ਹਾਕੀ ਮੁਕਾਬਲੇ ਵਿੱਚ ਐੱਸਟੀਸੀ ਕੁਰੂਕਸ਼ੇਤਰ ਨੂੰ ਚਾਂਦੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਫਰਵਰੀ
ਆਲ ਇੰਡਿਆ ਇੰਟਰ ਸਾਈ ਹਾਕੀ ਮੁਕਾਬਲੇ ਵਿੱਚ ਅੱਜ ਭਾਰਤੀ ਖੇਡ ਅਥਾਰਟੀ ਕੁਰੂਕਸ਼ੇਤਰ ਇਕਾਈ ਦੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ’ਤੇ ਜਿੱਤ ਹਾਸਲ ਕੀਤੀ ਹੈ। ਮੁਕਾਬਲੇ ਮਗਰੋਂ ਟੀਮ ਦਾ ਸੈਂਟਰ ਪੁੱਜਣ ’ਤੇ ਉਨ੍ਹਾਂ ਦੇ ਸਵਾਗਤ ਵਿੱਚ ਇੱਕ ਸਮਾਗਮ ਕਰਵਾਇਆ ਗਿਆ।
ਟੀਮ ਦੇ ਚੀਫ ਕੋਚ ਸੁਦੇਸ਼ ਸ਼ਰਮਾ ਤੇ ਹਾਕੀ ਕੋਚ ਨਰੇਂਦਰ ਠਾਕੁਰ, ਸਾਈ ਦੀ ਉਪ ਨਿਦੇਸ਼ਕ ਲਲਿਤਾ ਸ਼ਰਮਾ ਤੇ ਸਾਈ ਇੰਚਾਰਜ ਏਡੀ ਬਾਬੂ ਰਾਮ ਰਾਵਲ ਨੇ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਸਨਮਾਨ ਕੀਤਾ।
ਟੀਮ ਦੀ ਇਸ ਜਿੱਤ ’ਤੇ ਕੋਚ ਕੁਲਦੀਪ ਸਿੰਘ ਵੜੈਚ, ਰਾਜਵਿੰਦਰ ਕੌਰ, ਸਤ ਨਰਾਇਣ,ਰਾਹੁਲ ਸਾਂਗਵਾਨ ਤੇ ਸੇਵਾਮੁਕਤ ਚੀਫ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਟੀਮ ਨੂੰ ਵਧਾਈ ਤੇ ਸ਼ੁਭ ਕਾਮਨਵਾਂ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ। ਹਾਕੀ ਕੋਚ ਨਰੇਂਦਰ ਠਾਕੁਰ ਨੇ ਦੱਸਿਆ ਕਿ ਸਾਈ ਵੱਲੋਂ 11 ਤੋਂ 15 ਫਰਵਰੀ ਤਕ ਐੱਨਐੱਸਐੱਸਸੀ ਬੰਗਲੌਰ ਵਿੱਚ ਆਲ ਇੰਡਿਆ ਇੰਟਰ ਸਾਈ ਹਾਕੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ, ਜੋ ਟੀਮ ਲਈ ਇੱਕ ਵੱਡੀ ਉਪਲਭਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਕੁਰੂਕਸ਼ੇਤਰ ਦੇ ਨਾਲ ਨਾਲ ਸੂਬੇ ਦਾ ਨਾਂ ਵੀ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ।