ਕੌਮੀ ਹਾਈਵੇਅ ਅਥਾਰਟੀ ਵੱਲੋਂ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੀ ਸਥਿਤੀ ਦਾ ਜਾਇਜ਼ਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਗਸਤ
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਦੇ ਸਲਾਹਕਾਰ (ਲੈਂਡ ਐਕੁਜ਼ੀਸ਼ਨ) ਹੁਸਨ ਲਾਲ ਨੇ ਹਾਈਵੇਅ ਵਾਸਤੇ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਜਲਦ ਤੋਂ ਜਲਦ ਵੰਡ ਕਰਨ ’ਤੇ ਜ਼ੋਰ ਦਿੱਤਾ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਲੀ-ਕਟੜਾ ਐਕਸਪ੍ਰੈਸ ਵੇਅ , 6 ਮਾਰਗੀ ਜਲੰਧਰ ਬਾਈਪਾਸ ਅਤੇ ਅੰਮ੍ਰਿਤਸਰ-ਬਠਿੰਡਾ ਪ੍ਰਾਜੈਕਟਾ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਐਨ.ਐਚ.ਏ.ਆਈ. ਸਲਾਹਕਾਰ ਹੁਸਨ ਲਾਲ ਨੇ ਅਧਿਕਾਰੀਆਂ ਨੂੰ ਮੁਆਵਜ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਛੇ ਮਾਰਗੀ ਜਲੰਧਰ ਬਾਈਪਾਸ, ਜਿਸ ਦੀ ਕੁੱਲ ਲੰਬਾਈ 46.50 ਕਿਲੋਮੀਟਰ ਹੈ, ਭਾਰਤਮਾਲਾ ਪ੍ਰਾਜੈਕਟ ਤਹਿਤ ਕਾਹਲਵਾਂ ਤੋਂ ਸ਼ੁਰੂ ਹੋ ਕੇ ਸਰਮਸਤਪੁਰ ਅਤੇ ਮਦਾਰਾ ਤੋਂ ਹੁੰਦੇ ਹੋਏ ਕੰਗ ਸਾਬੂ ਵਿਖੇ ਖਤਮ ਹੁੰਦਾ ਹੈ, ਜੋ ਕਿ ਪੰਜਾਬ ਵਿੱਚ ਉੱਤਰ-ਦੱਖਣੀ ਲਾਂਘੇ ਦੀ ਭੀੜ ਨੂੰ ਘੱਟ ਕਰਨ ਵਿੱਚ ਸਹਾਈ ਹੋਵੇਗਾ ਅਤੇ ਲੋਕਾਂ ਨੂੰ ਵੱਡੀ ਪੱਧਰ ’ਤੇ ਟ੍ਰੈਫਿਕ ਜਾਮ ਤੋਂ ਨਿਜਾਤ ਮਿਲੇਗੀ।
ਮੀਟਿੰਗ ਵਿੱਚ ਐਸ.ਡੀ.ਐਮਜ਼ ਨੇ ਦੱਸਿਆ ਕਿ ਛੇ ਮਾਰਗੀ ਜਲੰਧਰ ਬਾਈਪਾਸ ਪ੍ਰਾਜੈਕਟ ਤਹਿਤ 77 ਫੀਸਦੀ ਮੁਆਵਜ਼ਾ ਰਾਸ਼ੀ ਦੀ ਪਹਿਲਾਂ ਹੀ ਵੰਡ ਕੀਤੀ ਜਾ ਚੁੱਕੀ ਹੈ ਜਦਕਿ 69 ਫੀਸਦੀ ਜ਼ਮੀਨ ਜ਼ਮੀਨ ਐਕੁਆਇਰ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ-ਬਠਿੰਡਾ ਪ੍ਰਾਜੈਕਟ (ਜਲੰਧਰ ਵਿੱਚ ਪੈਂਦਾ 15.20 ਕਿਲੋਮੀਟਰ ਹਿੱਸਾ) ਲਈ 79.35 ਫੀਸਦੀ ਮੁਆਵਜ਼ਾ ਪ੍ਰਦਾਨ ਕੀਤਾ ਜਾ ਚੁੱਕਾ ਹੈ ਅਤੇ 10.81 ਕਿਲੋਮੀਟਰ ਜ਼ਮੀਨ ਵੀ ਐਕੁਆਇਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕੀ ਮੁਆਵਜ਼ੇ ਦੇ ਕੇਸਾਂ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਪ੍ਰਾਜੈਕਟ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਇਸ ਮੌਕੇ ਮੁੱਖ ਤੌਰ ’ਤੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਮਹਾਜਨ, ਐਨ.ਐਚ.ਏ.ਆਈ. ਦੇ ਅਧਿਕਾਰੀ, ਐਸ.ਡੀ.ਐਮਜ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।