For the best experience, open
https://m.punjabitribuneonline.com
on your mobile browser.
Advertisement

ਐੱਸਟੀਐੱਫ ਵੱਲੋਂ ਡਰੱਗ ਇੰਸਪੈਕਟਰ ਦੇ ਟਿਕਾਣਿਆਂ ’ਤੇ ਛਾਪੇ

07:45 AM Aug 09, 2024 IST
ਐੱਸਟੀਐੱਫ ਵੱਲੋਂ ਡਰੱਗ ਇੰਸਪੈਕਟਰ ਦੇ ਟਿਕਾਣਿਆਂ ’ਤੇ ਛਾਪੇ
ਬਠਿੰਡਾ ਵਿੱਚ ਡਰੱਗ ਇੰਸਪੈਕਟਰ ਦੇ ਘਰ ਛਾਪਾ ਮਾਰਨ ਪਹੁੰਚੇ ਪੁਲੀਸ ਮੁਲਾਜ਼ਮ। -ਫੋਟੋ: ਪਵਨ ਸ਼ਰਮਾ
Advertisement

ਟਨਸ/ਸ਼ਗਨ ਕਟਾਰੀਆ/ਕੁਲਦੀਪ ਭੁੱਲਰ
ਚੰਡੀਗੜ੍ਹ/ਬਠਿੰਡਾ/ਮੌੜ ਮੰਡੀ, 8 ਅਗਸਤ
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਇਸ ਦੌਰਾਨ ਐੱਸਟੀਐੱਫ ਨੇ ਕੁੱਲ 6.69 ਕਰੋੜ ਰੁਪਏ ਦੀ ਰਕਮ ਵਾਲੇ 24 ਬੈਂਕ ਖਾਤੇ ਸੀਲ ਕਰ ਕੇ ਨਕਦੀ ਤੇ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਛਾਪਾ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ’ਤੇ ਲੱਗੇ ਦੋਸ਼ਾਂ ਦੀ ਚੱਲ ਰਹੀ ਜਾਂਚ ਤਹਿਤ ਮਾਰਿਆ ਗਿਆ ਹੈ। ਇਹ ਛਾਪੇ ਬਠਿੰਡਾ, ਮੌੜ ਮੰਡੀ, ਗਿੱਦੜਬਾਹਾ, ਮੁਹਾਲੀ, ਚੰਡੀਗੜ੍ਹ ਅਤੇ ਹਰਿਆਣਾ ਦੇ ਫਤਿਹਾਬਾਦ ਸਮੇਤ ਅੱਠ ਥਾਵਾਂ ’ਤੇ ਮਾਰੇ ਗਏ ਹਨ। ਡੀਜੀਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਫਰੀਜ਼ ਕੀਤੇ ਗਏ ਬੈਂਕ ਖਾਤੇ ਮੁਲਜ਼ਮ ਡਰੱਗ ਇੰਸਪੈਕਟਰ ਦੇ ਨਾਂ ’ਤੇ ਸਨ। ਉਸ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਬੇਨਾਮੀ ਖਾਤੇ ਵੀ ਸਨ ਅਤੇ ਇਨ੍ਹਾਂ ਖਾਤਿਆਂ ’ਚ 6.69 ਕਰੋੜ ਰੁਪਏ ਤੱਕ ਦੀ ਰਕਮ ਜਮ੍ਹਾਂ ਸੀ। ਮੁਲਜ਼ਮ ਦੇ ਤਿੰਨ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਛਾਪਿਆਂ ਦੌਰਾਨ ਐੱਸਟੀਐੱਫ ਨੇ ਲਗਪਗ 9.31 ਲੱਖ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ 515 ਦਿਰਹਾਮ ਬਰਾਮਦ ਕੀਤੇ ਹਨ। ਇਸ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਹਾਸਲ ਕੀਤੀਆਂ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ, ਜਿਸ ਵਿੱਚ ਜ਼ੀਰਕਪੁਰ ਵਿੱਚ 2 ਕਰੋੜ ਰੁਪਏ ਦੇ ਫਲੈਟ, ਡੱਬਵਾਲੀ ਵਿੱਚ 40 ਲੱਖ ਰੁਪਏ ਦੇ ਪਲਾਟ ਸਮੇਤ ਕਈ ਹੋਰ ਜਾਇਦਾਦਾਂ ਸ਼ਾਮਲ ਹਨ। ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਡਰੱਗ ਇੰਸਪੈਕਟਰ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬਾਹਰ ਨਸ਼ਾ ਤਸਕਰਾਂ ਦੇ ਨੈੱਟਵਰਕ ਦੀ ਸਹਾਇਤਾ ਕਰ ਰਿਹਾ ਸੀ। ਮੁਲਜ਼ਮ ਸਰਕਾਰ ਤੋਂ ਇਜਾਜ਼ਤ ਲਏ ਬਿਨਾਂ ਹੀ ਵਿਦੇਸ਼ ਯਾਤਰਾਵਾਂ ਵੀ ਕਰ ਰਿਹਾ ਸੀ।
ਸੂਤਰਾਂ ਮੁਤਾਬਕ ਇੰਸਪੈਕਟਰ ਦੀ ਤਾਇਨਾਤੀ ਇਨ੍ਹੀਂ ਦਿਨੀਂ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸੀ। ਐੱਸਟੀਐੱਫ ਨੇ ਅੱਜ ਉਸ ਦੇ ਜੱਦੀ ਸ਼ਹਿਰ ਮੌੜ ਮੰਡੀ ਸਥਿਤ ਘਰ ਦੀ ਤਲਾਸ਼ੀ ਵੀ ਲਈ ਹੈ, ਜਿੱਥੇ ਇਸ ਸਮੇਂ ਇੰਸਪੈਕਟਰ ਦਾ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਰਹਿ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਸਥਿਤ ਰਿਹਾਇਸ਼ ਅਤੇ ਗਿੱਦੜਬਾਹਾ ਵਿੱਚ ਵੀ ਛਾਪੇ ਮਾਰੇ ਗਏ।

Advertisement
Advertisement
Author Image

joginder kumar

View all posts

Advertisement