ਬੁੱਤ ਦੀ ਭੰਨ-ਤੋੜ: ਮੁਕੰਮਲ ਤੌਰ ’ਤੇ ਬੰੰਦ ਰਿਹਾ ਸੰਗਰੂਰ ਸ਼ਹਿਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਜਨਵਰੀ
ਅੰਮ੍ਰਿਤਸਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਦੇ ਰੋਸ ਵਜੋਂ ਅੱਜ ਸੰਗਰੂਰ ਸ਼ਹਿਰ ’ਚ ਦੁਪਹਿਰ 12 ਵਜੇ ਤੱਕ ਮੁਕੰਮਲ ਬੰਦ ਰਿਹਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸਨੂੰ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਦੁਪਹਿਰ 12 ਵਜੇ ਤੱਕ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹਿਣ ਕਾਰਨ ਸੁੰਨਸਾਨ ਪਸਰੀ ਰਹੀ। ਬੱਸ ਆਵਾਜਾਈ ਬਹਾਲ ਰਹੀ ਅਤੇ ਸਰਕਾਰੀ ਦਫ਼ਤਰ ਵੀ ਆਂਮ ਵਾਂਗ ਖੁੱਲ੍ਹੇ ਰਹੇ।
ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਵਰਕਰ ਪਟਿਆਲਾ ਗੇਟ ਸਥਿਤ ਇਕੱਠੇ ਹੋਏ ਜਿੱਥੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਮੰਗ ਕਰ ਰਹੇ ਸਨ ਕਿ ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਕਥਿਤ ਦੋਸ਼ੀਆਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ, ਰਵੀ ਚਾਵਲਾ ਪ੍ਰਧਾਨ ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ, ਭਾਰਤ ਬੇਦੀ ਜ਼ਿਲ੍ਹਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ, ਸੁਰੇਸ਼ ਬੇਦੀ ਕੌਮੀ ਜਨਰਲ ਸਕੱਤਰ ਅੰਤਰਰਾਸ਼ਟਰੀ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਭਾਰਤ ਆਦਿ ਆਗੂਆਂ ਨੇ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਸ਼ਕਤੀਆਂ ਦਾ ਪਰਦਾਫਾਸ਼ ਕੀਤਾ ਜਾਵੇ।
ਰੋਸ ਮਾਰਚ ਤੋਂ ਬਾਅਦ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਕਿਹਾ ਕਿ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਨ੍ਹਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਨ੍ਹਾਂ ਖਿਲਾਫ਼ ਐਨਐਸਏ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ। ਮਾਰਚ ਵਿੱਚ ਸੁਖਜਿੰਦਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ, ਵਪਾਰ ਮੰਡਲ ਵੱਲੋਂ ਜਸਵਿੰਦਰ ਸਿੰਘ ਪ੍ਰਿੰਸ, ਰਾਜੇਸ਼ ਥਰੇਜਾ ਅਤੇ ਅਮਰਜੀਤ ਸਿੰਘ ਟੀਟੂ, ਊਸ਼ਾ ਰਾਣੀ ਪ੍ਰਧਾਨ, ਮੁਕੇਸ਼ ਰਤਨਾਕਰ, ਰਮੇਸ਼ ਬੋਹਤ, ਬਾਲਕ੍ਰਿਸ਼ਨ ਚੌਹਾਨ, ਸ਼ਕਤੀਜੀਤ ਸਿੰਘ, ਰੌਕੀ ਬਾਂਸਲ ਬਲਾਕ ਪ੍ਰਧਾਨ ਕਾਂਗਰਸ, ਧਰਮਿੰਦਰ ਦੁੱਲਟ ਜ਼ਿਲ੍ਹਾ ਪ੍ਰਧਾਨ ਭਾਜਪਾ, ਨਿਰਭੈ ਸਿੰਘ ਛੰਨਾ ਵਿਜੈ ਸਾਹਨੀ, ਜਗਸੀਰ ਸਿੰਘ ਖੈੜੀਚੰਦਵਾ, ਪਰਵਿੰਦਰ ਬਜਾਜ, ਸੀਤਾ ਰਾਮ ਚੌਹਾਨ, ਰਾਕੇਸ਼ ਪਰੋਚਾ, ਜੋਗੀ ਰਾਮ, ਜੋਤੀ ਗਾਬਾ ਕੌਂਸਲਰ, ਪ੍ਰਧਾਨ ਅਮਰਜੀਤ ਸਿੰਘ ਬੀਰਾ, ਪ੍ਰਧਾਨ ਨਾਥਾ ਰਾਮ ਹਾਜ਼ਰ ਸਨ।
ਚੌਥਾ ਦਰਜਾ ਮੁਲਾਜ਼ਮਾਂ ਨੇ ਰੋਸ ਮਾਰਚ ਕੱਢਿਆ
ਫੁਹਾਰਾ ਚੌਕ ’ਚ ਰੋਸ ਮਾਰਚ ਕਰਦੇ ਹੋਏ ਮੁਲਾਜ਼ਮ। ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਵਿਚਲੇ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਦੀ ਕੋਸ਼ਿਸ਼ ਖ਼ਿਲਾਫ਼ ਲੀਲਾ ਭਵਨ ਚੌਕ ਤੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਕੀਤਾ। ਇਸ ਮੌਕੇ ਹਾਜ਼ਰ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਜਗਮੋਹਨ ਨੌਲੱਖਾ, ਰਾਮ ਕ੍ਰਿਸ਼ਨ, ਰਾਮ ਪ੍ਰਸਾਦ ਸਹੋਤਾ, ਗੁਰਦਰਸ਼ਨ ਸਿੰਘ, ਮਾਧੋ ਰਾਹੀਂ, ਸ਼ਿਵ ਚਰਨ, ਲਖਵੀਰ ਸਿੰਘ, ਬਾਬੂ ਰਾਮ ਤੇ ਬੱਬੂ ਆਦਿ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਵਿਚਲੀਆਂ ਪਨਪ ਰਹੀਆਂ ਅਜਿਹੀਆਂ ਮਾੜੀਆਂ ਤਾਕਤਾਂ ਨੂੰ ਖ਼ਤਮ ਕੀਤਾ ਜਾਵੇ, ਬੇਰੁਜ਼ਗਾਰੀ ਕਾਰਨ ਬੇਵੱਸ ਹੋਏ ਨੌਜਵਾਨਾਂ ਲਈ ਸਰਕਾਰਾਂ ਰੋਜ਼ਗਾਰ ਦੇ ਪ੍ਰਬੰਧ ਕਰਨ ਅਤੇ ਸੰਘਰਸ਼ਾਂ ਦੇ ਰਾਹ ਪਏ ਕੱਚੇ ਮੁਲਾਜ਼ਮਾਂ ਦੀ ਗੱਲ ਸੁਣੀ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝੀ ਨੂੰ ਕਾਇਮ ਰੱਖਣ ਲਈ ਸੁਚੱਜੇ ਤੇ ਦਮਦਾਰ ਪ੍ਰਸ਼ਾਸਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਮੌਕੇ ਰਾਜੇਸ਼ ਸੰਧੂ, ਮੰਗਤ ਕਲਿਆਣ, ਅਜੇ ਕੁਮਾਰ, ਇੰਦਰਪਾਲ ਵਾਲਿਆਂ, ਰਾਜੇਸ਼ ਕੁਮਾਰ, ਰਾਮਕੇ ਲਾਲ, ਸੁਖਦੇਵ ਸਿੰਘ ਝੰਡੀ, ਤਰਲੋਚਨ ਮੰਡੌਲੀ, ਰਜਿੰਦਰ ਕੁਮਾਰ ਤੇ ਵਿਕਰਮਜੀਤ ਸਿੰਘ ਹਾਜ਼ਰ ਸਨ।