ਭੈਣ ਦੀ ਹੱਤਿਆ ਦੇ ਦੋਸ਼ ਹੇਠ ਮਤਰੇਆ ਭਰਾ ਗ੍ਰਿਫਤਾਰ
ਹਤਿੰਦਰ ਮਹਿਤਾ
ਜਲੰਧਰ, 30 ਜੁਲਾਈ
ਪੁਲੀਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਨੇ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਉਸ ਦੇ ਮਤਰੇਏ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸੋਨੂੰ ਉਰਫ ਰੀਨਾ ਵਾਸੀ ਲੇਟ ਰਾਕੇਸ਼ ਕੁਮਾਰ ਵਾਸੀ ਆਬਾਦਪੁਰਾ, ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਨੀਤੂ ਦਾ ਵਿਆਹ ਗੁਰਚਰਨ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 12-13 ਸਾਲਾਂ ਤੋਂ ਨੀਤੂ ਅਤੇ ਗੁਰਚਰਨ ਸਿੰਘ, ਗੁਰਦੀਪ ਸਿੰਘ ਪੁੱਤਰ ਊਧਮ ਸਿੰਘ ਵਾਸੀ ਮਕਾਨ ਨੰਬਰ 15, ਐਫਸੀਆਈ ਕਲੋਨੀ, ਜਲੰਧਰ ਦੇ ਘਰ ਕਿਰਾਏ ’ਤੇ ਰਹਿ ਰਹੇ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਸਿੰਘ ਫੌਜ ਵਿੱਚੋਂ ਸੇਵਾਮੁਕਤ ਸੀ ਪਰ ਕਰੀਬ ਤਿੰਨ ਸਾਲ ਪਹਿਲਾਂ ਗੁਰਚਰਨ ਸਿੰਘ ਉਰਫ ਮਿੰਟਾ ਨੀਤੂ ਨੂੰ ਇਕੱਲਾ ਛੱਡ ਕੇ ਆਪਣੇ ਪਿੰਡ ਭਵਾਨੀਪੁਰ, ਕਪੂਰਥਲਾ ਚਲਾ ਗਿਆ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਨੀਤੂ ਆਪਣੇ ਮਤਰੇਆ ਭਰਾ ਵਿਨੈ ਉਰਫ ਗੱਗੀ ਪੁੱਤਰ ਮਹਾਵੀਰ ਵਾਸੀ ਮਕਾਨ ਨੰਬਰ ਡਬਲਯੂਜੇ 249, ਮੇਨ ਬਜ਼ਾਰ, ਬਸਤੀ ਗੁਜਾਂ, ਜਲੰਧਰ ਨੂੰ ਕਈ ਵਾਰ ਮਿਲਣ ਜਾਂਦੀ ਸੀ ਅਤੇ 23 ਜੁਲਾਈ ਨੂੰ ਸਵੇਰੇ ਨੀਤੂ ਦੀ ਭੈਣ ਨੂੰ ਗੁਰਦੀਪ ਸਿੰਘ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਕਿ ਨੀਤੂ ਨੂੰ ਵਿਨੈ ਉਰਫ ਗੱਗੀ ਨੇ ਕੁੱਟਿਆ ਹੈ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਗੁਰਦੀਪ ਸਿੰਘ, ਨੀਤੂ ਨੂੰ ਸਿਵਲ ਹਸਪਤਾਲ ਜਲੰਧਰ ਲੈ ਗਿਆ ਜਿੱਥੇ ਉਸ ਨੇ ਕਬੂਲ ਕੀਤਾ ਕਿ ਵਿਨੈ ਉਰਫ ਗੱਗੀ ਨੇ ਡੰਡੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ। ਜਦੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦੀ ਪਿੱਠ ਵਿੱਚ ਚਾਕੂ ਨਾਲ ਵਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮਗਰੋਂ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 6 ਵਿੱਚ ਕੇਸ ਦਰਜ ਕੀਤਾ ਗਿਆ ਅਤੇ ਮੁਲਜ਼ਮ ਵਿਨੈ ਉਰਫ ਗੱਗੀ ਨੂੰ ਜਲੰਧਰ ਦੇ ਬੱਸ ਸਟੈਂਡ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਡੰਡਾ ਬਰਾਮਦ ਕਰ ਲਿਆ ਹੈ।