ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਤੋਂ ਖੁੰਝਣ ਵਾਲੀਆਂ ਸੂਬਾ ਐਸੀਸੀਏਸ਼ਨਾਂ ਨੂੰ ਦੁਵੱਲੀਆਂ ਘਰੇਲੂ ਲੜੀਆਂ ਵਿੱਚ ਮਿਲੇਗਾ ਮੌਕਾ: ਬੀਸੀਸੀਆਈ
ਨਵੀਂ ਦਿੱਲੀ, 2 ਜੁਲਾਈ
ਭਾਰਤ ਵਿੱਚ ਇਸ ਸਾਲ ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਮੈਚਾਂ ਦੀ ਮੇਜ਼ਬਾਨੀ ਕਰਨ ਤੋਂ ਖੁੰਝਣ ਵਾਲੇ ਸਥਾਨਾਂ ਨੂੰ ਵੀ ਅਗਾਮੀ ਘਰੇਲੂ ਸੀਜ਼ਨ ਦੌਰਾਨ 50 ਓਵਰਾਂ ਦੇ ਮੈਚਾਂ ਦੀ ਮੇਜ਼ਬਾਨੀ ਮਿਲੇਗੀ, ਭਾਵੇਂ ਉਨ੍ਹਾਂ ਦੀ ਵਾਰੀ ਕੋਈ ਵੀ ਹੋਵੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਸੁਝਾਅ ਦਿੱਤਾ ਹੈ ਕਿ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸਥਾਨਾਂ ਨੂੰ ਘਰੇਲੂ ਸੀਜ਼ਨ ਦੌਰਾਨ ਇੱਕ ਦਿਨਾ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕਰਨ ਲਈ ਆਪਣੀ ਵਾਰੀ ਛੱਡ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਰਾਜ ਸੰਘਾਂ ਨੂੰ ਭਰਪਾਈ ਕੀਤੀ ਜਾ ਸਕੇ ਜੋ ਵੱਕਾਰੀ ਆਈਸੀਸੀ ਦੀ ਮੇਜ਼ਬਾਨੀ ਕਰਨ ਤੋਂ ਖੁੰਝ ਗਏ ਹਨ।
ਸੂਬਾ ਐਸੋਸੀਏਸ਼ਨਾਂ ਨੂੰ ਲਿਖੇ ਇੱਕ ਪੱਤਰ ਵਿੱਚ ਸ਼ਾਹ ਨੇ ਦੱਸਿਆ ਹੈ ਕਿ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਸਥਾਨਾਂ ਜਿਨ੍ਹਾਂ ਵਿੱਚ ਦਿੱਲੀ, ਧਰਮਸ਼ਾਲਾ, ਚੇਨੱਈ, ਕੋਲਕਾਤਾ, ਮੁੰਬਈ, ਪੁਣੇ, ਹੈਦਰਾਬਾਦ, ਅਹਿਮਦਾਬਾਦ, ਬੰਗਲੂਰੂ ਅਤੇ ਲਖਨਊ ਸ਼ਾਮਲ ਹਨ, ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ ਹੈ।