ਭਾਕਿਯੂ ਡਕੌਂਦਾ ਬੁਰਜਗਿੱਲ ਦੀ ਸੂਬਾ ਪੱਧਰੀ ਮੀਟਿੰਗ
ਪਰਸ਼ੋਤਮ ਬੱਲੀ
ਬਰਨਾਲਾ,12 ਅਗਸਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਇੱਥੇ ਤਰਕਸ਼ੀਲ ਭਵਨ ਵਿੱਚ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੀ ਸੂਬਾਈ ਚੋਣ ਤੇ ਸੰਘਰਸ਼ੀ ਵਿਉਂਤਬੰਦੀ ਸਬੰਧੀ ਚਰਚਾ ਕੀਤੀ ਗਈ।
ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਮਹਿਲਕਲਾਂ ਦੀ 27ਵੀਂ ਬਰਸੀ ਮੌਕੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਨ ਉਪਰੰਤ ਮੀਟਿੰਗ ਆਰੰਭ ਕੀਤੀ ਗਈ। ਸ੍ਰੀ ਬੁਰਜਗਿੱਲ ਨੇ ਕਿਹਾ ਕਿ ਲੰਘੇ ਕਰੀਬ ਡੇਢ ਸਾਲ ਤੋਂ ਪਿੰਡ, ਬਲਾਕ ਤੇ ਜ਼ਿਲ੍ਹਾ ਕਮੇਟੀਆਂ ਦੀਆਂ ਚੋਣਾਂ ਮੁਕੰਮਲ ਹੋਣ ਪਿੱਛੋਂ ਹੁਣ ਨਵੀਂ ਸੂਬਾ ਕਮੇਟੀ ਦੀ ਚੋਣ ਸਬੰਧੀ ਰੂਪ ਰੇਖਾ ਉਲੀਕੀ ਗਈ ਹੈ।
ਮੀਟਿੰਗ ਵਿੱਚ ਸਰਬਸੰਮਤੀ ਨਾਲ 20-21 ਅਗਸਤ ਨੂੰ ਮਾਨਸਾ ਦੇ ਆਸ਼ਾ ਬੈਂਕੁਇਟ ਹਾਲ ਵਿੱਚ ਦੋ ਰੋਜ਼ਾ ਸੂਬਾ ਚੋਣ ਇਜਲਾਸ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ 17 ਅਗਸਤ ਨੂੰ ਪਾਣੀਆਂ ਦੇ ਮਸਲੇ ਸਬੰਧੀ ‘ਆਪ’ ਸਰਕਾਰ ਦੇ ਮੰਤਰੀਆਂ ਨੂੰ ਮੰਗ ਪੱਤਰ, ਮੁਜ਼ਾਹਰਿਆਂ ਵਿੱਚ ਜਥੇਬੰਦੀ ਵੱਲੋਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਸੂਬਾ ਖਜ਼ਾਨਚੀ ਰਾਮ ਸਿੰਘ ਮਟੋਰਡਾ, ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ, ਬਰਨਾਲਾ ਜ਼ਿਲ੍ਹੇ ਤੋਂ ਦਰਸ਼ਨ ਸਿੰਘ ਉੱਗੋਕੇ,ਦਰਸ਼ਨ ਸਿੰਘ ਮਹਿਤਾ, ਮੇਲਾ ਸਿੰਘ ਖੁੱਡੀ ਕਲਾਂ, ਬਠਿੰਡਾ ਤੋਂ ਬਲਦੇਵ ਸਿੰਘ ਭਾਈ ਰੂਪਾ ਹਾਜ਼ਰ ਸਨ।