ਮੈਡੀਕਲ ਸੇਵਾਵਾਂ ਦੇ ਬਹਾਨੇ ਚੋਰੀ ਕਰਨ ਵਾਲੇ ਕਾਬੂ
ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 24 ਅਕਤੂਬਰ
ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਕੌਮੀ ਰਾਜਧਾਨੀ ’ਚ ਸੀਨੀਅਰ ਨਾਗਰਿਕਾਂ ਨੂੰ ਮੈਡੀਕਲ ਸੇਵਾਵਾਂ ਦੇਣ ਦੀ ਆੜ ਵਿੱਚ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਰਿੰਕੂ ਕੁਮਾਰ (33) ਅਤੇ ਪ੍ਰਮੋਦ ਕੁਮਾਰ ਨੂੰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ, ਜਨਿ੍ਹਾਂ ਕੋਲੋਂ ਚੋਰੀ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਇਹ ਦੋਵੇਂ ਮਰੀਜ਼ਾਂ ਦੇ ਘਰਾਂ ’ਤੇ ਨਰਸਿੰਗ ਅਟੈਂਡੈਂਟ ਸੇਵਾਵਾਂ ਪ੍ਰਦਾਨ ਕਰਨ ਦੀ ਆੜ ਵਿੱਚ ਬਜ਼ੁਰਗ ਨਾਗਰਿਕਾਂ ਦਾ ਕੀਮਤੀ ਸਾਮਾਨ ਚੋਰੀ ਕਰਦੇ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਰਿੰਕੂ ਕੁਮਾਰ ਨੇ ਪਟੇਲ ਨਗਰ ਵਿੱਚ ਖੁਦ ਨੂੰ ਨਰਸਿੰਗ ਅਟੈਂਡੈਂਟ ਅੰਕਿਤ ਦੱਸ ਕੇ ਇਕ 85 ਸਾਲਾ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੇ ਮੁਲਜ਼ਮ ਨੂੰ 9 ਅਕਤੂਬਰ ਨੂੰ ਨੌਕਰੀ ’ਤੇ ਰੱਖਿਆ ਸੀ ਅਤੇ 11 ਅਕਤੂਬਰ ਨੂੰ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਿਆ ਸੀ। ਪੁੱਛ-ਪੜਤਾਲ ਦੌਰਾਨ ਰਿੰਕੂ ਨੇ ਖੁਲਾਸਾ ਕੀਤਾ ਕਿ ਉਹ ਸਰਚ ਇੰਜਨ ਡਾਇਰੈਕਟਰੀ ਜਸਡਾਇਲ ਰਾਹੀਂ ਆਪਣੇ ਸੰਭਾਵੀ ਪੀੜਤਾਂ ਦੇ ਵੇਰਵੇ ਪ੍ਰਾਪਤ ਕਰਦਾ ਸੀ। ਪੁਲੀਸ ਅਨੁਸਾਰ ਮੁਲਜ਼ਮ ਆਪਣੀ ਪਛਾਣ ਛੁਪਾਉਣ ਲਈ ਖੁਦ ਨੂੰ ਹੋਰ ਨਾਂ ਤੋਂ ਪੇਸ਼ ਕਰਦੇ ਸਨ ਤੇ ਉਹ ਅਕਸਰ ਮਾਸਕ ਪਾ ਕੇ ਰੱਖਦੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਰਿੰਕੂ ਮਰੀਜ਼ਾਂ ਦੇ ਘਰੋਂ ਕੀਮਤੀ ਸਾਮਾਨ ਚੋਰੀ ਕਰਦਾ ਸੀ ਤਾਂ ਉਸ ਦਾ ਦੋਸਤ ਪ੍ਰਮੋਦ ਬਾਹਰ ਚੌਕਸੀ ਰੱਖਦਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਆਦਰਸ਼ ਨਗਰ, ਸਾਕੇਤ ਅਤੇ ਨੋਇਡਾ ’ਚ ਇਸ ਤਰ੍ਹਾਂ ਦੇ ਤਿੰਨ ਮਾਮਲਿਆਂ ’ਚ ਸ਼ਾਮਲ ਸਨ।