For the best experience, open
https://m.punjabitribuneonline.com
on your mobile browser.
Advertisement

ਜ਼ਿੰਦਗੀ ਦੀਆਂ ਤ੍ਰਾਸਦਿਕ ਸਥਿਤੀਆਂ ਦਾ ਬਿਆਨ

07:25 AM Dec 01, 2023 IST
ਜ਼ਿੰਦਗੀ ਦੀਆਂ ਤ੍ਰਾਸਦਿਕ ਸਥਿਤੀਆਂ ਦਾ ਬਿਆਨ
Advertisement

ਡਾ. ਭੀਮ ਇੰਦਰ ਸਿੰਘ

ਇੱਕ ਪੁਸਤਕ - ਇੱਕ ਨਜ਼ਰ
ਸੁਰਿੰਦਰ ਗੀਤ ਪੰਜਾਬੀ ਕਾਵਿ ਜਗਤ ਵਿਚ ਸਥਾਪਤ ਨਾਂ ਹੈ। ਇਸ ਦਾ ਕਾਰਨ ਉਸ ਦੀ ਕਵਿਤਾ ਵਿਚ ਸਮਕਾਲੀ ਯਥਾਰਥ ਦੇ ਬਹੁਪਾਸਾਰੀ ਪੱਖਾਂ ਤੇ ਜੀਵਨ ਮੁੱਲਾਂ ਦਾ ਸੁਚੇਤ ਤੇ ਸੰਵੇਦਨਸ਼ੀਲ ਬਿਆਨ ਹੈ ਜੋ ਸਮਕਾਲੀ ਪ੍ਰਸਥਿਤੀਆਂ ਪ੍ਰਤੀ ਲੋਕਪੱਖੀ ਦ੍ਰਿਸ਼ਟੀ ਵਾਲਾ ਰਿਹਾ ਹੈ। ਲਗਭਗ ਇਕ ਦਰਜਨ ਕਾਵਿ-ਪੁਸਤਕਾਂ ਰਾਹੀਂ ਉਸ ਨੇ ਸਮਾਜਿਕ ਯਥਾਰਥ ਦੇ ਅਨੁਭਵਾਂ ਨੂੰ ਕਲਾਤਮਿਕ ਸੁਹਜ ਰਾਹੀਂ ਵਿਅਕਤ ਕੀਤਾ ਹੈ। ਹਥਲੇ ਕਹਾਣੀ-ਸੰਗ੍ਰਹਿ ‘ਤੋਹਫ਼ਾ’ ਰਾਹੀਂ ਉਸ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਪੈਰ ਰੱਖਿਆ ਹੈ। ਇਸ ਵਿਚ ਕੁੱਲ ਸਤਾਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਹ ਕਹਾਣੀਆਂ ਸਾਡੇ ਸਮਾਜ-ਸੱਭਿਆਚਾਰ ਦੇ ਪ੍ਰਸੰਗ ਵਿਚ ਵਿਚਰਦਿਆਂ ਨਿੱਕੇ-ਨਿੱਕੇ ਪਲਾਂ ਵਿਚਲੇ ਤੱਤਾਂ, ਤਣਾਵਾਂ ਤੇ ਅੰਸ਼ਾਂ ਨੂੰ ਬਿਆਨ ਕਰਦੀਆਂ ਹਨ। ਇਹ ਕਹਾਣੀਆਂ ਜਾਤ-ਜਮਾਤ, ਧਰਮ ਆਦਿ ’ਤੇ ਆਧਾਰਿਤ ਸਮਾਜ-ਸੰਸਕ੍ਰਿਤੀ ਦੇ ਅੰਤਰ-ਵਿਰੋਧਾਂ ਨੂੰ ਇਸ ਦੀ ਗਤੀਸ਼ੀਲਤਾ ਵਿਚ ਰੂਪਮਮਾਨ ਕਰਦੀਆਂ ਹਨ। ਇਉਂ ਕਹਾਣੀਕਾਰ ਸੁਰਿੰਦਰ ਗੀਤ ਆਪਣੇ ਜੀਵਨ ਅਨੁਭਵ ਨੂੰ ਇਕ ਵਿਸ਼ੇਸ਼ ਵਿਧੀ, ਮਾਨਵਵਾਦੀ ਦ੍ਰਿਸ਼ਟੀ ਤੇ ਧਰਮ ਨਿਰਪੱਖਤਾ ਰਾਹੀਂ ਪ੍ਰਗਟ ਕਰਦੀ ਹੈ। ਇਹ ਕਹਾਣੀਆਂ ਜੀਵਨ ਦੀਆਂ ਵਿਭਿੰਨ ਪਰਤਾਂ, ਦਸ਼ਾ ਤੇ ਦਿਸ਼ਾ ਨੂੰ ਬਹੁਤ ਸੂਖ਼ਮ ਤਰੀਕੇ ਨਾਲ ਬਿਆਨ ਕਰਨ ਸਦਕਾ ਵਿਲੱਖਣ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਸਮਾਜਿਕ ਤਬਦੀਲੀਆਂ ਦੇ ਵੇਗ ਨੂੰ ਵੱਖ-ਵੱਖ ਬਿਰਤਾਂਤਾਂ ਰਾਹੀਂ ਰੂਪਮਾਨ ਕਰਦੇ ਹਨ। ਇਸੇ ਕਾਰਨ ਇਨ੍ਹਾਂ ਕਹਾਣੀਆਂ ਦੀ ਰਚਨਾ ਵਿਧੀ ਵਧੇਰੇ ਵਰਣਨੀ ਹੈ। ਇਨ੍ਹਾਂ ਵਿਚਲਾ ਤਣਾਅ ਤੇ ਟਕਰਾਅ ਹੀ ਇਨ੍ਹਾਂ ਦੀ ਹੋਂਦ ਵਿਧੀ ਨੂੰ ਨਿਰਧਾਰਤ ਕਰਦਾ ਹੈ।
ਪੰਜਾਬੀ ਸਾਹਿਤ ਦੀ ਇਕ ਵਿਡੰਬਨਾ ਇਹ ਵੀ ਰਹੀ ਹੈ ਕਿ ਔਰਤ ਦੀ ਸਾਹਿਤ ਸਿਰਜਣਾ ਨੂੰ ਮਰਦ ਦੇ ਦ੍ਰਿਸ਼ਟੀਕੋਣ ਤੋਂ ਸਮਝਣ-ਸਮਝਾਉਣ ਦਾ ਯਤਨ ਹੁੰਦਾ ਰਿਹਾ ਹੈ। ਸੁਰਿੰਦਰ ਗੀਤ ਔਰਤ ਦੀ ਤ੍ਰਾਸਦੀ ਨੂੰ ਇਕ ਵਿਸ਼ੇਸ਼ ਨਜ਼ਰੀਏ ਤੋਂ ਆਪਣੀਆਂ ਕਹਾਣੀਆਂ ਵਿਚ ਪ੍ਰਗਟਾਉਂਦੀ ਹੈ। ਇਹ ਤ੍ਰਾਸਦੀ ਸਾਡੇ ਸਮਾਜ ਦੀਆਂ ਮਰਦ ਪ੍ਰਧਾਨ ਪ੍ਰਵਿਰਤੀਆਂ ਕਰਕੇ ਹੈ ਜੋ ਜਗੀਰੂ ਰਹਿੰਦ-ਖੂੰਹਦ ਤੇ ਪੂੰਜੀਵਾਦੀ ਪ੍ਰਬੰਧ ਦੀਆਂ ਭਿਆਨਕ ਪਰੰਪਰਾਵਾਂ ਦਾ ਸਿੱਟਾ ਹਨ। ਸੁਰਿੰਦਰ ਗੀਤ ਇਨ੍ਹਾਂ ਪ੍ਰਵਿਰਤੀਆਂ ਤੇ ਪਰੰਪਰਾਵਾਂ ਨੂੰ ਨਕਾਰ ਕੇ ਮਨੁੱਖਤਾ ਤੇ ਔਰਤ ਦੀ ਬਿਹਤਰੀ ਦੀ ਬਾਤ ਪਾਉਂਦੀ ਹੈ। ਇਨ੍ਹਾਂ ਕਹਾਣੀਆਂ ਦਾ ਵਿਸ਼ਾ-ਵਸਤੂ ਪੰਜਾਬੀ ਸਮਾਜ ਵਿਚ ਔਰਤ ਤੇ ਮਰਦ ਦੀ ਸਮਾਜਿਕ ਹੋਂਦ ਤੇ ਹੋਣੀ ਨੂੰ ਰੂਪਮਾਨ ਕਰਨ ਦਾ ਯਤਨ ਕਰਦਾ ਹੈ। ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਪਰਵਾਸ ਧਾਰਨ ਦੀ ਪ੍ਰਵਿਰਤੀ ਨੂੰ ਵੀ ਇਹ ਕਹਾਣੀਆਂ ਅਗਰਭੂਮੀ ਵਿਚ ਲਿਆਉਂਦੀਆਂ ਹਨ। ਸੁਰਿੰਦਰ ਗੀਤ ਦੀ ਮਲਵਈ ਉਪ-ਭਾਸ਼ਾਈ ਸਮਰੱਥਾ ਸਦਕਾ ਇਹ ਕਹਾਣੀਆਂ ਕਲਾਤਮਕ ਪੱਖ ਤੋਂ ਵੀ ਪਾਠਕ ਨੂੰ ਖਿੱਚਦੀਆਂ ਹਨ।
ਇਸ ਸੰਗ੍ਰਹਿ ਦੀ ਪਲੇਠੀ ਕਹਾਣੀ ‘ਤਾਏ ਕੇ: ਚੋਰ ਉਚੱਕੇ ਨਹੀਂ’ ਕੈਨੇਡਾ ਵਿਚਲੇ ਮੂਲ ਵਾਸੀਆਂ ਦੀ ਜ਼ਿੰਦਗੀ ਦੀਆਂ ਤ੍ਰਾਸਦਿਕ ਸਥਿਤੀਆਂ ਨੂੰ ਬਿਆਨ ਕਰਦਿਆਂ ਉੱਥੋਂ ਦੇ ‘ਸੱਭਿਅਕ ਸਮਾਜ’ ਦੀ ਅਸਲ ਤਸਵੀਰ ਨੂੰ ਦਿਖਾਉਂਦੀਆਂ ਹਨ। ਕੈਨੇਡਾ, ਅਮਰੀਕਾ ਜਾਂ ਆਸਟਰੇਲੀਆ ਆਦਿ ਮੁਲਕਾਂ ਦੇ ਮੂਲ ਵਾਸੀਆਂ ਦੀ ਨਰਕ ਭਰੀ ਜ਼ਿੰਦਗੀ ਬਾਰੇ ਬਹੁਤ ਘੱਟ ਪੰਜਾਬੀ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਇਹ ਕਹਾਣੀ ਇਨ੍ਹਾਂ ਮੁਲਕਾਂ ਦੇ ਮੂਲ ਵਾਸੀਆਂ ਦੀਆਂ ਸਮੱਸਿਆਵਾਂ, ਸੰਕਟਾਂ, ਸੀਮਾਵਾਂ ਤੇ ਸੰਵੇਦਨਾਵਾਂ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਕਹਾਣੀਕਾਰ ਦੀ ਸੰਵੇਦਨਾ ਮੂਲ ਵਾਸੀਆਂ ਦੇ ਹੱਕ ਵਿਚ ਭੁਗਤੀ ਹੈ ਜੋ ਸਾਮਰਾਜੀ ਧੌਂਸ ਦੇ ਚੱਲਦਿਆਂ ਆਪਣੇ ਮੁਲਕ ਵਿਚ ਹੀ ਗ਼ਰੀਬੀ ਤੇ ਭੁੱਖਮਾਰੀ ਦਾ ਸ਼ਿਕਾਰ ਹੋਣ ਲਈ ਮਜਬੂਰ ਕਰ ਦਿੱਤੇ ਗਏ ਹਨ। ਇੱਥੇ ਹੀ ਬਸ ਨਹੀਂ, ਮੂਲ ਵਾਸੀਆਂ ਨੂੰ ਸਾਮਰਾਜੀ ਕੂਟਨੀਤੀਆਂ ਕਾਰਨ ਆਪਣੇ ਹੀ ਮੁਲਕ ਵਿਚ ‘ਚੋਰ ਉਚੱਕੇ’ ਬਣਾ ਦਿੱਤਾ ਗਿਆ ਹੈ। ਕਹਾਣੀਕਾਰ ਇਸ ਬਿਰਤਾਂਤ ਨੂੰ ਸਿਰਜਣ ਵਿਚ ਸਫ਼ਲ ਹੁੰਦੀ ਹੈ ਕਿ ਸਾਮਰਾਜੀ ਸਿਆਸਤ ਦਾ ਸ਼ਿਕਾਰ ਇਹ ਮੂਲ ਵਾਸੀ (ਮਾਈਕਲ ਫੋਨਟੈਨ) ਸੰਵੇਦਨਸ਼ੀਲ ਤੇ ਸ਼ਿਸ਼ਟਾਚਾਰੀ ਇਨਸਾਨ ਹੈ। ਅਜਿਹੀ ਭਾਵਨਾ ਨੂੰ ਵਿਅਕਤ ਕਰਦੀਆਂ ਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਵਰਣਨਯੋਗ ਹਨ: ਉਸ ਦਾ ਡਾਟਰ (Daughter) ਕਹਿਣਾ ਮੇਰੇ ਲਈ ਬੇਹੱਦ ਅਚੰਭੇ ਵਾਲੀ ਗੱਲ ਸੀ। ਮੇਰੀਆਂ ਅੱਖਾਂ ਭਰ ਆਈਆਂ। ਮੈਂ ਉਹ ਦਸ ਦਾ ਨੋਟ ਉਸ ਨੂੰ ਦੇਣਾ ਚਾਹਿਆ ਪਰ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਿਸੇ ਦਿਨ ਬਰੇਕਫ਼ਾਸਟ ਖ਼ਰੀਦ ਦੇਣਾ ਜਿਸ ਦਿਨ ਮੈਨੂੰ ਭੁੱਖ ਹੋਈ।
ਕਹਾਣੀਕਾਰ ਦਾ ਮੰਨਣਾ ਹੈ ਕਿ ਇਹ ਮੂਲ ਵਾਸੀ ਲੋਕ ਸਮਾਜਿਕ-ਸਿਆਸੀ ਹਾਲਾਤ ਦੇ ਝੰਬੇ, ਮਾਰੇ-ਕੁੱਟੇ ਤੇ ਟੁੱਟੇ ਹੋਏ ਲੋਕ ਹਨ ਨਾ ਕਿ ਚੋਰ-ਉਚੱਕੇ। ਇਨ੍ਹਾਂ ਨੂੰ ਸਮਾਜ ਦੀ ਹਮਦਰਦੀ ਤੇ ਪਿਆਰ ਦੀ ਬੇਹੱਦ ਲੋੜ ਹੈ ਤਾਂ ਜੋ ਇਹ ਵੀ ਹੋਰ ਲੋਕਾਂ ਵਾਂਗ ਆਪਣੀ ਜ਼ਿੰਦਗੀ ਮਾਣ-ਸਤਿਕਾਰ ਨਾਲ ਬਤੀਤ ਕਰ ਸਕਣ। ਸਮਾਜਿਕ ਯਥਾਰਥ ਦੇ ਤਣਾਵਾਂ, ਟਕਰਾਵਾਂ ਅਤੇ ਅਪਵਾਦਾਂ ਪ੍ਰਤੀ ਕਹਾਣੀਕਾਰ ਦੀ ਚੇਤੰਨਤਾ ਤੇ ਸੰਵੇਦਨਸ਼ੀਲਤਾ ਔਰਤ ਮਨ ਦੀਆਂ ਅਤਿ ਸੂਖ਼ਮ ਤੰਦਾਂ ਨਾਲ ਜੁੜਦੀ ਹੈ। ਇਹ ਸਮਾਜ ਦੇ ਕਰੂਪ ਚਿਹਰੇ ਨੂੰ ਵੀ ਅਗਰਭੂਮੀ ਵਿਚ ਲਿਆਉਂਦੀ ਹੈ। ਇਸ ਸੰਗ੍ਰਹਿ ਦੇ ਸਿਰਲੇਖ ‘ਤੋਹਫ਼ਾ’ ਕਹਾਣੀ ਵਿਚ ਔਰਤ ਦੀ ਮੋਹ-ਮਮਤਾ ਨੂੰ ਪੇਸ਼ ਕਰਨ ਦੇ ਨਾਲ-ਨਾਲ ਬਾਹਰਮੁਖੀ ਯਥਾਰਥ ਵਿਚਲੀਆਂ ਵਿਸੰਗਤੀਆਂ ਨੂੰ ਵੀ ਉਜਾਗਰ ਕਰਦੀ ਹੈ। ਇਸ ਕਹਾਣੀ ਵਿਚਲੀ ਪਾਤਰ ਬਲਵੀਰ ਰਾਹੀਂ ਉਸ ਨੇ ਔਰਤ ਦੇ ਵਡੇਰੇ ਆਦਰਸ਼ਾਂ ਤੇ ਮੋਹ-ਮਮਤਾ ਦੀਆਂ ਤੰਦਾਂ ਨੂੰ ਸਿਰਜ ਕੇ ਸਮਾਜ ਵਿਚ ਫੈਲੇ ਧਾਰਮਿਕ ਫ਼ਿਰਕੂਪੁਣੇ ’ਤੇ ਵੀ ਸੱਟ ਮਾਰੀ ਹੈ। ਬਲਵੀਰ ਜਦੋਂ ਆਪਣੀ ਸਹੇਲੀ ਦੇ ਬੇਟੇ ਰੋਹਿਤ ਨੂੰ ਅਪਣਾ ਕੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਉਸ ਦੇ ਹਵਾਲੇ ਕਰ ਦਿੰਦੀ ਹੈ ਤਾਂ ਕਹਾਣੀਕਾਰ ਇਸ ਨੂੰ ਇਕ ਬੇਸ਼ਕੀਮਤੀ ‘ਤੋਹਫ਼ਾ’ ਮੰਨਦੀ ਹੈ। ਕਹਾਣੀ ਦੀਆਂ ਆਖ਼ਰੀ ਸਤਰਾਂ ਇਸ ਦੀ ਗਵਾਹੀ ਭਰਦੀਆਂ ਹਨ:
ਅੱਜ-ਕੱਲ੍ਹ ਬਲਵੀਰ ਦੀ ਕਲੀਨਿਕ ’ਤੇ ਮੋਟੇ ਅੱਖਰਾਂ ਵਿਚ ਡਾ. ਰੋਹਿਤ ਭੁੱਲਰ ਐਮ.ਡੀ. ਲਿਖਿਆ ਹੋਇਆ ਹੈ ਅਤੇ ਬਲਵੀਰ ਉਸ ਵਾਸਤੇ ਇਕ ਸੁਚੱਜੀ, ਸੋਹਣੀ ਸੁਨੱਖੀ ਕੁੜੀ ਦੀ ਤਲਾਸ਼ ਕਰ ਰਹੀ ਹੈ।
‘ਤੋਹਫ਼ਾ’ ਕਹਾਣੀ ਵਿਚ ਸਮਾਜ ਵਿਚ ਔਰਤ ਦੇ ਸਥਾਨ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਵਿਚ ਔਰਤ ਦੇ ਅਸਤਿਤਵ ਦੇ ਸੰਕਟ ਦਾ ਅਹਿਮ ਖੁਲਾਸਾ ਇਉਂ ਕੀਤਾ ਹੈ:
“ਬਲਬੀਰ ਨੇ ਦੱਸਿਆ ਕਿ ਉਸ ਦੇ ਨਾਨਾ-ਨਾਨੀ, ਦਾਦਾ-ਦਾਦੀ ਸਭ ਚਲਾਣਾ ਕਰ ਗਏ। ਹਰੀਸ਼ ਮਾਪਿਆਂ ਦੀ ਇਕਲੌਤੀ ਔਲਾਦ ਸੀ। ਨਾ ਸਹੁਰਿਆਂ ਨੇ ਨਾ ਪੇਕਿਆਂ ਨੇ ਨੀਰੂ ਦਾ ਸਾਥ ਦਿੱਤਾ। ਕਿਸੇ ਨੇ ਉਸ ਦੀ ਮੌਤ ਦਾ ਸੋਗ ਨਾ ਮਨਾਇਆ। ਮਾਪੇ ਵੀ ਕਲੰਕ ਸਮਝਦੇ ਸਨ ਤੇ ਸਹੁਰੇ ਵੀ ਕਲੰਕ ਸਮਝਦੇ ਸਨ। ਕਿਸੇ ਨੇ ਨੀਰੂ ਦੇ ਬੱਚੇ ਬਾਰੇ ਨਹੀਂ ਪੁੱਛਿਆ।”
ਸੁਰਿੰਦਰ ਗੀਤ ਮਾਲਵਾ ਖੇਤਰ ਦੀ ਜੰਮਪਲ ਹੈ। ਕੈਨੇਡਾ ਜਾ ਵੱਸਣ ਦੇ ਬਾਵਜੂਦ ਉਸ ਦੀ ਮਲਵਈ ਆਤਮਾ ਮਾਲਵੇ ਦੇ ਨਿੱਘ ਤੇ ਮੋਹ-ਭਿੰਨੇ ਅਨੁਭਵਾਂ ਨਾਲ ਲਬਰੇਜ਼ ਰਹੀ। ਅਜਿਹੇ ਅਨੁਭਵ ਹੀ ਉਸ ਦੇ ਜ਼ਿਹਨ ਵਿਚ ਪਾਰ-ਰਾਸ਼ਟਰੀ ਚੇਤਨਾ ਨੂੰ ਗ੍ਰਹਿਣ ਕਰਦੇ ਹਨ। ਇਸੇ ਕਾਰਨ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਔਰਤ ਦੀਆਂ ਭਾਵੁਕ ਅਕਾਂਖਿਆਵਾਂ ਦੇ ਨਾਲ-ਨਾਲ ਉਸ ਦੀਆਂ ਸਮਾਜਿਕ-ਆਰਥਿਕ ਅਕਾਂਖਿਆਵਾਂ ਤੇ ਤਣਾਅ ਨੂੰ ਬਿਆਨ ਕਰਦੀਆਂ ਹਨ। ਵਿਦੇਸ਼ ਦੀ ਧਰਤੀ ’ਤੇ ਔਰਤ ਦੀ ਦੁਰਦਸ਼ਾ ਨੂੰ ‘ਕੁਰਬਾਨੀ’ ਕਹਾਣੀ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਕਹਾਣੀ ਵਿਚਲੀ ਔਰਤ ਪਾਤਰ ਮੀਤਾਂ ਦੀ ਦਾਸਤਾਨ ਨੂੰ ਇਹ ਸਤਰਾਂ ਇੰਝ ਬਿਆਨ ਕਰਦੀਆਂ ਹਨ: ...ਫਿਰ ਇਕ ਦਿਨ ਮੇਰੀ ਬਾਂਹ ਤੋੜ ਦਿੱਤੀ। ਇਕ ਦਿਨ ਵਾਲਾਂ ਤੋਂ ਫੜ ਕੇ ਦਰਵਾਜ਼ੇ ਤਕ ਘੜੀਸ ਕੇ ਲੈ ਗਿਆ ਤੇ ਆਖੇ ਇੱਥੇ ਦਰਵਾਜ਼ੇ ’ਚ ਬਹਿ ਕੇ ਰਾਤ ਕੱਟ। ਮੈਂ ਦੋ ਤਿੰਨ ਘੰਟੇ ਬੈਠੀ ਰਹੀ।
ਸੁਰਿੰਦਰ ਗੀਤ ਦੀਆਂ ਕਹਾਣੀਆਂ ਸਾਡੇ ਸਮਾਜ ਵਿਚ ਫੈਲੀ ਜਾਤ-ਪਾਤੀ ਪ੍ਰਥਾ ’ਤੇ ਸਵਾਲੀਆ ਚਿੰਨ੍ਹ ਲਗਾਉਂਦੀਆਂ ਅਤੇ ਧਰਮ ਦੇ ਨਾਂ ’ਤੇ ਪਈਆਂ ਵੰਡੀਆਂ ਬਾਰੇ ਸਾਨੂੰ ਸੁਚੇਤ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਰਾਹੀਂ ਇਕ ਹੋਰ ਬਹੁਤ ਵੱਡਾ ਸਵਾਲ ਸਾਡੇ ਸਨਮੁਖ ਹੈ ਕਿ ਕੀ ਕਾਰਨ ਹੈ ਕੈਨੇਡਾ ਵਰਗਾ ਮੁਲਕ ਏਨੀ ਤਰੱਕੀ ਕਰ ਕੇ ਅੱਜ ਦੁਨੀਆ ਦੇ ਸਭ ਤੋਂ ਸੋਹਣੇ ਤੇ ਸਮਰੱਥਾਪੂਰਨ ਮੁਲਕਾਂ ਵਿਚ ਗਿਣਿਆ ਜਾਂਦਾ ਹੈ ਅਤੇ ਭਾਰਤ ਤੇ ਪੰਜਾਬ ਅੱਜ ਵੀ ਪਛੜੇਵੇਂ ਦਾ ਸ਼ਿਕਾਰ ਹਨ। ਇਹ ਪਛੜੇਵਾਂ ਸਿਰਫ਼ ਆਰਥਿਕ ਹੀ ਨਹੀਂ ਸਗੋਂ ਮਾਨਸਿਕ ਤੇ ਸਮਾਜਿਕ ਵੀ ਹੈ। ਇਸ ਪਛੜੇਵੇਂ ਨੂੰ ਇਨ੍ਹਾਂ ਕਹਾਣੀਆਂ ਰਾਹੀਂ ਸੁਰਿੰਦਰ ਗੀਤ ਸਾਡੇ ਧਿਆਨ ਦਾ ਕੇਂਦਰ ਬਿੰਦੂ ਬਣਾਉਂਦੀ ਹੈ। ਇਸੇ ਕਾਰਨ ਇਨ੍ਹਾਂ ਕਹਾਣੀਆਂ ਵਿਚ ਪੰਜਾਬੀ ਸਮਾਜ ਦੇ ਵਿਕੋਲਿਤਰੇ ਵਰਗਾਂ/ਜਾਤਾਂ ਦੇ ਵਿਭਿੰਨ ਕਾਰਨਾਂ ਵਿਚੋਂ ਉਤਪੰਨ ਹੋਈਆਂ ਦਿੱਕਤਾਂ ਨੂੰ ਹੰਢਾਉਂਦੀ ਪੰਜਾਬ ਦੀ ਸਾਧਾਰਨ ਔਰਤ ਦੀ ਦਾਸਤਾਨ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਵੱਖ-ਵੱਖ ਕਹਾਣੀਆਂ ਵਿਚ ਪੰਜਾਬ ਦੀ ਜਾਤੀ-ਜਮਾਤੀ ਪ੍ਰਕਿਰਿਆ ਵਿਚ ਫਸੀ ਔਰਤ ਨੂੰ ਇਨ੍ਹਾਂ ਸਮਾਜਿਕ ਪ੍ਰਸਥਿਤੀਆਂ ਦੇ ਪ੍ਰਕਰਣ ਵਿਚ ਪੇਸ਼ ਕੀਤਾ ਗਿਆ ਹੈ। ਇਸ ਸੰਦਰਭ ਵਿਚ ‘ਮਾਂ’, ‘ਮੈਂ ਚੰਗੀ ਮਾਂ ਹਾਂ’, ‘ਗੁਨਾਹ’ ਆਦਿ ਕਹਾਣੀਆਂ ਵੇਖੀਆਂ ਜਾ ਸਕਦੀਆਂ ਹਨ।
ਸੁਰਿੰਦਰ ਗੀਤ ਆਪਣੀਆਂ ਕਹਾਣੀਆਂ ਵਿਚ ਆਧੁਨਿਕ ਮਨੋਵਿਗਿਆਨ ਦਾ ਸਹਾਰਾ ਲੈ ਕੇ ਪੰਜਾਬ ਦੀ ਔਰਤ ਦੇ ਵਿਅਕਤੀਤਵ ਨੂੰ ਸਮਝਣ ਦਾ ਯਤਨ ਕਰਦੀ ਹੈ। ਉਸ ਨੇ ਕਈ ਕਹਾਣੀਆਂ ਵਿਚ ਔਰਤ ਨੂੰ ਮਾਨਸਿਕ ਕਾਰਨਾਂ ਕਰਕੇ ਵੀ ਕਸ਼ਟ ਭੋਗਦਿਆਂ ਵਿਖਾਇਆ ਹੈ। ਇਨ੍ਹਾਂ ਕਹਾਣੀਆਂ ਵਿਚ ਉਹ ਔਰਤ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਦਾ ਯਤਨ ਅਤੇ ਆਪੇ ਦੀ ਚੇਤਨਾ ਸਦਕਾ ਇਨ੍ਹਾਂ ਕਹਾਣੀਆਂ ਵਿਚ ਵਿਸ਼ੇਸ਼ ਕਿਸਮ ਦੀਆਂ ਔਰਤ ਪਾਤਰ ਸਿਰਜਦਿਆਂ ਉਨ੍ਹਾਂ ਨੂੰ ਆਦਰਸ਼ ਪਾਤਰ ਬਣਾ ਕੇ ਪੇਸ਼ ਕਰਦੀ ਹੈ।
ਸੁਰਿੰਦਰ ਸਿਰਜਦੀ ਹੈ। ਕਈ ਕਹਾਣੀਆਂ ਆਦਰਸ਼ਵਾਦ ਜਾਂ ਰੁਮਾਂਸ ਦੀਆਂ ਹੱਦਾਂ ਨੂੰ ਵੀ ਉਲੀਕਦੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਅਸਲ ਵਿਚ ਉਹ ਇਨ੍ਹਾਂ ਕਹਾਣੀਆਂ ਵਿਚ ਯਥਾਰਥਵਾਦੀ ਪਹੁੰਚ ਅਪਨਾਉਣ ਦਾ ਯਤਨ ਕਰਦੀ ਹੈ। ਇਨ੍ਹਾਂ ਕਹਾਣੀਆਂ ਵਿਚਲੀ ਆਮ ਸਾਧਾਰਨ ਔਰਤ ਦੀਆਂ ਚਿੰਤਾਵਾਂ ਤੇ ਦੁੱਖਾਂ-ਤਕਲੀਫ਼ਾਂ ਦਾ ਕਾਰਨ ਮਰਦ ਪ੍ਰਧਾਨ ਸਮਾਜ ਵੀ ਹੈ ਅਤੇ ਪੂੰਜੀਵਾਦੀ ਪ੍ਰਬੰਧ ਵੀ। ਇਸ ਦੇ ਨਾਲ ਹੀ ਲੇਖਿਕਾ ਦਾ ਦ੍ਰਿਸ਼ਟੀਕੋਣ ਉਲਾਰ ਨਾ ਹੋ ਕੇ ਸੰਤੁਲਿਤ ਹੈ। ਉਸ ਨੇ ਔਰਤ ਨੂੰ ਮਾਨਵਵਾਦੀ ਨਜ਼ਰੀਏ ਤੋਂ ਵੇਖਣ/ਪਰਖਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਨਜ਼ਰੀਏ ਨੇ ਉਸ ਨੂੰ ਉਪ-ਭਾਵੁਕ ਹੋਣ ਤੋਂ ਬਚਾਇਆ ਹੈ। ਇਸ ਨਜ਼ਰੀਏ ਕਾਰਨ ਹੀ ਉਸ ਨੇ ਔਰਤ ਨੂੰ ਉਸ ਦੀ ਸਾਧਾਰਨਤਾ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ।
ਉਹ ਔਰਤ ਪ੍ਰਤੀ ਸਮਾਜ ਦੇ ਇਸ ਦ੍ਰਿਸ਼ਟੀਕੋਣ ਨੂੰ ਸਮਝਣ/ਸਮਝਾਉਣ ਦਾ ਯਤਨ ਬੜੀ ਗੰਭੀਰਤਾ ਨਾਲ ਕਰਦੀ ਹੈ। ਇਸ ਦ੍ਰਿਸ਼ਟੀਕੋਣ ਸਦਕਾ ਹੀ ਉਸ ਦੀ ਸ਼ੈਲੀ, ਤਕਨੀਕ ਜਾਂ ਰੂਪ, ਬਿਰਤਾਂਤ ਆਦਿ ਤੈਅ ਹੁੰਦਾ ਹੈ। ਇਨ੍ਹਾਂ ਕਹਾਣੀਆਂ ਵਿਚਲੇ ਸਾਧਾਰਨ ਪਾਤਰ ਸਾਧਾਰਨ ਪ੍ਰਸਥਿਤੀਆਂ ਵਿਚ ਵਿਚਰਦੇ ਲੱਗਦੇ ਹਨ। ਉਸ ਦੀ ਕਹਾਣੀ ਕਲਾ ਦੀ ਤਕਨੀਕ ਮਨ-ਬਚਨੀ ਜਾਂ ਚਿੱਠੀਆਂ ਵਰਗੀ ਹੈ। ਉਦਾਹਰਨ ਦੇ ਤੌਰ ’ਤੇ ਉਸ ਦੀਆਂ ਕਹਾਣੀਆਂ ‘ਕੈਨੇਡਾ ਦੀ ਟਿਕਟ’, ‘ਖੇਤ ਦੀ ਨੁਕਰੇ’, ‘ਦੇਵਤੇ’, ‘ਧੀ ਦਾ ਕਰਜ਼’ ਆਦਿ ਵਿਚ ਅਜਿਹੀ ਤਕਨੀਕ ਦੇ ਹੀ ਦਰਸ਼ਨ ਹੁੰਦੇ ਹਨ। ਕਈ ਕਹਾਣੀਆਂ ਵਿਚ ਉਹ ਆਪਣੇ ਵਿਚਾਰ ਪਹਿਲਾਂ ਘੜਦੀ ਹੈ ਅਤੇ ਬਾਅਦ ਵਿਚ ਇਨ੍ਹਾਂ ਨੂੰ ਵੱਖ-ਵੱਖ ਪਾਤਰਾਂ ਰਾਹੀਂ ਪੇਸ਼ ਕਰਨ ਦਾ ਯਤਨ ਕਰਦੀ ਹੈ। ਇਹੋ ਕਾਰਨ ਹੈ ਕਿ ਉਸ ਦੀਆਂ ਕਹਾਣੀਆਂ ਸਾਨੂੰ ਉਪ-ਭਾਵੁਕ ਕਾਵਿ ਵਰਗਾ ਭੁਲੇਖਾ ਪਾਉਂਦੀਆਂ ਹਨ।
ਸੁਰਿੰਦਰ ਗੀਤ ਦੀਆਂ ਇਨ੍ਹਾਂ ਕਹਾਣੀਆਂ ਦੀ ਭਾਸ਼ਾ ਕਈ ਵਾਰ ਆਪਣੇ ਉਪ-ਭਾਵੁਕ ਨਜ਼ਰੀਏ ਕਰਕੇ ਕਾਵਿਮਈ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਦੀ ਭਾਸ਼ਾ ਨੂੰ ‘ਕੁਰਬਾਨੀ’, ‘ਗੁਨਾਹ’, ‘ਮੈਂ ਚੰਗੀ ਮਾਂ ਹਾਂ’ ਆਦਿ ਕਹਾਣੀਆਂ ਵਿਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ਕਹਾਣੀਆਂ ਦੇ ਮੱਧ-ਵਰਗੀ ਪਾਤਰਾਂ ਦੀ ਭਾਸ਼ਾ ਨਿਰੋਲ ਮਲਵਈ ਹੈ ਜਿਹੜੀ ਪਾਤਰਾਂ ਦੇ ਅਨੁਕੂਲ ਸਾਨੂੰ ਸੁਭਾਵਿਕ ਵੀ ਜਾਪਦੀ ਹੈ। ਇਨ੍ਹਾਂ ਕਹਾਣੀਆਂ ਵਿਚ ਔਰਤ ਦੇ ਦੁੱਖ-ਦਰਦਾਂ ਨੂੰ ਇਕ ਤਰ੍ਹਾਂ ਦੀ ਪ੍ਰਗੀਤਕ ਸ਼ੈਲੀ ਰਾਹੀਂ ਪੇਸ਼ ਕੀਤਾ ਹੈ। ਇਸੇ ਕਰਕੇ ਇਨ੍ਹਾਂ ਕਹਾਣੀਆਂ ਵਿਚ ਮਿਠਾਸ ਵੀ ਮਿਲਦੀ ਹੈ ਤੇ ਮਨ ਨੂੰ ਸਕੂਨ ਵੀ। ਕਈ ਕਹਾਣੀਆਂ ਵਿਚ ਲੇਖਿਕਾ ਨੇ ਅਸਾਧਾਰਨ ਅਨੁਭਵ ਦੀ ਪੇਸ਼ਕਾਰੀ ਕੀਤੀ ਹੈ ਅਤੇ ਕਈਆਂ ਵਿਚ ਦੁੱਖ ਦੇ ਪ੍ਰਬਲ ਅਨੁਭਵ ਨੂੰ ਵੀ ਸਿਰਜਿਆ ਹੈ। ਇਸੇ ਕਾਰਨ ਕਈ ਵਾਰ ਇਹ ਕਹਾਣੀਆਂ ਸਾਨੂੰ ਅੰਤਰਮੁਖੀ ਜਾਪਦੀਆਂ ਹਨ। ਅਜਿਹੀ ਅੰਤਰਮੁਖਤਾ ਦੀ ਲੋੜ ਕਵਿਤਾ ਲਿਖਣ ਲੱਗਿਆਂ ਵਧੇਰੇ ਪੈਂਦੀ ਹੈ। ਇਸ ਕਰਕੇ ਇਹ ਕਹਾਣੀਆਂ ਕੋਮਲਤਾ ਦੇ ਨਾਲ-ਨਾਲ ਔਰਤ ਪ੍ਰਤੀ ਹਮਦਰਦੀ ਨੂੰ ਜਾਗ੍ਰਿਤ ਕਰਦਿਆਂ ਔਰਤ ਦੇ ਦੁੱਖਾਂ-ਸੁੱਖਾਂ ਨੂੰ ਸਮਝਣ ਦੀ ਚੇਤਨਾ ਦਿੰਦੀਆਂ ਹਨ।
ਸੁਰਿੰਦਰ ਗੀਤ ਦੀਆਂ ਕਹਾਣੀਆਂ ਸਾਡੇ ਸਮਾਜ ਦੀ ਅਸਾਵੀਂ ਵੰਡ, ਜਾਤ-ਪਾਤੀ ਵਿਵਸਥਾ, ਆਰਥਿਕ ਲੁੱਟ ਆਦਿ ਬਾਰੇ ਸੁਚੇਤ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਮੱਧ-ਵਰਗੀ ਆਰਥਿਕਤਾ ਨਾਲ ਸਬੰਧਿਤ ਹੋਣ ਕਾਰਨ ਬੇਚੈਨੀ ਤੇ ਭੈਅ ਦਾ ਸ਼ਿਕਾਰ ਹੁੰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਕਹਾਣੀਆਂ ਵਿਚਲੀਆਂ ਸਾਧਾਰਨ ਗੱਲਾਂ ਵੀ ਅਸਾਧਾਰਨ ਪ੍ਰਭਾਵ ਸਿਰਜਦੀਆਂ ਹਨ। ਕਹਾਣੀਕਾਰ ਇਹ ਗੱਲਾਂ ਬੜੀ ਸੁਚੇਤ ਹੋ ਕੇ ਕਰ ਰਹੀ ਹੈ। ਇਨ੍ਹਾਂ ਗੱਲਾਂ ਪਿੱਛੇ ਉਸ ਦੀ ਡੂੰਘੀ ਸੋਚ ਹੈ। ਉਹ ਆਪਣੀ ਕਹਾਣੀ ਵਿਚ ਮਾਨਵੀ ਹੋਂਦ ਦੇ ਸਵਾਲ ਨੂੰ ਬਾਖ਼ੂਬੀ ਸਿਰਜਦਿਆਂ ਪਾਠਕ ਦੇ ਮਨ ਅੰਦਰ ਮਨੁੱਖ ਨੂੰ ਮਨੁੱਖ ਬਣਨ ਦਾ ਸੰਦੇਸ਼ ਦਿੰਦੀ ਹੈ। ਇਹੋ ਸੰਦੇਸ਼ ਇਨ੍ਹਾਂ ਕਹਾਣੀਆਂ ਦੀ ਤਾਕਤ ਹੈ।
ਸੰਪਰਕ: 98149-02040

Advertisement

Advertisement
Advertisement
Author Image

joginder kumar

View all posts

Advertisement