ਇੰਟਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ
ਪੱਤਰ ਪ੍ਰੇਰਕ
ਫਗਵਾੜਾ, 7 ਅਕਤੂਬਰ
ਇੰਟਕ ਯੂਨੀਅਨ ਕਾਂਗਰਸ ਦੀ ਸੂਬਾ ਪੱਧਰੀ ਮੀਟਿੰਗ ਜੇਸੀਟੀ ਮਿੱਲ ਫਗਵਾੜਾ ਦੇ ਕਮਿਊਨਿਟੀ ਹਾਲ ਵਿੱਚ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਹਲਕਾ ਵਿਧਾਇਕ ਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਮਿੱਲ ਮਾਲਕਾਂ ਤੇ ਪ੍ਰਬੰਧਕਾਂ ਵੱਲੋਂ ਜੇਸੀਟੀ ਮਿੱਲ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਸਣੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸ੍ਰੀ ਸ਼ਰਮਾ ਨੇ ਮਿੱਲ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਮਜ਼ਦੂਰਾਂ ਦੀਆਂ ਮੰਗਾਂ ਸਮੇਂ ਸਿਰ ਮੰਨੀਆਂ ਜਾਣ ਨਹੀਂ ਤਾਂ ਤਿੱਖਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਜੇ ਮਾਲਕਾਂ ਨੇ ਜਲਦੀ ਹੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਨਾ ਦਿੱਤੇ ਤਾਂ ਪੰਜਾਬ ਭਰ ਦੀਆਂ ਇੰਟਕ ਯੂਨੀਅਨਾਂ ਦੇ ਵਰਕਰ ਤੇ ਅਧਿਕਾਰੀ ਮਿੱਲ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਇੰਟਕ ਕਾਂਗਰਸ ਪਾਰਟੀ ਦੀ ਮਜ਼ਬੂਤ ਇਕਾਈ ਹੈ। ਉਨ੍ਹਾਂ ਮਿੱਲ ਕਾਮਿਆਂ ਦੀਆਂ ਮੰਗਾਂ ਨੂੰ ਬਿਲਕੁਲ ਜਾਇਜ਼ ਦੱਸਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਹਨਤ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਧਰਮਿੰਦਰ, ਮੀਤ ਪ੍ਰਧਾਨ ਮੋਹਿਤ ਸ਼ਰਮਾ ਤੇ ਵਿਨੋਦ ਪਾਂਡੇ, ਸਕੱਤਰ ਸੁਜੀਤ ਕੁਮਾਰ ਤੋਂ ਇਲਾਵਾ ਹਨੀ, ਰਾਮ ਕ੍ਰਿਸ਼ਨ, ਰਮਨ, ਸੀਤਾ ਕੁਮਾਰੀ, ਸੁਨੀਤਾ ਰਾਣੀ, ਸੁਦੇਸ਼, ਕੇਵਲ ਸਿੰਘ, ਰਾਜੇਸ਼, ਸੁਨੀਲ, ਚੰਦਰ ਮੋਹਨ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।