ਸਿਵਲ ਹਸਪਤਾਲ ਵਿੱਚੋਂ ਮਰੀਜ਼ਾਂ ਦੇ ਪਰਸ ਚੋਰੀ
ਪੱਤਰ ਪ੍ਰੇਰਕ
ਅਬੋਹਰ, 3 ਅਗਸਤ
ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਕਤਾਰ ਵਿੱਚ ਖੜ੍ਹੇ ਮਰੀਜ਼ਾਂ ਦੇ ਪਰਸ ਚੋਰੀ ਹੋਣ ਲੱਗੇ ਹਨ। ਪਿੰਡ ਦੁਤਾਰਾਂਵਾਲੀ ਵਾਸੀ ਕ੍ਰਿਸ਼ਨ ਪੁੱਤਰ ਬਹਾਦਰ ਰਾਮ ਅੱਜ ਅੱਖਾਂ ਦੇ ਡਾਕਟਰ ਕੋਲੋਂ ਅੱਖਾਂ ਦੀ ਜਾਂਚ ਕਰਵਾਉਣ ਲਈ ਹਸਪਤਾਲ ਆਇਆ ਸੀ, ਜਦੋਂ ਉਹ ਕਤਾਰ ਵਿੱਚ ਖੜ੍ਹਾ ਸੀ ਤਾਂ ਇਸੇ ਦੌਰਾਨ ਚੋਰ ਨੇ ਉਸ ਦਾ ਪਰਸ ਕੱਢ ਲਿਆ। ਉਸ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 14 ਹਜ਼ਾਰ ਰੁਪਏ ਮੌਜੂਦ ਸਨ। ਉਥੇ ਹੀ ਜੋਗਿੰਦਰ ਪੁੱਤਰ ਭੂਰਾ ਰਾਮ ਵਾਸੀ ਪਿੰਡ ਰਾਮਪੁਰਾ ਨਰਾਇਣਪੁਰਾ ਅੱਜ ਹੱਡੀਆਂ ਦੇ ਡਾਕਟਰ ਸਨਮਾਨ ਮਾਜੀ ਕੋਲ ਇਲਾਜ ਲਈ ਆਇਆ ਸੀ, ਜਦੋਂ ਉਹ ਡਾਕਟਰ ਦੇ ਕਮਰੇ ਦੇ ਬਾਹਰ ਖੜ੍ਹਾ ਸੀ ਤਾਂ ਇਸ ਦੌਰਾਨ ਚੋਰਾਂ ਨੇ ਉਸ ਦੀ ਜੇਬ੍ਹ ਵਿੱਚੋਂ ਪਰਸ ਕੱਢ ਲਿਆ ਜਿਸ ਵਿੱਚ ਨਕਦੀ ਨਹੀਂ ਸੀ, ਪਰ ਉਸ ਦਾ ਅਸਲੇ ਦਾ ਲਾਇਸੈਂਸ ਚੋਰੀ ਹੋ ਗਿਆ। ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਦੁੱਖ ਦੀ ਗੱਲ ਇਹ ਰਹੀ ਕਿ ਦੋਵਾਂ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਕੈਮਰੇ ਨਹੀਂ ਲਗਾਏ ਗਏ ਸਨ। ਇਸ ਸਬੰਧੀ ਐਸਐਮਓ ਡਾ. ਨੀਰਜਾ ਗੁਪਤਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਪੁਲੀਸ ਪ੍ਰਸ਼ਾਸਨ ਨੂੰ ਹਸਪਤਾਲ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਕਈ ਵਾਰ ਮੰਗ ਕਰ ਚੁੱਕੇ ਹਾਂ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।