ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਨ ਵੱਲ ਵਧਾਏ ਕਦਮ

07:54 AM Jul 29, 2024 IST

ਜਮਾਤ-ਏ-ਇਸਲਾਮੀ ਜੰਮੂ ਤੇ ਕਸ਼ਮੀਰ (ਜੇਈਆਈ-ਜੇਕੇ) ਨੇ ਆਪਣੇ ’ਤੇ ਲੱਗੀ ਪਾਬੰਦੀ ਹਟਣ ਦੀ ਸੂਰਤ ਵਿੱਚ ਮੁੱਖਧਾਰਾ ਦੀ ਸਿਆਸਤ ’ਚ ਪਰਤਣ ਦੀ ਜਤਾਈ ਇੱਛਾ ਖੇਤਰ ਦੇ ਗੜਬੜਗ੍ਰਸਤ ਇਤਿਹਾਸ ’ਚ ਮਹੱਤਵਪੂਰਨ ਘਟਨਾ ਹੈ। ਸਮਾਜਿਕ ਧਾਰਮਿਕ ਪਛਾਣ ਵਾਲੀ ਇਹ ਪਾਰਟੀ ਜੋ ਕਈ ਦਹਾਕੇ ਕਸ਼ਮੀਰ ਦੇ ਸਿਆਸੀ ਭੂ-ਦ੍ਰਿਸ਼ ਵਿੱਚ ਮੁੱਖ ਤਾਕਤ ਬਣੀ ਰਹੀ ਹੈ, ਨੇ ਹੁਣ ਚੁਣਾਵੀ ਸਿਆਸਤ ’ਚ ਮੁੜ ਪੈਰ ਧਰਨ ਦੀ ਖਾਹਿਸ਼ ਜਤਾਈ ਹੈ ਬਸ਼ਰਤੇ ਕੇਂਦਰ ਸਰਕਾਰ ਇਸ ਸਾਲ ਜਨਵਰੀ ਵਿੱਚ ਇਸ ਉੱਤੇ ਵਧਾਈ ਪਾਬੰਦੀ ਵਾਪਸ ਲੈ ਲਏ। ਜੇਈਆਈ-ਜੇਕੇ (ਜਮਾਤ-ਏ-ਇਸਲਾਮੀ ਜੰਮੂ ਤੇ ਕਸ਼ਮੀਰ) ਦੇ ਸੀਨੀਅਰ ਮੈਂਬਰ ਗ਼ੁਲਾਮ ਕਾਦਿਰ ਲੋਨ ਨੇ ਜ਼ੋਰ ਦਿੱਤਾ ਹੈ ਕਿ ਪਾਰਟੀ ਲੋਕਾਂ ਦੀ ਸੇਵਾ ਲਈ ਵਚਨਬੱਧ ਰਹੇਗੀ ਤੇ ਜਮਹੂਰੀ ਤੰਤਰ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੇਗੀ। ਕਥਿਤ ਤੌਰ ’ਤੇ ਅਤਿਵਾਦੀਆਂ ਨਾਲ ਰਾਬਤਾ ਰੱਖਣ ਵਾਲੇ ਪਾਬੰਦੀਸ਼ੁਦਾ ਸੰਗਠਨ ਦਾ ਰਾਜਨੀਤਕ ਮੁਕਾਬਲੇਬਾਜ਼ ਬਣਨ ਦੀ ਇੱਛਾ ਜ਼ਾਹਿਰ ਕਰਨਾ, ਰਣਨੀਤਕ ਪੈਂਤਡਿ਼ਆਂ ਨੂੰ ਨਵੇਂ ਸਿਰਿਓਂ ਵਿਚਾਰੇ ਜਾਣ ਵੱਲ ਇਸ਼ਾਰਾ ਕਰਦਾ ਹੈ ਜਿਸ ਦਾ ਕਾਰਨ ਸੰਭਾਵੀ ਤੌਰ ’ਤੇ ਕਸ਼ਮੀਰ ’ਚ ਅੰਦੂਰਨੀ ਦਬਾਅ ਤੇ ਭੂ-ਰਾਜਨੀਤਕ ਹਾਲਾਤ ਵਿੱਚ ਆਈ ਤਬਦੀਲੀ ਹੋ ਸਕਦਾ ਹੈ।
ਸਰਕਾਰ ਵੱਲੋਂ ਜਮਾਤ-ਏ-ਇਸਲਾਮੀ ਨੂੰ ਸਿਆਸੀ ਅਖਾੜੇ ਵਿੱਚ ਮੁੜ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਦੇ ਗਹਿਰੇ ਅਸਰ ਹੋ ਸਕਦੇ ਹਨ। ਇੱਕ ਤਾਂ ਇਸ ਤਰ੍ਹਾਂ ਹੋਣ ਨਾਲ ਪਾਰਟੀ ਦੇ ਸਮਰਥਕਾਂ ਨੂੰ ਵਾਜਿਬ ਮੰਚ ਮਿਲ ਸਕਦਾ ਹੈ ਜੋ ਸਿਆਸੀ ਮੰਤਵਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਾਪਤ ਕਰਨ ਦੀ ਵਕਾਲਤ ਕਰ ਕੇ ਅਤਿਵਾਦ ਪ੍ਰਤੀ ਭਾਵਨਾਵਾਂ ਨੂੰ ਫਿੱਕਾ ਪਾ ਸਕਦਾ ਹੈ। ਇਹ ਕਦਮ ਸਰਕਾਰ ਦੀ ਅਜਿਹੀ ਵਿਆਪਕ ਰਣਨੀਤੀ ਦਾ ਪ੍ਰਤੀਕ ਵੀ ਬਣ ਸਕਦਾ ਹੈ ਜਿਸ ਤਹਿਤ ਉਹ ਇਸ ਤਰ੍ਹਾਂ ਦੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਨੂੰ ਵੀ ਲੋਕਤੰਤਰੀ ਢਾਂਚੇ ਅਧੀਨ ਇਕਜੁੱਟ ਕਰਨਾ ਚਾਹੁੰਦੀ ਹੋਵੇ ਤਾਂ ਕਿ ਖੇਤਰ ’ਚ ਅਮਨ-ਸ਼ਾਂਤੀ ਕਾਇਮ ਹੋ ਸਕੇ।
ਇਹ ਤਬਦੀਲੀ ਬਿਨਾ ਸ਼ੱਕ ਬਹੁਤ ਸਾਰੀਆਂ ਚੁਣੌਤੀਆਂ ਨਾਲ ਭਰੀ ਹੋਈ ਹੈ। ਅਤਿਵਾਦੀ ਸੰਗਠਨਾਂ ਨਾਲ ਕਰੀਬੀ ਰਿਸ਼ਤਿਆਂ ਤੇ ਪਾਕਿਸਤਾਨ ਪੱਖੀ ਏਜੰਡੇ ਦੀ ਹਾਮੀ ਭਰਦੀ ਰਹੀ ਜਮਾਤ-ਏ-ਇਸਲਾਮੀ ਜੰਮੂ ਕਸ਼ਮੀਰ ਦਾ ਵਿਵਾਦ ਵਾਲਾ ਪਿਛੋਕੜ ਭਾਰਤ ਦੀ ਰਾਜਸੱਤਾ ਅਤੇ ਲੋਕਤੰਤਰੀ ਸਿਧਾਂਤਾਂ ਪ੍ਰਤੀ ਇਸ ਦੀ ਵਚਨਬੱਧਤਾ ਬਾਰੇ ਕਈ ਖ਼ਦਸ਼ੇ ਖੜ੍ਹੇ ਕਰਦਾ ਹੈ। ਇਸ ਤੋਂ ਇਲਾਵਾ ਪਾਰਟੀ ’ਚ ਅੰਦਰਖਾਤੇ ਫੁੱਟ ਪੈਣ ਤੇ ਇਸ ਸਿਆਸੀ ਤਬਦੀਲੀ ਦਾ ਵਿਰੋਧ ਕਰਨ ਵਾਲੇ ਕੱਟੜਵਾਦੀ ਤੱਤਾਂ ਵੱਲੋਂ ਸੰਭਾਵੀ ਤੌਰ ’ਤੇ ਤਿੱਖੀ ਪ੍ਰਤੀਕਿਰਿਆ ਆਉਣ ਦਾ ਵੀ ਖ਼ਤਰਾ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਜਮਾਤ-ਏ-ਇਸਲਾਮੀ ਵੱਲੋਂ ਦਹਿਸ਼ਤਗਰਦੀ ਦਾ ਰਾਹ ਤਿਆਗ ਕੇ ਸਿਆਸਤ ਵਿੱਚ ਆਉਣ ਦੀ ਇੱਛਾ ਜ਼ਾਹਿਰ ਕਰਨਾ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਤੇ ਸਥਿਰਤਾ ਵੱਲ ਵਧਾਇਆ ਗਿਆ ਕਦਮ ਸਾਬਿਤ ਹੋ ਸਕਦਾ ਹੈ। ਉਂਝ, ਸਰਕਾਰ ਨੂੰ ਇਸ ਬਾਰੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਇਸ ਦਾ ਵੱਖ-ਵੱਖ ਪੱਖਾਂ ਤੋਂ ਗੰਭੀਰ ਮੁਲਾਂਕਣ ਕਰਨਾ ਪਏਗਾ। ਇਹ ਖੇਤਰ ਹੁਣ ਜਿਸ ਮੋੜ ’ਤੇ ਖੜ੍ਹਾ ਹੈ, ਉੱਥੇ ਜਮਾਤ-ਏ-ਇਸਲਾਮੀ ਅਤੇ ਸਰਕਾਰ ਦੇ ਅਗਲੇ ਕਦਮ ਜੰਮੂ ਕਸ਼ਮੀਰ ਦੇ ਭਵਿੱਖੀ ਰਾਜਨੀਤਕ ਭੂ-ਦ੍ਰਿਸ਼ ਨੂੰ ਕੋਈ ਦਿਸ਼ਾ ਦੇਣ ’ਚ ਮਹੱਤਵਪੂਰਨ ਸਾਬਿਤ ਹੋਣਗੇ।

Advertisement

Advertisement
Advertisement