ਸੂਬੇ ਦੀਆਂ ਲਿੰਕ ਸੜਕਾਂ ਦੀ ਦਸ਼ਾ ਸੁਧਾਰੀ ਜਾਵੇਗੀ: ਬਰਸਟ
ਬੀਰਬਲ ਰਿਸ਼ੀ
ਧੂਰੀ, 20 ਅਗਸਤ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸਿੰਘ ਨੇ ਕਿਹਾ ਕਿ 2892 ਕਰੋੜ ਦੇ ਤਿਆਰ ਪ੍ਰਾਜੈਕਟ ਨਾਲ ਸੂਬੇ ਦੀਆਂ ਲਿੰਕ ਸੜਕਾਂ ਦੀ ਦਸ਼ਾ ਸੁਧਾਰੀ ਜਾਵੇਗੀ। ਮੁੱਖ ਮੰਤਰੀ ਦੇ ਹਲਕੇ ਦੀ ਮੁੱਖ ਅਨਾਜ ਮੰਡੀ ਧੂਰੀ ਵਿੱਚ ਚਾਰਦੀਵਾਰੀ, ‘ਕਿਸਾਨ ਅਰਾਮ ਘਰ’, ਸ਼ੇਰਪੁਰ ਵਿੱਚ ਸਬਜ਼ੀ ਮੰਡੀ ਦੇ ਅਧੂਰੇ ਪ੍ਰਾਜੈਕਟ ਨੂੰ ਪੂਰਾ ਕੀਤਾ ਜਾਵੇਗਾ। ਚੇਅਰਮੈਨ ‘ਬਰਸਟ’ ਅੱਜ ਇੱਥੇ ਮਾਰਕੀਟ ਕਮੇਟੀ ਧੂਰੀ ਵਿੱਚ ਮੰਡੀ ਬੋਰਡ ਵੱਲੋਂ ਮਿਨੀ ਜੰਗਲ ਲਗਾਉਣ ਦਾ ਬੂਟਾ ਲਗਾਕੇ ਰਸਮੀ ਆਗਾਜ਼ ਕਰਨ ਮੌਕੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਅਤੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਹਾਜ਼ਰ ਸਨ। ਸ੍ਰੀ ਬਰਸਟ ਨੇ ਕਿਹਾ ਕਿ ਉਨ੍ਹਾਂ ਕਈ ਥਾਵਾਂ ਤੋਂ ਮੰਡੀ ਬੋਰਡ ਨੂੰ ਮੁਨਾਫ਼ੇ ਵਿੱਚ ਲਿਆਂਦਾ ਹੈ, ਮਿਸਾਲ ਵਜੋਂ ਪਹਿਲਾਂ ਦੇ ਮੁਕਾਬਲਤਨ ਕਿਸਾਨ ਭਵਨ ਚੰਡੀਗੜ੍ਹ ਦੀ ਮੁਨਾਫ਼ਾ ਰਾਸ਼ੀ 42 ਲੱਖ ਤੋਂ ਵਧਾ ਕੇ ਇੱਕ ਸਾਲ ਵਿੱਚ 4 ਕਰੌੜ 13 ਲੱਖ 19 ਹਜ਼ਾਰ ਰੁਪਏ ਕਰ ਦਿੱਤੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਚੇਅਰਮੈਨ ਨੂੰ ਧੂਰੀ ਮੰਡੀ ਬੋਰਡ ਦੀ ਥਾਂ ’ਤੇ ਨਾਜਾਇਜ਼ ਕਬਜ਼ਿਆਂ ਸਣੇ ਹੋਰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਵਕਫ਼ ਬੋਰਡ ਦੇ ਮੈਂਬਰ ਡਾਕਟਰ ਅਨਵਰ ਨੇ ਪਿੰਡ ਭਸੌੜ ਅਤੇ ਨਾਹਰ ਸਿੰਘ ਮੀਮਸਾ ਨੇ ਆਪਣੇ ਪਿੰਡ ਦੀ ਮੰਡੀ ਦਾ ਮਸਲਾ ਉਠਾਇਆ।