ਉਦਾਸੀਨ ਮਹੰਤਾਂ ਤੇ ਸੰਤਾਂ ਦਾ ਸੂਬਾ ਪੱਧਰੀ ਇਕੱਠ
ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੂਨ
ਉਦਾਸੀਨ ਆਸ਼ਰਮ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਵਿੱਚ ਪੰਜਾਬ ਦੇ ਸਮੂਹ ਉਦਾਸੀਨ ਮਹੰਤਾਂ ਤੇ ਸੰਤਾਂ ਦਾ ਇਕੱਠ ਕੀਤਾ ਗਿਆ| ਇਸ ਸਭਾ ਵਿਚ ਪੰਜਾਬ ਵਿਚ ਉਦਾਸੀਨ ਡੇਰਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਬਾ ਸ੍ਰੀ ਚੰਦਰ ਦੇ ਜੀਵਨ ਪ੍ਰਚਾਰ ਅਤੇ ਉਸ ਦੀ ਬਾਣੀ ਦੇ ਪ੍ਰਚਾਰ ਪਸਾਰ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਸਮੂਹ ਪੰਜਾਬ ਦੇ ਉਦਾਸੀਨ ਡੇਰਿਆਂ ਦੇ ਮਹੰਤਾਂ ਤੇ ਸੰਤਾਂ ਵੱਲੋਂ ਇਕ ਸੰਸਥਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ| ਇਸ ਲਈ ਮਹੰਤ ਪਰਮਾਨੰਦ ਜੰਡਿਆਲਾ ਗੁਰੂ ਕਾ, ਮਹੰਤ ਅਮਰਦਾਸ ਪਿੰਡ ਕੋਟਫੱਤਾ, ਮਹੰਤ ਗਿਆਨ ਸਰੂਪ ਪਿੰਡ ਗੁਰੂਸਰ ਦੀ ਸਰਪ੍ਰਸਤੀ ਅਧੀਨ ਉਦਾਸੀਨ ਮਹਾਂ ਮੰਡਲ ਪੰਜਾਬ ਦੀ ਸਥਾਪਨਾ ਕੀਤੀ ਗਈ। ਸਮੂਹ ਇਕੱਠ ਦੀ ਸਰਬਸੰਮਤੀ ਨਾਲ 15 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ ਤੇ ਮਹੰਤ ਅੰਮ੍ਰਿਤ ਮੁਨੀ ਬਾਬਾ ਭਾਈ ਗੁਰਦਾਸ ਮਾਨਸਾ ਨੂੰ ਇਸ ਸੰਸਥਾ ਦਾ ਪੰਜਾਬ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ।
ਇਸ ਸਮੇਂ ਇਕੱਤਰ ਹੋਏ ਉਦਾਸੀਨ ਮਹੰਤਾਂ ਅਤੇ ਸੰਤਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਉਦਾਸੀਨ ਡੇਰਿਆਂ ਨੂੰ ਸੰਗਠਿਤ ਇਸ ਲਈ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਕੋਈ ਪਹਿਲਾਂ ਅਜਿਹਾ ਸੰਗਠਨ ਨਹੀਂ, ਜੋ ਉਦਾਸੀਨ ਡੇਰਿਆਂ ਨੂੰ ਸਮੱਸਿਆਵਾਂ ਉਪਰੰਤ ਪੰਜਾਬ ਭਰ ਦੇ ਉਦਾਸੀਨ ਡੇਰਿਆਂ ਅਤੇ ਉਨ੍ਹਾਂ ਦੇ ਮਹੰਤਾਂ ਦੇ ਹਿਤਾਂ ਦੀ ਰਾਖੀ ਕਰ ਸਕੇ| ਇਸ ਲਈ ਪੰਜਾਬ ਭਰ ਦੇ ਉਦਾਸੀਨ ਡੇਰਿਆਂ ਅਤੇ ਮਹੰਤਾਂ ਨੂੰ ਇੱਕਮੁੱਠ ਕਰਨ ਲਈ ਇਹ ਸੰਗਠਨ ਬਣਾਇਆ ਗਿਆ ਹੈ। ਇਸ ਸੰਗਠਨ ਦਾ ਸੂਬਾ ਪੱਧਰੀ ਦਫ਼ਤਰ ਮਾਨਸਾ ਵਿੱਚ ਹੋਵੇਗਾ| ਇਸ ਸਮੇਂ ਇਸ ਸੰਗਠਨ ਨੂੰ ਕਾਨੂੰਨੀਜਾਮਾ ਪਹਿਨਾਉਣ ਲਈ ਆਪਣੇ ਕਾਨੂੰਨੀ ਸਲਾਹਕਾਰ ਦੇ ਤੌਰ ‘ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੂੰ ਨਿਯੁਕਤ ਕੀਤਾ ਗਿਆ|