ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਸ਼ੁਰੂ; ਪ੍ਰਸ਼ਾਸ਼ਨ ਬੇਵੱਸ
ਗੁਰਬਖਸ਼ਪੁਰੀ
ਤਰਨ ਤਾਰਨ, 1 ਅਕਤੂਬਰ
ਪ੍ਰਸ਼ਾਸਨ ਵਲੋਂ ਝੋਨੇ ਦੇ ਮੁੱਢਾਂ ਆਦਿ ਨੂੰ ਖੇਤਾਂ ਵਿੱਚ ਅੱਗ ਲਗਾਉਣ ਤੋਂ ਰੋਕਣ ਲਈ ਕੀਤੀਆਂ ਅਪੀਲਾਂ ਅਤੇ ਕਾਰਵਾਈ ਦੀ ਚਿਤਾਵਨੀ ਨੂੰ ਪੂਰੀ ਤਰ੍ਹਾਂ ਨਾਲ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ| ਅੱਜ ਇਲਾਕੇ ਦੇ ਪਿੰਡ ਸ਼ੇਰੋਂ ਦੇ ਆਸ ਪਾਸ ਦੇ ਕਿਸਾਨਾਂ ਨੇ ਖੁੱਲ੍ਹੇ ਦਿਲ ਨਾਲ ਪ੍ਰਸ਼ਾਸ਼ਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ। ਸ਼ੇਰੋਂ ਤੋਂ ਬਨਵਾਲੀਪੁਰ ਪਿੰਡ ਨੂੰ ਜਾਂਦਿਆਂ ਰਾਹ ’ਤੇ ਕਿਸਾਨਾਂ ਨੇ ਦੂਰ ਤੱਕ ਝੋਨੇ ਦੇ ਵੱਢਾਂ ਨੂੰ ਅੱਗ ਲਗਾਈ ਹੋਈ ਸੀ, ਇੰਨਾ ਹੀ ਨਹੀਂ ਸ਼ੇਰੋਂ ਦੇ ਗੁਰਦੁਆਰਾ ਬਾਬਾ ਸਿਧਾਣਾ ਦੇ ਐਨ ਸਾਹਮਣੇ ਅਤੇ ਤਰਨ ਤਾਰਨ ਸ਼ਹਿਰ ਦੇ ਐਮ ਪੀ ਸਕੂਲ ਦੇ ਪਿੱਛੇ ਵੀ ਦੂਰ ਤਕ ਦੇ ਖੇਤਾਂ ਨੂੰ ਅੱਗ ਲਗਾਈ ਦੇਖੀ ਗਈ| ਗੁਰਦੁਆਰਾ ਬਾਬਾ ਸਿਧਾਣਾ ਦੇ ਸਾਹਮਣੇ ਲਗਾਈ ਅੱਗ ਕੌਮੀ ਸ਼ਾਹ ਮਾਰਗ ’ਤੇ ਆਉਣ-ਜਾਣ ਵਾਲਿਆਂ ਲਈ ਹਾਦਸਿਆਂ ਦਾ ਵੀ ਕਾਰਨ ਬਣਦੀ ਰਹੀ| ਸ਼ੇਰੋਂ ਤੋਂ ਬਨਵਾਲੀਪੁਰ ਨੂੰ ਜਾਂਦਿਆਂ ਅੱਗ ਲਗਾਉਣ ਵਾਲੇ ਕਿਸਾਨਾਂ ਨੇ ਕਿਹਾ ਕਿ ਬਾਰਸ਼ਾਂ ਕਰਕੇ 1509 ਕਿਸਮ ਦੇ ਝੋਨੇ ਦੀ ਵਾਢੀ ਦੇ ਲੇਟ ਹੋ ਜਾਣ ਕਰਕੇ ਮਟਰਾਂ ਦੀ ਬਿਜਾਈ ਸਮੇਂ ਸਿਰ ਕਰਨ ਲਈ ਅੱਗ ਲਗਾਉਣਾ ਉਨ੍ਹਾਂ ਦੀ ਮਜਬੂਰੀ ਹੈ| ਅੱਗ ਲੱਗਣ ਦੀਆਂ ਇਹ ਵਾਰਦਾਤਾਂ ਖਡੂਰ ਸਾਹਿਬ ਤਹਿਸੀਲ ਅੰਦਰ ਵਧੇਰੇ ਕਰਕੇ ਦੇਖਣ ਨੂੰ ਮਿਲਦੀਆਂ ਹਨ ਜਿਸ ਤੋਂ ਪ੍ਰਸ਼ਾਸ਼ਨ ਵੀ ਭਲੀਭਾਂਤ ਜਾਣੂੰ ਹੈ। ਖੇਤੀਬਾੜੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋ ਦਨਿ ਪਹਿਲਾਂ ਹੀ ਚਾਰ ਕਿਸਾਨਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ|