ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸੂਬਾ ਪੱਧਰੀ ਸਮਾਗਮ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੁਲਾਈ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਇੰਡੋ ਕੈਨੇਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਦੇ ਉਚੇਚੇ ਸਹਿਯੋਗ ਸਦਕਾ ਅੱਜ ਭਾਸ਼ਾ ਵਿਭਾਗ, ਪਟਿਆਲਾ ਵਿੱਚ ਸੂਬਾ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਐ.) ਡਾ. ਅਰਚਨਾ ਮਹਾਜਨ, ਗੀਤਕਾਰ ਅਤੇ ਗਾਇਕ ਬਿੱਟੂ ਖੰਨੇ ਵਾਲਾ, ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਅਤੇ ਹਰਪਾਲ ਕੌਰ ਸ਼ਾਮਲ ਸਨ।
ਡਾ. ਆਸ਼ਟ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ। ਡਾ. ਰਾਜਵੰਤ ਕੌਰ, ਹਰਪਾਲ ਕੌਰ ਨੇ ਸਭਾ ਦੇ ਯਤਨ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਸਭਾ ਵੱਲੋਂ ਸਾਲ 2023 ਦੇ ਨਤੀਜਿਆਂ ਦੌਰਾਨ ਵੱਖ ਵੱਖ ਸਕੂਲਾਂ ਦੇ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਪ੍ਰੀਖਿਆਵਾਂ ਵਿੱਚੋਂ ਮੋਹਰੀ ਰਹਿਣ ਦੇ ਨਾਲ ਨਾਲ ਪੰਜਾਬੀ ਵਿਸ਼ੇ ਵਿੱਚੋਂ ਵੀ ਸੌ ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਵਿਚ ਰਮਨਜੀਤ ਕੌਰ, ਸੰਦੀਪ ਕੌਰ, ਸੁਰੱਈਆ, ਰਸ਼ਨਦੀਪ ਸਿੰਘ, ਕ੍ਰਿਸ਼ਨ ਕੁਮਾਰ, ਕਮਲਦੀਪ ਸਿੰਘ, ਸੰਜਨਾ, ਅੰਜਲੀ ਦੇਵੀ, ਜਪਨੀਤ ਸਿੰਘ, ਰਾਜਦੀਪ ਕੌਰ, ਸੋਨੀਆ ਰਾਣੀ, ਗੁਲਸ਼ਨਪ੍ਰੀਤ ਕੌਰ, ਦ੍ਰਿਸ਼ਟੀ, ਮੁਸਕਾਨ, ਸੁਮਨਪ੍ਰੀਤ ਕੌਰ, ਦੀਪਕ ਸ਼ਰਮਾ ਅਤੇ ਹਰਭਾਗ ਸ਼ਰਮਾ ਸ਼ਾਮਲ ਹਨ। ਜੇਤੂ ਵਿਦਿਆਰਥੀਆਂ ਨਾਲ ਆਏ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵੀ ਸ੍ਰੀ ਮਾਧੋਪੁਰੀ ਵੱਲੋਂ ਭੇਜੇ ਪੁਰਸਕਾਰ ਪ੍ਰਦਾਨ ਕੀਤੇ ਗਏ। ਬਲਬੀਰ ਸਿੰਘ ਮੁਕੇਰੀਆਂ ਅਤੇ ਅੰਮ੍ਰਿਤਪਾਲ ਸਿੰਘ ਮੰਘਾਣੀਆਂ ਨੇ ਵੀ ਵਿਚਾਰ ਸਾਂਝੇ ਕੀਤੇ।