ਰਾਜਧਾਨੀ ਵਿੱਚ ਭਾਜਪਾ ਸਰਕਾਰਾਂ ਵਾਲੇ ਸੂਬੇ ਵਧਾ ਰਹੇ ਨੇ ਪ੍ਰਦੂਸ਼ਣ: ਆਤਿਸ਼ੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ‘ਮਾੜੀ ਰਾਜਨੀਤੀ’ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਧ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਵਿੱਚ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬੇ ਵਾਧਾ ਕਰ ਰਹੇ ਹਨ ਜਦੋਂਕਿ ਪੰਜਾਬ ਨੇ 2023 ਮਗਰੋਂ ਪਰਾਲੀ ਸਾੜਨ ’ਤੇ ਕਾਬੂ ਪਾਇਆ ਹੈ। ਅੱਜ ਵਜ਼ੀਰਾਬਾਦ ਬੈਰਾਜ ਦੇ ਦੌਰੇ ਮਗਰੋਂ ਉਨ੍ਹਾਂ ਉਜਾਗਰ ਕੀਤਾ ਕਿ ਯਮੁਨਾ ਵਿੱਚ ਅਮੋਨੀਆ ਦੇ ਪੱਧਰ ਵਿੱਚ ਵਾਧਾ ਮੁੱਖ ਤੌਰ ’ਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਛੱਡੇ ਜਾ ਰਹੇ ਅਣਸੋਧੇ ਉਦਯੋਗਿਕ ਰਹਿੰਦ-ਖੂੰਹਦ ਕਾਰਨ ਹੈ, ਜਿਸ ਨਾਲ ਪਾਣੀ ਦੇ ਉਤਪਾਦਨ ਵਿੱਚ 40 ਫ਼ੀਸਦ ਦੀ ਕਮੀ ਆਈ ਹੈ।
ਇਸ ਦੌਰਾਨ ਆਤਿਸ਼ੀ ਨੇ ਦੱਸਿਆ ਕਿ ਦਿੱਲੀ ਵਿੱਚ ਪ੍ਰਦੂਸ਼ਣ ਹਾਲ ਹੀ ਦੇ ਦਿਨਾਂ ਵਿੱਚ ਤੇਜ਼ ਹੋ ਗਿਆ ਹੈ, ਖਾਸ ਕਰਕੇ ਯਮੁਨਾ ਵਿੱਚ ਚਿੱਟੀ ਝੱਗ ਦੇਖੀ ਗਈ ਉਹ ਵੀ ਦੀਵਾਲੀ ਅਤੇ ਛੱਠ ਪੂਜਾ ਦੇ ਸਮੇਂ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਥਿਤੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਜਾਣਬੁੱਝ ਕੇ ਪੈਦਾ ਕੀਤੀ ਗਈ ਹੈ। ਇਹ ਦੋਵੇਂ ਸੂਬੇ ਯਮੁਨਾ ਵਿੱਚ ਅਣਸੋਧਿਆ ਪਾਣੀ ਛੱਡ ਰਹੇ ਹਨ। ਨਤੀਜੇ ਵਜੋਂ ਅਮੋਨੀਆ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਪਾਣੀ ਪੀਣ ਯੋਗ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਦਾ ਦੂਸ਼ਿਤ ਪਾਣੀ ਰਾਜਧਾਨੀ ਦੇ ਵਾਟਰ ਟ੍ਰੀਟਮੈਂਟ ਪਲਾਂਟਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਰਾਜਧਾਨੀ ਦੇ ਵਾਸੀਆਂ ਦੀ ਸਾਫ਼ ਪਾਣੀ ਦੀ ਸਪਲਾਈ ’ਤੇ ਬੁਰਾ ਅਸਰ ਪੈ ਰਿਹਾ ਹੈ। ਤਿੰਨ ਟਰੀਟਮੈਂਟ ਪਲਾਂਟਾਂ-ਵਜ਼ੀਰਾਬਾਦ, ਸੋਨੀਆ ਵਿਹਾਰ, ਅਤੇ ਭਾਗੀਰਥੀ ਦਾ ਉਤਪਾਦਨ ਅਮੋਨੀਆ ਦੇ ਉੱਚੇ ਪੱਧਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਆਤਿਸ਼ੀ ਨੇ ਦਿੱਲੀ ਵਾਸੀਆਂ ਨੂੰ ਇਹ ਸਮਝਾਉਣ ਦੀ ਅਪੀਲ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਭਾਜਪਾ ਦੀ ‘ਮਾੜੀ ਰਾਜਨੀਤੀ’ ਹੈ। ਪਰਾਲੀ ਸਾੜਨ ਦੇ ਮੁੱਦੇ ’ਤੇ ਉਨ੍ਹਾਂ 2021 ਅਤੇ 2023 ਦੇ ਮੁਕਾਬਲੇ ਪੰਜਾਬ ਵਿੱਚ ਘਟਨਾਵਾਂ ਵਿੱਚ ਕਮੀ ਦਾ ਜ਼ਿਕਰ ਕੀਤਾ, ਜਦਕਿ ਹਰਿਆਣਾ ਵਿੱਚ ਵਾਧਾ ਹੋਇਆ ਹੈ। ਉਧਰ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਨੇ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਲਈ ‘ਆਪ’ ਸਰਕਾਰ ਦੀ ਆਲੋਚਨਾ ਕੀਤੀ।
ਵਾਤਾਵਰਨ ਮੰਤਰੀ ਵੱਲੋਂ ਕੇਂਦਰ ਸਰਕਾਰ ਦੀ ਆਲੋਚਨਾ
ਦਿੱਲੀ ਵਿੱਚ ਹਵਾ ਦੀ ਵਿਗੜ ਰਹੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਨਕਲੀ ਮੀਂਹ ਪਵਾਉਣ ਦੇ ਪ੍ਰਬੰਧ ਕਰਨ ਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਐਮਰਜੈਂਸੀ ਉਪਾਅ ਵਜੋਂ ਵਿਚਾਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕੇਂਦਰ ਨੂੰ ਰਾਜਧਾਨੀ ਵਿੱਚ ਇਸ ਤਕਨੀਕ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਸਾਰੇ ਹਿੱਸੇਦਾਰਾਂ ਨਾਲ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ। ਰਾਏ ਨੇ ਕਿਹਾ ਕਿ ਕੇਂਦਰ ਨੂੰ 10 ਅਕਤੂਬਰ ਅਤੇ 30 ਅਗਸਤ ਨੂੰ ਭੇਜੀਆਂ ਗਈਆਂ ਉਨ੍ਹਾਂ ਦੀਆਂ ਪਿਛਲੀਆਂ ਚਿੱਠੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਦੇ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੂੰ ਲਿਖੇ ਪੱਤਰ ਵਿੱਚ ਰਾਏ ਨੇ ਲਿਖਿਆ ਕਿ ਦਿੱਲੀ ਸਰਕਾਰ ਨੇ ਪਹਿਲਾਂ ਅਜਿਹੇ ਨਾਜ਼ੁਕ ਸਮੇਂ ਦੌਰਾਨ ਨਕਲੀ ਮੀਂਹ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਐਮਰਜੈਂਸੀ ਉਪਾਅ ਵਜੋਂ ਕਲਾਊਡ ਸੀਡਿੰਗ ਦੀ ਯੋਜਨਾ ਬਣਾਈ ਸੀ ਅਤੇ ਇਸ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਤੋਂ ਪਹਿਲਾਂ ਦੀਆਂ ਮਨਜ਼ੂਰੀਆਂ ਦੀ ਲੋੜ ਹੁੰਦੀ ਹੈ।
ਰਾਜਧਾਨੀ ਨੂੰ ਸੰਘਣੇ ਧੂੰਏਂ ਨੇ ਘੇਰਿਆ
ਅੱਜ ਸਵੇਰੇ ਦਿੱਲੀ ਨੂੰ ਸੰਘਣੇ ਧੂੰਏਂ ਨੇ ਘੇਰ ਲਿਆ, ਜਿਸ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 354 ਦਰਜ ਕੀਤਾ ਗਿਆ। ਡਾਕਟਰਾਂ ਨੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਕਾਰਨ ਮਰੀਜ਼ਾਂ ਵਿੱਚ ਸਾਹ ਦੀਆਂ ਸਮੱਸਿਆਵਾਂ ਵਿੱਚ 15 ਫ਼ੀਸਦੀ ਵਾਧਾ ਦਰਜ ਕੀਤਾ ਹੈ।