਾਲ ਦੂਰੋਂ ਨੇੜਿਓਂ ਕੋਈ ਲਗਾਅ ਨਹੀਂ ਸੀ। ਟਾਂਕਾ ਪੱਤਰਕਾਰੀ ਜਿੰਦਾਬਾਦ ਦੇ ਸਕੰਲਪ ਨੂੰ ਲੈ ਕੇ ਇਹ ਪਰਚੇ ਧੜਾ-ਧੜ ਨਿਕਲੀ ਜਾ ਰਹੇ ਸਨ।
ਕਈ ਭੱਦਰ ਪੁਰਸ਼ਾਂ ਵੱਲੋਂ ਕਿੜ ਕੱਢਣ ਲਈ ਵੀ ਪਰਚੇ ਸ਼ੁਰੂ ਕਰ ਲਏ ਜਾਂਦੇ ਸਨ। ਇੱਕ ਬਰਖ਼ਾਸਤ ਹੈੱਡ ਕਾਂਸਟੇਬਲ ਨੇ ਆਪਣੇ ਰਹਿ ਚੁੱਕੇ ਪੁਲੀਸ ਕਪਤਾਨ ਨਾਲ ਖਹਿਬਾਜ਼ੀ ਦੇ ਚੱਕਰ ਵਿੱਚ ਹੀ ਪਰਚਾ ਸ਼ੁਰੂ ਕਰ ਲਿਆ। ਉਹ ਗਿਣਤੀ ਦੀਆਂ ਹੀ ਕਾਪੀਆਂ ਛਪਾ ਕੇ ਆਪਣੇ ਸਾਬਕਾ ਬੌਸ ਨੂੰ ਪ੍ਰੇਸ਼ਾਨ ਕਰਦਾ ਸੀ। ਇਸਦੇ ਨਾਲ ਹੀ ਉਸ ਨੇ ਪੰਜਾਬੀ ਦੇ ਇੱਕ ਘੱਟ ਛਪਣ ਵਾਲੇ ਸਮਾਚਾਰ ਪੱਤਰ ਦੀਆਂ ਖ਼ਬਰਾਂ ਭੇਜਣ ਲਈ ਪਛਾਣ ਪੱਤਰ ਵੀ ਲੈ ਲਿਆ ਸੀ। ਪ੍ਰੈੱਸ ਕਾਨਫੰਰਸ ’ਚ ਉਹ ਵਿਅਕਤੀ ਆਪਣੇ ਸਾਬਕਾ ਬੌਸ, ਜਿਸ ਨੂੰ ਉਹ ਸਲੂਟ ਤੇ ਸਲੂਟ ਮਾਰਦਾ ਹੁੰਦਾ ਸੀ, ਨੂੰ ਹੁਣ ਧੜੱਲੇ ਨਾਲ ਪ੍ਰੇਸ਼ਾਨ ਕਰਨ ਵਾਲੇ ਸਵਾਲ ਕਰਦਾ। ਨਾ ਚਾਹੁੰਦੇ ਹੋਏ ਵੀ ਉਸ ਪੁਲੀਸ ਅਧਿਕਾਰੀ ਨੂੰ ਉਸ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ।
ਖ਼ੈਰ! ਗੱਲ ਟਾਂਕਾ ਪੱਤਰਕਾਰੀ ਦੀ ਚੱਲ ਰਹੀ ਸੀ। ਜਦੋਂ ਮੈਂ ਪੱਤਰਕਾਰੀ ਦੀ ਪੜ੍ਹਾਈ ਖ਼ਤਮ ਕੀਤੀ ਤੇ ਕੁਝ ਸਾਲ ਕਿਸੇ ਚੰਗੀ ਨੌਕਰੀ ਨੂੰ ਹੱਥ ਨਾ ਪਿਆ ਤਾਂ ਆਪਾ ਵੀ ਪੰਦਰਾਂ ਰੋਜ਼ਾ ਪਰਚਾ ਕੱਢ ਕੇ ਉਸ ਦੇ ਮਾਲਕ ਸੰਪਾਦਕ ਤੇ ਪ੍ਰਿੰਟਰ ਤੇ ਪਬਲਿਸ਼ਰ ਬਣ ਗਏ। ਪਹਿਲੇ ਅੰਕ ਦੀ ਛਪਾਈ ਲਈ ਜਦੋਂ ਪ੍ਰਿੰਟਿੰਗ ਪ੍ਰੈੱਸ ਵਾਲਿਆਂ ਨਾਲ ਗੱਲ ਕੀਤੀ ਤਾਂ ਪਟਿਆਲੇ ਇੱਕ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਭਾਟੀਆ ਸਾਹਿਬ ਨੇ ਸਮਾਂ ਬਰਬਾਦ ਨਾ ਕਰਦਿਆਂ ਦੋ ਟੁੱਕ ’ਚ ਗੱਲ ਮੁਕਾ ਦਿੱਤੀ ਕਿ ਜੇ ਤਾਂ ਛੋਟੇ ਅਖ਼ਬਾਰ ਦੇ ਪੂਰੇ ਸਫ਼ੇ ਦਾ ਮੈਟਰ ਕੰਪੋਜ ਕਰਾਉਣਾ ਹੈ ਤਾਂ 25 ਰੁਪਏ ਦੇਣੇ ਪੈਣਗੇ ਤੇ ਜੇ ਟਾਂਕਾ ਲਗਾਉਣਾ ਹੈ ਤਾਂ ਪ੍ਰਤੀ ਸਫ਼ੇ ਦੀ ਲਾਗਤ 15 ਰੁਪਏ ਹੋਵੇਗੀ। ਫ਼ੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਆਪਣੇ ਭੇਜੇ ਮੈਟਰ ਦਾ ਸਫ਼ਾ ਤਿਆਰ ਕਰਾਉਣਾ ਹੈ ਜਾਂ ਸਾਡਾ ਪਹਿਲਾਂ ਤੋਂ ਹੀ ਤਿਆਰ ਮੈਟਰ ਭਾਵ ਟਾਂਕਾ ਲਗਾਉਣਾ ਹੈ।
ਗੱਲ ਪੂਰੀ ਤਰ੍ਹਾਂ ਸਮਝ ਆ ਗਈ ਸੀ, ਮੈਨੂੰ ਸਮਝਾਇਆ ਗਿਆ ਕਿ ਅਸੀਂ ਹਫ਼ਤੇ ਪੰਦਰਾਂ ਦਿਨਾਂ ਬਾਅਦ ਪੰਦਰਾਂ-ਵੀਹ ਅਜਿਹੇ ਪਰਚੇ ਛਾਪਦੇ ਹਾਂ ਜਿਨ੍ਹਾਂ ਦਾ ਮੈਟਰ ਇੱਕੋ ਜਿਹਾ ਤੇ ਸਿਰਫ਼ ਪਰਚੇ ਦਾ ਨਾਂ ਹੀ ਬਦਲਿਆ ਹੁੰਦਾ ਹੈ। ਆਪਣੇ ਪੱਤਰਕਾਰੀ ਦੇ ਸ਼ਬਦਾਂ ਦੇ ਭੰਡਾਰ ’ਚ ਭਾਵੇਂ ਇੱਕ ਨਵਾਂ ਸ਼ਬਦ ਦਾ ਵਾਧਾ ਤਾਂ ਹੋ ਗਿਆ ਸੀ ਪਰ ਮਨ ਨੂੰ ਥੋੜ੍ਹੀ ਜਿਹੀ ਠੇਸ ਵੀ ਲੱਗੀ। ਏਨੇ ਸਾਲਾਂ ਬਾਅਦ ਟਾਂਕਾ ਪੱਤਰਕਾਰੀ ਕਿਵੇਂ ਯਾਦ ਆਇਆ ਉਸਦੇ ਪਿੱਛੇ ਵੀ ਛੋਟੀ ਜਿਹੀ ਕਹਾਣੀ ਹੈ। ਕੁਝ ਦਿਨ ਪਹਿਲਾਂ ਮੇਰੇ ਪੁਰਾਣੇ ਪੱਤਰਕਾਰੀ ਦੇ ਵਿਦਿਆਰਥੀ ਮੈਨੂੰ ਮਿਲਣ ਆਏ। ਗੱਲਾਂ ਗੱਲਾਂ ਵਿੱਚ ਉਨ੍ਹਾਂ ਦੱਸਿਆ,‘‘ਕੁਝ ਵਰ੍ਹੇ ਪਹਿਲਾਂ ਸਾਡੀ ਕਾਰ ਪੰਚਕੂਲੇ ਭੀੜ ਨੇ ਸਾੜ ਦਿੱਤੀ ਤੇ ਅਸੀਂ ਤਿੰਨਾਂ ਨੇ ਇੱਕ ਕੰਧ ਟੱਪ ਕੇ ਆਪਣੀ ਜਾਨ ਬਚਾਈ। ਜਦੋਂ ਅਸੀਂ ਕੰਧ ਟੱਪ ਕੇ ਦੂਜੇ ਪਾਸੇ ਡਿੱਗੇ ਤਾਂ ਸਾਡੇ ਵਿੱਚ ਇੱਕ ਨੇ ਉੱਚੀ ਦੇਣੇ ਕਿਹਾ, ‘ਆਹ ਕੰਧ ਟੱਪਣ ਬਾਰੇ ਤਾਂ ਦੁੱਗਲ ਸਰ ਨੇ ਕਦੇ ਪੜ੍ਹਾਇਆ ਹੀ ਨਹੀਂ। ਉਨ੍ਹਾਂ ਦੇ ਬੈਠੇ-ਬੈਠੇ ਹੀ ਮੇਰੇ ਮਨ ’ਚ ਟਾਂਕਾ ਪੱਤਰਕਾਰੀ ਅੜ੍ਹ ਗਈ ਜਿਸ ਨੂੰ ਮੇਰੇ ਪੱਤਰਕਾਰੀ ਦੇ ਅਧਿਆਪਕਾਂ ਨੇ ਕਦੇ ਪੜ੍ਹਾਇਆ ਹੀ ਨਹੀਂ ਸੀ।
ਸੰਪਰਕ: 98038-30605