ਸੰਗਰੂਰ ਪੁਲੀਸ ਵੱਲੋਂ ਸੂਬਾ ਪੱਧਰੀ ਅਥਲੈਟਿਕ ਮੀਟ
ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜੁਲਾਈ
ਪੰਜਾਬ ਸਰਕਾਰ ਦੀ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਸੰਗਰੂਰ ਵੱਲੋਂ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿੱਚ ਸੂਬਾ ਪੱਧਰੀ ਚੌਥੀ ਅਥਲੈਟਿਕਸ ਮੀਟ ਕਰਵਾਈ ਗਈ। ਇਸ ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 600 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਅਥਲੈਟਿਕਸ ਮੀਟ ਦਾ ਰਸਮੀ ਉਦਘਾਟਨ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਵਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਸੀ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਹਜ਼ਾਰਾਂ ਰੁਪਏ ਦੇ ਨਕਦ ਇਨਾਮ, ਤਗਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅਥਲੈਟਿਕਸ ਮੀਟ ਦੌਰਾਨ ਅੰਡਰ-17 ਸਾਲ ਲੜਕਿਆਂ ਦੀ 100 ਮੀਟਰ ਦੌੜ ਵਿਚ ਪਹਿਲਾ ਸਥਾਨ ਜਤਿੰਦਰ ਸਿੰਘ ਵਾਸੀ ਸੰਗਰੂਰ, ਦੂਜਾ ਗੁਰਸਹਿਜ ਸਿੰਘ ਵਾਸੀ ਸੰਗਰੂਰ, ਤੀਜਾ ਜੈਦਰਥ ਵਾਸੀ ਸ਼ਹੀਦ ਭਗਤ ਸਿੰਘ ਨਗਰ, ਜਦੋਂਕਿ ਲੜਕੀਆਂ ’ਚੋ ਮਨਮੀਤ ਕੌਰ ਪਟਿਆਲਾ ਨੇ ਪਹਿਲਾ, ਕਸ਼ਿਸ਼ ਵਾਸੀ ਸੰਗਰੂਰ ਨੇ ਦੂਜਾ ਅਤੇ ਜਸਮੀਨ ਕੌਰ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿਚ ਜਸ਼ਨਪ੍ਰੀਤ ਕੌਰ ਵਾਸੀ ਤਰਨ ਤਾਰਨ ਨੇ ਪਹਿਲਾ, 400 ਮੀਟਰ ਵਿਚ ਹਰਮਨਦੀਪ ਸਿੰਘ ਵਾਸੀ ਮੁਕਤਸਰ ਸਾਹਿਬ ਨੇ ਪਹਿਲਾ, 800 ਮੀਟਰ ਦੌੜ ਵਿਚ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ’ਚ ਲੜਕੀਆਂ ਦੀ 400 ਮੀਟਰ ਦੌੜ ’ਚ ਤਸਰੀਮ ਕੌਰ ਬਰਨਾਲਾ ਅਤੇ 800 ਮੀਟਰ ਦੌੜ ਵਿਚ ਮੇਹਰਦੀਪ ਕੌਰ ਵਾਸੀ ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ 19 ’ਚ 100 ਮੀਟਰ ਦੌੜ ’ਚੋਂ ਜਸਜੀਤ ਸਿੰਘ ਵਾਸੀ ਪਟਿਆਲਾ ਨੇ ਪਹਿਲਾ, 200 ਮੀਟਰ ਦੌੜ ’ਚ ਨਿਸ਼ਾਂਤ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੇ ਪਹਿਲਾ, 400 ਮੀਟਰ ਦੌੜ ਵਿਚ ਹਰਜੋਤ ਸਿੰਘ ਵਾਸੀ ਹੁਸ਼ਿਆਰਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੰਮੀ ਛਾਲ, ਉੱਚੀ ਛਾਲ, ਰਿਲੇਅ ਦੌੜ ਆਦਿ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਡੀਸੀ ਜਤਿੰਦਰ ਜ਼ੋਰਵਾਲ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਦੀ ਕਾਬਲੀਅਤ ਨੂੰ ਵਿਖਾਉਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦੇ ਹਨ।