ਸੂਬਾ ਪੱਧਰੀ ਸਕੂਲੀ ਖੇਡ ਮੁਕਾਬਲੇ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਸਤੰਬਰ
ਸਿੱਖਿਆ ਵਿਭਾਗ ਹਰਿਆਣਾ ਵੱਲੋਂ ਅੰਬਾਲਾ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿੱਚ ਅੱਜ 57ਵੇਂ ਸਕੂਲੀ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਉਦਘਾਟਨ ਡੀਸੀ ਪਾਰਥ ਗੁਪਤਾ ਨੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏਸੀਯੂਟੀਆਈਏਐਸ ਰਵੀ ਮੀਨਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ, ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰ ਸੁਧੀਰ ਕਾਲੜਾ ਹਾਜ਼ਰ ਸਨ।
ਡੀਸੀ ਪਾਰਥ ਗੁਪਤਾ ਨੇ ਕਿਹਾ ਕਿ ਖੇਡਾਂ ਸਾਨੂੰ ਜਿਊਣਾ ਸਿਖਾਉਂਦੀਆਂ ਹਨ। ਉਨ੍ਹਾਂ ਆਪਣੀ ਮਿਸਾਲ ਦਿੰਦਿਆਂ ਦੱਸਿਆ ਕਿ ਉਹ ਖ਼ੁਦ ਕੌਮੀ ਪੱਧਰ ’ਤੇ ਤੀਰਅੰਦਾਜ਼ੀ ਵਿੱਚ ਹਰਿਆਣਾ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ।
ਡੀਸੀ ਨੇ ਦੱਸਿਆ ਕਿ ਇੱਥੇ ਤੈਰਾਕੀ ਅਤੇ ਜਿਮਨਾਸਟਿਕ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਭਾਗ ਲੈਣਗੇ। ਮੁੱਖ ਮਹਿਮਾਨ ਅਤੇ ਹੋਰਨਾਂ ਨੇ ਪ੍ਰੋਗਰਾਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ 57ਵੀਂ ਹਰਿਆਣਾ ਰਾਜ ਪੱਧਰੀ ਸਕੂਲੀ ਖੇਡ ਪ੍ਰਤੀਯੋਗਤਾ ਵਿੱਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਦੇ ਕਰੀਬ 1700 ਖਿਡਾਰੀ ਭਾਗ ਲੈ ਰਹੇ ਹਨ। ਇੱਥੇ ਤੈਰਾਕੀ ਤੇ ਜਿਮਨਾਸਟਿਕ ਮੁਕਾਬਲਿਆਂ ’ਚ 14, 17 ਅਤੇ 19 ਸਾਲ ਦੇ ਲੜਕੇ ਤੇ ਲੜਕੀਆਂ ਭਾਗ ਲੈ ਰਹੇ ਹਨ।