ਐੱਫਸੀਆਈ ਵੱਲੋਂ ਪੰਜਾਬ ਸਣੇ ਤਿੰਨ ਰਾਜਾਂ ’ਚ ਅਤਿਆਧੁਨਿਕ ਸਾਇਲੋਜ਼ ਸਥਾਪਤ
ਨਵੀਂ ਦਿੱਲੀ, 27 ਸਤੰਬਰ
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਪੰਜਾਬ ਸਣੇ ਤਿੰਨ ਰਾਜਾਂ ਵਿਚ ਪਬਲਿਕ-ਪ੍ਰਾਈਵੇਟ-ਪਾਰਟਨਰਸ਼ਿਪ ਮਾਡਲ ਤਹਿਤ ਛੇ ਅਤਿ-ਆਧੁਨਿਕ ਸਾਇਲੋ ਪ੍ਰਾਜੈਕਟ ਵਿਕਸਤ ਕੀਤੇ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਨ੍ਹਾਂ ਛੇ ਪ੍ਰਾਜੈਕਟਾਂ ਵਿਚੋਂ ਤਿੰਨ ਪੰਜਾਬ (ਲੁਧਿਆਣਾ, ਅੰਮ੍ਰਿਤਸਰ ਤੇ ਬਟਾਲਾ) ਵਿਚ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਮੰਤਵ ਸਟੋਰੇਜ (ਭੰਡਾਰਨ) ਤੇ ਟਰਾਂਸਪੋਰੇਟੇਸ਼ਨ ਨਾਲ ਜੁੜੀ ਬੁਨਿਆਦੀ ਢਾਂਚਾ ਸਮਰੱਥਾ ਨੂੰ ਵਧਾਉਣਾ ਹੈ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਅੱਜ ਬਿਆਨ ਵਿਚ ਕਿਹਾ ਕਿ ਐੱਫਸੀਆਈ ਨੇ ਪੰਜਾਬ, ਬਿਹਾਰ ਤੇ ਗੁਜਰਾਤ ਵਿਚ ਇਹ ਸਾਇਲੋ ਪ੍ਰਾਜੈਕਟ ਸਥਾਪਿਤ ਕੀਤੇ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਨਿਰਮਾਣ ਨਿੱਜੀ ਨਿਵੇਸ਼ ਨਾਲ ਡਿਜ਼ਾਈਨ, ਬਿਲਡ, ਫਾਇਨਾਂਸ, ਓਅਨ (ਮਾਲਕੀ ਹੱਕ) ਤੇ ਅਪਰੇਟ (ਡੀਬੀਐੱਫਓਓ) ਅਧਾਰ ’ਤੇ ਕੀਤਾ ਗਿਆ ਹੈ।
ਪੰਜਾਬ ਵਿਚ ਮੈਸਰਜ਼ ਲੀਪ ਐਗਰੀ ਲੌਜਿਸਟਿਕਸ (ਲੁਧਿਆਣਾ) ਪ੍ਰਾਈਵੇਟ ਲਿਮਟਿਡ ਵੱਲੋਂ ਸਾਹਨੇਵਾਲ ਸਾਇਲੋ ਪ੍ਰਾਜੈਕਟ ਡੀਬੀਐੱਫਓਟੀ ਮਾਡਲ ਤਹਿਤ ਵਿਕਸਤ ਕੀਤਾ ਗਿਆ ਹੈ। ਸਾਹਨੇਵਾਲ ’ਚ ਲੱਗੇ ਇਸ ਸਾਇਲੋ ਦੀ ਕੁੱਲ ਸਮਰੱਥਾ 50,000 ਟਨ ਹੈ। ਇਸ ਸਾਇਲੋ ਦੇ ਲੱਗਣ ਨਾਲ ਸਥਾਨਕ ਕਿਸਾਨਾਂ ਨੂੰ ਵੱਡਾ ਫਾਇਦਾ ਹੋਇਆ ਹੈ ਤੇ ਪੰਜਾਬ ਦੀ ਭੰਡਾਰਨ ਸਮਰਥਾ ਵੀ ਵਧੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਛੇਹਰਟਾ ਤੇ ਬਟਾਲਾ ਵਿਚ ਵੀ ਉਪਰੋਕਤ ਪ੍ਰਾਜੈਕਟ ਤਹਿਤ ਸਾਇਲੋ ਤਿਆਰ ਕੀਤੇ ਗਏ ਹਨ। ਬਿਹਾਰ ਦੇ ਦਰਭੰਗਾ ਵਿਚ ਸਮਸਤੀਪੁਰ ਵਿਚ ਮੈਸਰਜ਼ ਅਡਾਨੀ ਐਗਰੀ ਲੌਜਿਸਟਿਕਸ (ਸਮਸਤੀਪੁਰ) ਲਿਮਟਿਡ ਵੱਲੋਂ 50,000 ਟਨ ਦਾ ਸਾਇਲੋ ਸਥਾਪਿਤ ਕੀਤਾ ਗਿਆ ਹੈ, ਜੋੋ ਮਈ ਮਹੀਨੇ ਪੂਰਾ ਹੋਣ ਮਗਰੋਂ ਚਾਲੂ ਹੋ ਚੁੱਕਾ ਹੈ। ਇਹ ਸਾਇਲੋਜ਼ ਆਧੁਨਿਕ ਤਕਨਾਲੋਜੀ ਨਾਲ ਲੈਸ ਹਨ। -ਏਐੱਨਆਈ